ਆਸਟ੍ਰੇਲੀਆ ਦੇ ਪੌਦਾ ਰੋਗ ਵਿਗਿਆਨੀ ਪੀ.ਏ.ਯੂ. ਵਿਖੇ ਵਿਦਿਆਰਥੀਆਂ ਦੇ ਰੂ-ਬਰੂ ਹੋਏ
ਲੁਧਿਆਣਾ 7 ਅਪ੍ਰੈਲ, 2025 - ਪੱਛਮੀ ਆਸਟ੍ਰੇਲੀਆ ਦੇ ਸਿਡਨੀ ਯੂਨੀਵਰਸਿਟੀ ਵਿਖੇ ਐਡਜੰਕਟ ਪ੍ਰੋਫੈਸਰ ਡਾ. ਹਰਬੰਸ ਸਿੰਘ ਬਰਿਆਨਾ ਬੀਤੇ ਦਿਨੀਂ ਪੀ.ਏ.ਯੂ. ਦੇ ਪੌਦਾ ਰੋਗ ਵਿਗਿਆਨ ਵਿਭਾਗ ਵਿਚ ਐੱਮ ਐੱਸ ਸੀ ਅਤੇ ਪੀ ਐੱਚ ਡੀ ਵਿਦਿਆਰਥੀਆਂ ਨਾਲ ਵਿਸ਼ੇਸ਼ ਸੰਵਾਦ ਲਈ ਪੁੱਜੇ| ਇਸ ਦੌਰਾਨ ਉਹਨਾਂ ਨੇ ਕਣਕ ਵਿਚ ਉੱਲੀਆਂ ਦੀ ਰੋਕਥਾਮ-30 ਸਾਲ ਦਾ ਸਫਰ ਵਿਸ਼ੇ ਤੇ ਵਿਸ਼ੇਸ਼ ਭਾਸ਼ਣ ਦਿੱਤਾ| ਇਸ ਭਾਸ਼ਣ ਦੌਰਾਨ ਡਾ. ਬਰਿਆਨਾ ਨੇ ਕਣਕ ਦੀ ਫਸਲ ਵਿਚ ਉੱਲੀਆਂ ਦੇ ਪ੍ਰਤੀਰੋਧ ਬਾਰੇ ਆਪਣੇ ਕਾਰਜ ਉੱਪਰ ਚਾਨਣਾ ਪਾਇਆ| ਉਹਨਾਂ ਦੱਸਿਆ ਕਿ ਬੀਤੇ ਸਾਲਾਂ ਦੌਰਾਨ ਉਹਨਾਂ ਦੀ ਟੀਮ ਨੇ ਕਣਕ ਦੇ ਜਰਮਪਲਾਜ਼ਮ ਨੂੰ ਇਕ ਸਰੋਤ ਵਾਂਗ ਇਸ ਤਰ੍ਹਾਂ ਵਿਕਸਿਤ ਕੀਤਾ ਕਿ ਉਸ ਵਿਚ ਉੱਲੀ ਦਾ ਸਾਹਮਣਾ ਕਰਨ ਦੀ ਸਮਰਥਾ ਪੈਦਾ ਹੋ ਸਕੇ| ਉਹਨਾਂ ਦੀ ਖੋਜ ਕਣਕ ਦੀ ਫਸਲ ਵਿਚ ਉੱਲੀ ਦੇ ਪ੍ਰਤੀਰੋਧ ਬਾਰੇ ਜੀਨਾਂ ਦੀ ਤਲਾਸ਼ ਨਾਲ ਜੁੜੀ ਹੋਈ ਹੈ ਅਤੇ ਇਸ ਦੌਰਾਨ ਉਹਨਾਂ ਨੇ ਸੰਸਾਰ ਪੱਧਰ ਤੇ ਇਸ ਕਾਰਜ ਨੂੰ ਫੈਲਾਇਆ ਹੈ| ਇਹਨਾਂ ਜੀਨਾਂ ਨੂੰ ਬਾਅਦ ਵਿਚ ਡਾ. ਬਰਿਆਨਾ ਦੀ ਟੀਮ ਨੇ ਬੀਜੀਆਂ ਜਾਂਦੀਆਂ ਕਿਸਮਾਂ ਨਾਲ ਮਿਲਾਇਆ ਅਤੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ ਰਸਤਾ ਸਾਹਮਣੇ ਆਇਆ|
ਡਾ. ਬਰਿਆਨਾ ਨੇ ਹਾਜ਼ਰੀਨ ਨੂੰ ਵਿਸਥਾਰ ਨਾਲ ਆਪਣੇ ਕਾਰਜ ਦੀ ਪ੍ਰਕਿਰਿਆ ਅਤੇ ਤਰੀਕੇ ਬਾਰੇ ਸਮਝਾਇਆ| ਉਹਨਾਂ ਇਹ ਵੀ ਦੱਸਿਆ ਕਿ ਬਰੀਡਿੰਗ ਪ੍ਰੋਗਰਾਮ ਵਿਚ ਕਿਸ ਤਰ੍ਹਾਂ ਦੇ ਸੁਧਾਰ ਕਰਕੇ ਇਹ ਸਮਰਥਾ ਪੈਦਾ ਕੀਤੀ ਜਾ ਸਕਦੀ ਹੈ| ਨਾਲ ਹੀ ਉਹਨਾਂ ਨੇ ਸੰਸਾਰ ਪੱਧਰ ਤੇ ਸਹਿਯੋਗੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਦੇ ਹਵਾਲੇ ਨਾਲ ਪੀ.ਏ.ਯੂ. ਵੱਲੋਂ ਕੇਂਦਰੀ ਭੂਮਿਕਾ ਨਿਭਾਏ ਜਾਣ ਦੀ ਗੱਲ ਕੀਤੀ| ਉਹਨਾਂ ਨੇ ਡੀ ਐੱਨ ਏ ਮਾਰਕਰਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਜਿਸ ਤੋਂ ਕਣਕ ਦੀਆਂ ਕਿਸਮਾਂ ਵਿਚ ਵਿਕਾਸ ਕੀਤਾ ਜਾ ਸਕਦਾ ਹੈ| ਉਹਨਾਂ ਦੱਸਿਆ ਕਿ ਉਹਨਾਂ ਦੀ ਟੀਮ ਵੱਲੋਂ ਕਣਕ ਦੀ ਬਰੀਡਿੰਗ ਦੇ ਖੇਤਰ ਵਿਚ ਇਸ ਕਾਰਜ ਨੂੰ ਅੰਜ਼ਾਮ ਦੇ ਕੇ ਉੱਲੀ ਦਾ ਸਾਹਮਣਾ ਕਰਨ ਵਾਲੇ 20 ਜੀਨ ਖੋਜੇ ਗਏ ਹਨ ਅਤੇ ਇਸ ਕਾਰਜ ਨੂੰ ਉੱਚ ਪੱਧਰੀ ਰਸਾਲਿਆਂ ਜਿਵੇਂ ‘ਨੇਚਰ’ਨੇ ਪ੍ਰਮੁੱਖਤਾ ਨਾਲ ਛਾਪਿਆ ਹੈ|
ਇਸ ਸ਼ੈਸਨ ਨਾਲ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਨਾ ਸਿਰਫ ਦੁਰਲੱਭ ਜਾਣਕਾਰੀ ਲਈ ਬਲਕਿ ਉਹਨਾਂ ਬਹੁਤ ਸਾਰੇ ਸਵਾਲ ਵੀ ਡਾ. ਬਰਿਆਨਾ ਤੋਂ ਪੁੱਛੇ| ਇਹ ਸਮਾਗਮ ਡਾ. ਮਨਦੀਪ ਹੂੰਝਣ ਵੱਲੋਂ ਸਵਾਗਤ ਦੇ ਸ਼ਬਦਾਂ ਨਾਲ ਸ਼ੁਰੂ ਹੋਇਆ| ਪੌਦਾ ਰੋਗ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਭਜੋਧ ਸਿੰਘ ਸੰਧੂ ਨੇ ਇਸ ਮਹੱਤਵਪੂਰਨ ਭਾਸ਼ਣ ਲਈ ਡਾ. ਬਰਿਆਨਾ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਇਹ ਧਾਰਨਾਵਾਂ ਨਵੇਂ ਵਿਗਿਆਨੀਆਂ ਨੂੰ ਖੋਜ ਲਈ ਪ੍ਰੇਰਿਤ ਕਰਨਗੀਆਂ|