ਜੈਤੋ ਦੀ ਸਮੱਸਿਆ ! ਸੜਕਾਂ ਅਤੇ ਰਸਤਿਆਂ ਉੱਪਰ ਨਜਾਇਜ਼ ਕਬਜਿਆਂ ਦੀ ਭਰਮਾਰ, ਰਾਹਗੀਰ ਪ੍ਰੇਸ਼ਾਨ
- ਜੈਤੋ ਚ ਨਜਾਇਜ਼ ਕਬਜ਼ੇ ਜਨਜੀਵਨ ਲਈ ਵੱਡਾ ਅੜਿਕਾ, ਜ਼ਿਲ੍ਹਾ ਪ੍ਰਸ਼ਾਸਨ ਦੇਵੇ ਧਿਆਨ
ਮਨਜੀਤ ਸਿੰਘ ਢੱਲਾ
ਜੈਤੋ,28 ਅਪ੍ਰੈਲ 2025 - ਹਰ ਗਲੀ ਮੁਹੱਲੇ ਤੋਂ ਲੈ ਕੇ ਪ੍ਰਮੁੱਖ ਮਾਰਗਾਂ ਉੱਪਰ ਲੋਕਾਂ ਨੇ ਕਬਜੇ ਕਰ ਰੱਖੇ ਹਨ, ਜਿਸ ਕਾਰਨ ਆਵਾਜਾਈ ਵਿੱਚ ਵੱਡਾ ਵਿਘਨ ਪੈ ਰਿਹਾ ਹੈ। ਹੋਰ ਤਾਂ ਹੋਰ ਕੁਝ ਨਾਲ ਲੱਗਦੇ ਪਿੰਡਾਂ ਤੇ ਸ਼ਹਿਰਾਂ ਵਿਚ ਸੜਕਾਂ ਅਤੇ ਰਸਤਿਆਂ ਉੱਪਰ ਧਾਰਮਿਕ ਸਥਾਨ ਬਣਾ ਕੇ ਵੀ ਕਬਜ਼ੇ ਕੀਤੇ ਹੋਏ ਹਨ। ਅਜਿਹੇ ਕਬਜ਼ਿਆਂ ਨੂੰ ਹਟਾਉਣਾ ਸਰਕਾਰ ਅਤੇ ਪ੍ਰਸ਼ਾਸਨ ਲਈ ਇਹ ਸੌਖਾ ਕੰਮ ਨਹੀਂ ਹੈ। ਕਿਸੇ ਵੀ ਥਾਂ ਜਦੋਂ ਕਿਸੇ ਅਜਿਹੇ ਕਿਸੇ ਨਜਾਇਜ਼ ਧਾਰਮਿਕ ਸਥਾਨ ਨੂੰ ਹਟਾਉਣ ਲਈ ਕਾਰਵਾਈ ਸ਼ੁਰੂ ਹੁੰਦੀ ਹੈ ਤਾਂ ਧਰਮ ਦੇ ਨਾਮ ਉੱਪਰ ਹੋ ਹੱਲਾ ਸ਼ੁਰੂ ਹੋ ਜਾਂਦਾ ਹੈ।
ਅਮਨ ਕਾਨੂੰਨ ਨੂੰ ਗੰਭੀਰ ਸਮੱਸਿਆ ਪੈਦਾ ਹੋਣ ਕਾਰਨ ਕੋਈ ਵੀ ਸਰਕਾਰ ਜਾਂ ਅਧਿਕਾਰੀ ਅਜਿਹੇ ਕਬਜ਼ਿਆਂ ਨੂੰ ਹਟਾਉਣ ਲਈ ਅੱਗੇ ਨਹੀਂ ਆਉਂਦੇ। ਕੋਈ ਵੀ ਸੂਬਾ ਅਜਿਹੇ ਗੈਰ ਕਾਨੂੰਨੀ ਢਾਂਚੇ ਨੂੰ ਹਟਾਉਣ ਲਈ ਕੁਝ ਨਹੀਂ ਕਰ ਰਿਹਾ। ਸਥਾਨਕ ਸ਼ਹਿਰ ਵਿਚ ਸੜਕਾਂ ਤੇ ਨਜ਼ਾਇਜ਼ ਕਬਜ਼ੇ ਆਮ ਦੇਖਣ ਨੂੰ ਮਿਲਣਗੇ, ਕਿਸੇ ਦੁਕਾਨਦਾਰਾਂ ਦਾ ਸਮਾਨ ਸੜਕਾਂ ਉੱਪਰ ਪਿਆ ਹੈ, ਕਿਸੇ ਮਕਾਨ ਮਾਲਕ ਨੇ ਗਲੀਆਂ ਵਿਚ ਸੱਤ ਅੱਠ ਫੁੱਟ ਸਰਕਾਰੀ ਜਗ੍ਹਾ ਤੇ ਪੱਕੀ ਉਸਾਰੀ ਕਰਕੇ ਨਜ਼ਾਇਜ਼ ਕਬਜ਼ੇ ਅਤੇ ਗਰਿੱਲਾ ਲੱਗੀਆਂ ਹੋਈਆਂ ਹਨ, ਘਰਾਂ ਦੇ ਬਾਹਰ ਸੜਕਾਂ ਉੱਪਰ ਰੈਂਪ ਪੰਜ ਸੱਤ ਫੁੱਟ ਅੱਗੇ ਵਧਾਉਣ ਕਾਰਨ ਸੜਕਾਂ ਭੀੜੀਆਂ ਹੋ ਜਾਂਦੀਆਂ ਅਤੇ ਰਾਹਗੀਰਾਂ ਤੋਂ ਇਲਾਵਾ ਟ੍ਰੈਫਿਕ ਵਿਚ ਵੀ ਸਮੱਸਿਆ ਆਉਂਦੀ ਹੈ।
ਆਖਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਜੈਤੋ ਨਜ਼ਾਇਜ਼ ਕਬਜ਼ੇ ਹਟਾਉਣ ਤੋਂ ਅਸਮਰਥ ਦਿਖਾਈ ਦੇ ਰਿਹਾ ਹੈ, ਨਗਰ ਕੌਂਸਲ ਜੈਤੋ ਦੋ ਮਹੀਨੇ ਪਹਿਲਾਂ ਅਨਾਊਂਸਮੈਂਟ ਕਰਵਾਕੇ ਸਰਕਾਰੀ ਪੈਸੇ ਦੀ ਬਰਬਾਦੀ ਕਰ ਲੈਂਦੀ ਹੈ ਤੇ ਸਿਰਫ ਖ਼ਾਨਾਪੂਰਤੀ ਕੀਤੀ ਜਾਂਦੀ ਹੈ, ਜੈਤੋ ਸ਼ਹਿਰ ਅੰਦਰ ਚਾਰ ਚੁਫੇਰੇ ਤੋਂ ਨਜ਼ਾਇਜ਼ ਕਬਜ਼ੇ ਦਿਖਾਈ ਦਿੰਦੇ ਹਨ ਅਤੇ ਕਈ ਰੇਹੜੀਆਂ ਵਾਲਿਆਂ ਨੇ ਤਾਂ ਸਰਕਾਰੀ ਸੜਕਾਂ ਤੇ ਅਸਥਾਈ ਰੂਪ ਵਿਚ ਪਿਛਲੇ ਪੰਜ ਦਸ ਸਾਲਾਂ ਤੋਂ ਪੱਕੇ ਕਬਜ਼ੇ ਕਰਕੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਦਿੱਤਾ ਹੈ, ਵੱਡੇ ਪੱਧਰ ਤੇ ਨਜ਼ਾਇਜ਼ ਕਬਜ਼ਿਆਂ ਕਾਰਨ ਟ੍ਰੈਫਿਕ ਦਾ ਜ਼ਾਮ ਲੱਗ ਜਾਂਦਾ ਹੈ ਅਤੇ ਲੋਕਾਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ, ਜ਼ਿਲ੍ਹਾ ਫ਼ਰੀਦਕੋਟ ਦੇ ਡਿਪਟੀ ਕਮਿਸ਼ਨਰ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਸਖ਼ਤ ਲੋੜ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਕਬਜ਼ਾ ਧਾਰਕ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਤੇ ਅਦਾਲਤੀ ਅਤੇ ਜ਼ਿਲ੍ਹਾ ਫ਼ਰੀਦਕੋਟ ਪ੍ਰਸ਼ਾਸਨ ਦੇ ਹੁਕਮ ਇਨ੍ਹਾਂ ਤੇ ਲਾਗੂ ਨਹੀਂ ਹੁੰਦੇ । ਸਰਕਾਰੀ ਸੜਕਾਂ ਅਤੇ ਰਸਤਿਆਂ ਤੋਂ ਨਜ਼ਾਇਜ਼ ਕਬਜ਼ੇ ਹਟਾਉਣੇ ਜ਼ਰੂਰੀ ਹਨ। ਅਜਿਹੇ ਨਜਾਇਜ਼ ਕਬਜ਼ੇ ਜਨਜੀਵਨ ਲਈ ਵੱਡਾ ਅੜਿਕਾ ਹਨ। ਲੋਕਾਂ ਦੀ ਮੰਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨਗਰ ਕੌਂਸਲ ਜੈਤੋ ਨੂੰ ਸਖ਼ਤ ਤੋਂ ਸਖ਼ਤ ਨਜ਼ਾਇਜ਼ ਕਬਜ਼ੇ ਹਟਾਉਣ ਲਈ ਹੁਕਮ ਲਾਗੂ ਕਰਨ...?
ਕੀ ਕਹਿਣਾ ਹੈ ਨਗਰ ਕੌਂਸਲ ਪ੍ਰਧਾਨ ਡਾ. ਹਰੀਸ਼ ਚੰਦਰ ਗੋਇਲ ਦਾ...?
ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਡਾਕਟਰ ਹਰੀਸ਼ ਚੰਦਰ ਗੋਇਲ ਨਾਲ ਨਜ਼ਾਇਜ਼ ਕਬਜ਼ਿਆਂ ਨੂੰ ਹਟਵਾਉਣ ਲਈ ਪੱਤਰਕਾਰ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਲਦੀ ਹੀ ਸ਼ਹਿਰ ਚੋਂ ਨਜ਼ਾਇਜ਼ ਕਬਜ਼ੇ ਹਟਵਾਉਣ ਲਈ ਮੁਹਿੰਮ ਵਿੱਢੀ ਜਾਵੇਗੀ, ਅੱਗੇ ਗਲਬਾਤ ਜਾਰੀ ਕਰਦਿਆਂ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਅਤੇ ਮਕਾਨ ਮਾਲਕਾਂ ਵੱਲੋਂ ਘਰਾਂ ਅਤੇ ਦੁਕਾਨਾਂ ਦੇ ਬਾਹਰ ਨਾਲੀਆਂ ਤੋਂ ਬਾਹਰ ਰੈਂਪ ਪੰਜ ਸੱਤ ਫੁੱਟ ਤੇ ਘਰਾਂ ਦੀਆਂ ਪੱਕੇ ਤੌਰ ਤੇ ਗਰਿੱਲਾ ਲਗਾਈਆਂ ਹੋਈਆਂ ਹਨ ਨਜ਼ਾਇਜ਼ ਕਬਜ਼ੇ ਤੇ ਪੱਕੀਆਂ ਉਸਾਰੀਆਂ ਨੂੰ ਜਲਦੀ ਹੀ ਨਗਰ ਕੌਂਸਲ ਵੱਲੋਂ ਢਾਇਆ ਜਾਵੇਗਾ । ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਨਜ਼ਾਇਜ਼ ਕਬਜ਼ੇ ਬਰਦਾਸ਼ਤ ਨਹੀਂ ਕੀਤੇ ਜਾਣਗੇ ਦੁਕਾਨਦਾਰਾਂ ਨੂੰ ਕਿਹਾ ਕਿ ਆਪਣਾ ਸਮਾਨ ਦੁਕਾਨਾਂ ਚ ਰੱਖਣ। ਮਕਾਨ ਮਾਲਕਾਂ ਨੂੰ ਵੀ ਕਿਹਾ ਕਿ ਨਜ਼ਾਇਜ਼ ਕਬਜ਼ੇ ਕਰਨ ਤੋਂ ਗੁਰੇਜ਼ ਕਰਨ ਤੇ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਨ।