ਸ਼ੱਕੀ ਹਾਲਾਤਾਂ ਵਿੱਚ ਫਲ ਵੇਚਣ ਵਾਲੇ ਦੀ ਦੁਕਾਨ ਸੜ ਕੇ ਹੋਈ ਸਵਾਹ
ਸੀਸੀ ਟੀਵੀ ਵਿੱਚ ਦਿਖੇ ਪਿੰਡ ਦੇ ਇੱਕ ਵਿਅਕਤੀ ਤੇ ਅੱਗ ਲਾਉਣ ਦਾ ਸ਼ੱਕ
ਰੋਹਿਤ ਗੁਪਤਾ , ਗੁਰਦਾਸਪੁਰ - ਜਿਲਾ ਗੁਰਦਾਸਪੁਰ ਦੇ ਦੇ ਪਿੰਡ ਤਲਵੰਡੀ ਰਾਮਾ ਜੋ ਬਟਾਲਾ ਪੁਲਿਸ ਦੀ ਚੌਂਕੀ ਮਾਲੇਵਾਲ ਦੇ ਅਧੀਨ ਆਉਂਦਾ ਹੈ ਦੇ ਅੱਡੇ ਤੇ ਇੱਕ ਫਲ ਵਿਕਰੇਤਾ ਦੀ ਦੁਕਾਨ ਸ਼ੱਕੀ ਹਾਲਾਤਾਂ ਵਿੱਚ ਸੜ ਕੇ ਸਵਾਹ ਹੋ ਗਈ। ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫਲ ਵਿਕਰੇਤਾ ਰਕੇਸ ਮਸੀਹ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਬੀਤੀ ਸ਼ਾਮ ਨੂੰ ਆਪਣੇ ਦੁਕਾਨ ਬੰਦ ਕਰਕੇ ਘਰ ਨੂੰ ਚਲਾ ਗਿਆ ਤੇ ਜਦ ਅੱਜ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੇ ਬਾਹਰ ਖੋਖੇ ਵਿੱਚ ਪਈਆਂ ਟੇਬਲ ਕੁਰਸੀਆਂ, ਕਰੇਟ ਅਤੇ ਟੀਨਾਂ ਸੜ ਕੇ ਸਵਾਹ ਹੋ ਚੁੱਕੀਆਂ ਸਨ ਤੇ ਜਦ ਦੁਕਾਨ ਖੋਲ ਕੇ ਦੇਖੀ ਤਾਂ ਦੁਕਾਨ ਅੰਦਰ ਪਿਆ ਬੈਟਰਾ ,ਇਨਵਰਟਰ ,ਜੂਸਰ, ਮਸ਼ੀਨਾ ਕੈਂਡੀ ਅਤੇ ਪੱਖੇ ਵੀ ਸੜਕੇ ਸਵਾਹ ਹੋਏ ਪਏ ਸਨ। ਦੁਕਾਨਦਾਰ ਦੇ ਕਹਿਣ ਮੁਤਾਬਕ ਉਹਨਾਂ ਦਾ ਕਰੀਬ ਇਕ ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਹੋਇਆ ਹੈ।
ਉਸਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਚੌਂਕੀ ਮਾਲੇ ਵੱਲ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ।ਦੁਕਾਨਦਾਰ ਨੇ ਆਪਣੇ ਹੀ ਪਿੰਡ ਦੇ ਇੱਕ ਵਿਅਕਤੀ ਉੱਪਰ ਅੱਗ ਲਾਉਣ ਦਾ ਸ਼ੱਕ ਜਤਾਉਂਦੇ ਹੋਏ ਕਿਹਾ ਕਿ ਜਿਸ ਸਮੇਂ ਦੁਕਾਨ ਨੂੰ ਅੱਗ ਲੱਗੀ ਸੀ ਉਸ ਸਮੇਂ ਪਿੰਡ ਦਾ ਹੀ ਇੱਕ ਸੱਕੀ ਵਿਅਕਤੀ ਹੱਥ ਵਿੱਚ ਮੋਮੀ ਲਿਫਾਫਾ ਫੜੀ ਘੁੰਮ ਰਿਹਾ ਸੀ ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਉਸਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਬਣਦਾ ਇਨਸਾਫ ਦਿੱਤਾ ਜਾਵੇ ।
ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਚੌਂਕੀ ਮਾਲੇਵਾਲ ਦੇ ਜਾਂਚ ਅਧਿਕਾਰੀ ਏਐਸਆਈ ਮੋਹਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਸਾਨੂੰ ਫਲ ਵਿਕਰੇਤਾ ਰਕੇਸ ਮਸੀਹ ਵੱਲੋਂ ਇੱਕ ਦਰਖਾਸਤ ਪ੍ਰਾਪਤ ਹੋਈ ਸੀ ਤੇ ਸਾਡੇ ਵੱਲੋਂ ਮੌਕਾ ਵੇਖਿਆ ਗਿਆ ਹੈ ਜਿਸ ਵਿੱਚ ਉਸ ਦਾ ਕਾਫੀ ਮਾਲੀ ਨੁਕਸਾਨ ਹੋਇਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।