ਸਕੂਲ ਦੀ ਇਮਾਰਤ ਦਾ ਉਦਘਾਟਨ ਕਰਨ ਆਏ ਜਤਿੰਦਰ ਭੱਲਾ ਅਤੇ ਅਨਿਲ ਠਾਕੁਰ ਦਾ ਕਿਸਾਨਾਂ ਵੱਲੋਂ ਵਿਰੋਧ
ਅਸ਼ੋਕ ਵਰਮਾ
ਸੰਗਤ ਮੰਡੀ, 11 ਅਪ੍ਰੈਲ 2025 : ਡੱਬਵਾਲੀ ਮੁੱਖ ਮਾਰਗ ਤੇ ਪੈਂਦੇ ਪਿੰਡ ਪਥਰਾਲਾ ਵਿਖੇ ਸਕੂਲ ਇਮਾਰਤ ਦਾ ਉਦਘਾਟਨ ਕਰਨ ਆਏ ਆਮ ਆਦਮੀ ਪਾਰਟੀ ਬਠਿੰਡਾ ਦਿਹਾਤੀ ਹਲਕੇ ਦੇ ਇੰਚਾਰਜ ਤੇ ਇੰਪਰੂਵਮੈਂਟ ਟਰਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਭੱਲਾ ਅਤੇ ਟਰੇਡ ਵਿੰਗ ਦੇ ਚੇਅਰਮੈਨ ਅਨਿਲ ਠਾਕੁਰ ਦਾ ਕਿਸਾਨਾਂ ਨੇ ਜਬਰਦਸਤ ਵਿਰੋਧ ਕੀਤਾ। ਪੰਜਾਬ ਸਰਕਾਰ ਦੀਆਂ ਨੀਤੀਆਂ ਖਿਲਾਫ ਇਸ ਮੌਕੇ ਕਿਸਾਨਾਂ ਨੇ ਜਬਰਦਸਤ ਨਾਅਰੇਬਾਜ਼ੀ ਕਰਕੇ ਆਪਣੀ ਭੜਾਸ ਕੱਢੀ। ਵਿਰੋਧ ਕਰ ਰਹੇ ਕਿਸਾਨਾਂ ਨੇ ਆਖਿਆ ਕਿ ਉਹ ਖਨੌਰੀ ਬਾਰਡਰ ਤੇ ਜ਼ਬਰਦਸਤੀ ਧਰਨਾ ਚਕਵਾਉਣ ਅਤੇ ਚੌਕੇ ਵਿਖੇ ਪੁਲਿਸ ਵੱਲੋਂ ਕਿਸਾਨਾਂ ਤੇ ਕੀਤੇ ਜਬਰ ਬਾਰੇ ਜਵਾਬ ਲੈਣ ਆਏ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਰਾਮ ਸਿੰਘ ਕੋਟਗੁਰੂ ਅਤੇ ਬੀਕੇਯੂ ਡਕੌਂਦਾ ਦੇ ਬਲਾਕ ਸਕੱਤਰ ਇਕਬਾਲ ਸਿੰਘ ਪਥਰਾਲਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਚੇਅਰਮੈਨ ਅਨਿਲ ਠਾਕੁਰ ਅਤੇ ਬਠਿੰਡਾ ਦਿਹਾਤੀ ਦੇ ਇੰਚਾਰਜ ਜਤਿੰਦਰ ਸਿੰਘ ਭੱਲਾ ਪਿੰਡ ਦੇ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਕ੍ਰਾਂਤੀ ਦੇ ਨਾਅ ਹੇਠ ਉਦਘਾਟਨ ਲਈ ਪੁੱਜੇ ਸਨ। ਉਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਬੀਕੇਯੂ ਡਕੌਂਦਾ ਅਤੇ ਸਿੱਧੂਪੁਰ ਜਥੇਬੰਦੀਆਂ ਦੇ ਕਿਸਾਨ ‘ਆਪ’ ਆਗੂਆਂ ਤੋਂ ਖਨੌਰੀ ਅਤੇ ਚਾਉਕੇ ਦੀਆਂ ਘਟਨਾਵਾਂ ਬਾਰੇ ਸਵਾਲਾਂ ਦੇ ਜਵਾਬ ਲੈਣ ਲਈ ਪੁੱਜ ਗਏ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਬੋਹੜਾਂ ਵਾਲੇ ਵਿਖੇ ਪੁੱਜੀ ਪਿੰਡ ਪੰਚਾਇਤ ਦੀ ਇਹਨਾਂ ਦੋਵਾਂ ਆਗੂਆਂ ਵੱਲੋਂ ਕੀਤੀ ਅਣਦੇਖੀ ਤੋਂ ਪਿੰਡ ਵਾਸੀ ਰੋਹ ’ਚ ਆ ਗਏ ਅਤੇ ਉਨ੍ਹਾਂ ਪੰਜਾਬ ਸਰਕਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਨੇ ਨਾਂਅ ਹੇਠ ਸਰਕਾਰੀ ਸਕੂਲਾਂ ਅੰਦਰ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਨਾਮ ਵਾਲੇ ਉਦਘਾਟਨੀ ਪੱਥਰ ਧੜਾਧੜ ਲਾਏ ਜਾ ਰਹੇ ਹਨ, ਉਹ ਪੰਜਾਬ ਦੇ ਲੋਕਾਂ ਦੀ ਗਾੜ੍ਹੀ ਕਮਾਈ ਦੀ ਫ਼ਿਜੂਲ ਖ਼ਰਚੀ ਕੀਤੀ ਜਾ ਰਹੀ ਹੈ,। ਉਨ੍ਹਾਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਉਦਘਾਟਨੀ ਪੱਥਰਾਂ ਬਾਰੇ ਭਗਵੰਤ ਮਾਨ ਵੱਲੋਂ ਦੂਜੀਆਂ ਪਾਰਟੀ ਤੇ ਤੰਜ ਕਸਕੇ ਇਹ ਪਿਰਤ ਬੰਦ ਕਰਨ ਦੇ ਦਾਅਵੇ ਕੀਤੇ ਜਾਂਦੇ ਸਨ ਪ੍ਰੰਤੂ ਹੁਣ ਪੱਥਰਾਂ ਦੇ ਨਾਂਅ ਤੇ ਪਹਿਲੀਆਂ ਸਰਕਾਰਾਂ ਤੋਂ ਵੀ ਵੱਧ ਖਰਚਾ ਕੀਤਾ ਜਾ ਰਿਹਾ ਹੈ। ਇਸ ਮੌਕੇ ਬੀਕੇਯੂ ਉਗਰਾਹਾਂ ਦੇ ਬਲਾਕ ਪ੍ਰਧਾਨ ਰਾਮ ਸਿੰਘ ਕੋਟਗੁਰੂ, ਰਣਧੀਰ ਸਿੰਘ ਕੋਟਗੁਰੂ, ਬੀਕੇਯੂ ਡਕੌਂਦਾ ਦੇ ਬਲਾਕ ਪ੍ਰਧਾਨ ਬੰਤਾ ਸਿੰਘ ਪਥਰਾਲਾ, ਬਲਾਕ ਸਕੱਤਰ ਇਕਬਾਲ ਸਿੰਘ ਪਥਰਾਲਾ, ਕਿਸਾਨ ਆਗੂ ਬਿੰਦਰ ਸਿੰਘ, ਸੁਖਰਾਜ ਸਿੰਘ ਅਤੇ ਤਾਰਾ ਸਿੰਘ ਆਦਿ ਮੌਜੂਦ ਸਨ।