ਸਰਕਾਰੀ ਪੋਲੀਟੈਕਨਿਕ ਕਾਲਜ, ਬਠਿੰਡਾ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 7 ਅਪ੍ਰੈਲ 2025:ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਵੱਲੋਂ ਅਕਾਦਮਿਕ ਅਤੇ ਵਿਦਿਆਰਥੀ ਗਤੀਵਿਧੀਆਂ ਵਿੱਚ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡਣ ਲਈ ਪ੍ਰਧਾਨ ਵਿਦਿਆਰਥੀ ਗਤੀਵਿਧੀਆਂ ਦਰਸ਼ਨ ਸਿੰਘ ਢਿੱਲੋਂ, ਅਤੇ ਸਕੱਤਰ ਸ੍ਰੀਮਤੀ ਮੀਨਾ ਗਿੱਲ ਦੀ ਦੇਖ-ਰੇਖ ਹੇਠ ਸਮਾਗਮ ਕਰਵਾਇਆ ਗਿਆ ਜਿਸ ਵਿੱਚ
ਐਡੀਸ਼ਨਲ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਡਾ. ਦਰਸ਼ਨ ਸਿੰਘ ਸਿੱਧੂ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ । ਮੁੱਖ ਮਹਿਮਾਨ ਨੇ ਕਾਲਜ ਪ੍ਰਿੰਸੀਪਲ ਅਤੇ ਵਿਭਾਗਾਂ ਦੇ ਮੁਖੀਆਂ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾ ਰੋਸ਼ਨ ਕਰਕੇ ਕੀਤੀ I ਇਸ ਸਮਾਰੋਹ ਵਿੱਚ ਸਟੇਟ ਬੋਰਡ ਵਿਚ ਮੈਰਿਟ ਪੋਜੀਸ਼ਨਾਂ, ਕਲਾਸ ਪੋਜੀਸ਼ਨਾਂ ਅਤੇ ਵੱਖ-ਵੱਖ ਕਲੱਬ ਗਤੀਵਿਧੀਆਂ ਵਿਚ ਪੋਜੀਸ਼ਨਾਂ ਹਾਸਲ ਕਰਨ ਵਾਲੇ 136 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ I ਕਾਲਜ ਪ੍ਰਿੰਸੀਪਲ ਅਨੁਜਾ ਪੁਪਨੇਜਾ ਨੇ ਮੁੱਖ ਮਹਿਮਾਨ ਨੂੰ ਜੀ ਆਇਆ ਆਖਦਿਆਂ ਕਾਲਜ ਦੀਆਂ ਗਤੀਵਿਧੀਆਂ ਤੇ ਚਾਨਣਾਂ ਪਾਉਂਦਿਆਂ ਹੋਏ ਦੱਸਿਆ ਕਿ ਕਾਲਜ ਵੱਲੋਂ ਪੜ੍ਹਾਈ ਦੇ ਨਾਲ-ਨਾਲ ਵਿਦਿਆਥਰੀਆਂ ਦੇ ਹੁਨਰ ਨੂੰ ਨਿਖਾਰਨ ਲਈ ਲਗਤਾਰ ਯਤਨ ਕੀਤੇ ਜਾਂਦੇ ਹਨ।
ਉਹਨਾਂ ਇਹ ਵੀ ਦੱਸਿਆ ਕਿ ਕਾਲਜ ਵਿਚ ਕਲਚਰਲ ਕਲੱਬ, ਆਰਟ ਅਤੇ ਹੋਬੀ ਕਲੱਬ, ਲਿਟਰੇਰੀ ਕਲੱਬ, ਰਿਸ਼ਰਚ ਐਂਡ ਇਨੋਵੇਸ਼ਨ ਕਲੱਬ, ਪ੍ਰਸਨੈਲਟੀ ਡਿਵੈਲਪਮੈਂਟ ਕਲੱਬ, ਈ-ਕਲੱਬ, ਲੋਜੀਕਲ ਰਿਜ਼ਨਿੰਗ ਕਲੱਬ ਅਤੇ ਸਵੀਪ ਕਲੱਬ ਦਾ ਗਠਨ ਕੀਤਾ ਗਿਆ ਹੈ ਅਤੇ ਇਹਨਾਂ ਕਲੱਬਾਂ ਰਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਰ ਹਫਤੇ ਤਕਨੀਕੀ ਅਤੇ ਸੱਭਿਆਚਾਰ ਗਤੀਵਿਧੀਆਂ ਕਰਵਾਇਆ ਜਾਂਦੀਆਂ ਹਨ I ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਆਪਣੇ ਤਕਨੀਕੀ ਪ੍ਰੋਜੈਕਟ ਦਾ ਪ੍ਰਦਰਸ਼ਨ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ I ਮੁੱਖ ਮਹਿਮਾਨ ਵੱਲੋਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਬਾਕੀਆਂ ਨੂੰ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਆ। ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਰਾਮਦਾਇਕ ਜ਼ੋਨ ਵਿੱਚੋਂ ਬਾਹਰ ਨਿਕਲ ਕੇ ਆਪਣੇ ਚੰਗੇਰੇ ਭਵਿੱਖ ਲਈ ਹੋਰ ਮਿਹਨਤ ਕਰਨ। ਮੰਚ ਦਾ ਸੰਚਾਲਨ ਮੁਖੀ ਵਿਭਾਗ ਸਰਬਜੀਤ ਕੌਰ ਅਤੇ ਲੈਕਚਰਾਰ ਅਭਿਨਵ ਸੋਨੀ ਵੱਲੋਂ ਕੀਤਾ ਗਿਆ I ਇਸ ਮੌਕੇ ਸਮੂਹ ਵਿਭਾਗ ਮੁਖੀ, ਕਲੱਬ ਇੰਚਾਰਜ ਅਤੇ ਬਾਕੀ ਸਟਾਫ ਮੈਂਬਰ ਵੀ ਹਾਜਰ ਸਨ I