ਭਾਸ਼ਾ ਵਿਭਾਗ ਵੱਲੋਂ ਪਿੰਡਾਂ/ ਕਸਬਿਆਂ ਬਾਰੇ ਸਰਵੇ ਪੁਸਤਕਾਂ ਛਾਪਣ ਲਈ ਖਰੜਿਆਂ ਦੀ ਮੰਗ
ਪਟਿਆਲਾ, 3 ਅਪ੍ਰੈਲ:
ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਭਾਸ਼ਾਈ ਅਤੇ ਸੱਭਿਆਚਾਰਕ ਸਰਵੇ’ ਤਹਿਤ ਇਤਿਹਾਸਕ, ਸੱਭਿਆਚਾਰਕ ਤੇ ਹੋਰਨਾਂ ਪੱਖਾਂ ਤੋਂ ਵਿਸ਼ੇਸ਼ ਪਹਿਚਾਣ ਰੱਖਦੇ ਪੰਜਾਬ ਦੇ ਪਿੰਡਾਂ/ਕਸਬਿਆਂ ਬਾਰੇ ਪੰਜਾਬੀ ਭਾਸ਼ਾ ਵਿੱਚ ਖੋਜ ਭਰਪੂਰ ਸਰਵੇ ਪੁਸਤਕਾਂ ਮੁੜ ਤੋਂ ਛਾਪਣ ਦਾ ਫੈਸਲਾ ਕੀਤਾ ਗਿਆ ਹੈ।
ਇਸ ਸਬੰਧੀ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਸਰਵੇ ਪੁਸਤਕਾਂ ਲਈ ਲੇਖਕ ਅਤੇ ਖੋਜਾਰਥੀ ਬਿਰਤੀ ਵਾਲੇ ਵਿਅਕਤੀ ਖਰੜੇ ਭੇਜ ਸਕਦੇ ਹਨ। ਇਨ੍ਹਾਂ ਪੁਸਤਕਾਂ ਦੀ ਸਿਰਜਣਾ ਦਾ ਮਕਸਦ ਪਿੰਡਾਂ/ਕਸਬਿਆਂ ਦੇ ਮਾਣ-ਮੱਤੇ ਇਤਿਹਾਸ ਅਤੇ ਸੱਭਿਆਚਾਰ ਨੂੰ ਦਸਤਾਵੇਜ਼ੀ ਰੂਪ ਵਿੱਚ ਸੰਭਾਲਣਾ ਅਤੇ ਅਗਲੀਆਂ ਪੀੜ੍ਹੀਆਂ ਨੂੰ ਜਾਣਕਾਰੀ ਦੇਣਾ ਹੈ। ਜਿਨ੍ਹਾਂ ਨੂੰ ਵਿਭਾਗ ਵੱਲੋਂ ਨਿਰਖ-ਪਰਖ ਕਰਨ ਉਪਰੰਤ ਪੁਸਤਕ ਦੇ ਰੂਪ ਵਿੱਚ ਛਾਪਿਆ ਜਾਵੇਗਾ।
ਇਸ ਸਬੰਧੀ ਵਿਭਾਗ ਵੱਲੋਂ ਨਿਰਧਾਰਤ ਕੀਤੇ ਨਿਯਮਾਂ ਅਨੁਸਾਰ ਪੁਸਤਕ ਦਾ ਆਕਾਰ 150 ਤੋਂ 200 ਪੰਨੇ (11x8 ਇੰਚ ਅਤੇ ਸੁਚਿੱਤਰ) ਤੱਕ ਹੋਣਾ ਚਾਹੀਦਾ ਹੈ। ਪੁਸਤਕ ਵਿਭਾਗ ਵੱਲੋਂ ਪ੍ਰਵਾਨਗੀ ਮਿਲਣ ਉਪਰੰਤ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਮੁਕੰਮਲ ਕਰਨੀ ਹੋਵੇਗੀ। ਪੁਸਤਕ ਲਿਖਣ ਦੇ ਇਵਜ਼ ਵਿੱਚ ਵਿਭਾਗ ਵੱਲੋਂ ਢੁਕਵਾਂ ਸੇਵਾਫਲ ਵੀ ਦਿੱਤਾ ਜਾਵੇਗਾ। ਪੁਸਤਕ ਦਾ ਕਾਪੀ ਰਾਈਟ ਭਾਸ਼ਾ ਵਿਭਾਗ ਕੋਲ ਹੋਵੇਗਾ। ਪੁਸਤਕ ਦਾ ਖਰੜਾ ਸਿਰਫ ਯੂਨੀਕੋਡ ਫੌਂਟ ਵਿੱਚ ਕੰਪੋਜ਼ ਕਰਵਾਉਣ ਉਪਰੰਤ (ਹਾਰਡ ਤੇ ਸਾਫਟ ਕਾਪੀ) ਦੇ ਰੂਪ ਵਿੱਚ ਭੇਜਿਆ ਜਾਵੇ। ਪੁਸਤਕ ਵਿੱਚ ਛਾਪਣ ਲਈ ਮਹੱਤਵਪੂਰਨ ਤਸਵੀਰਾਂ (ਐੱਚ.ਡੀ.) ਵੀ ਭੇਜੀਆਂ ਜਾਣ। ਸ਼ਰਤਾਂ ‘ਤੇ ਖਰੀ ਉਤਰਨ ਵਾਲੀ ਪੁਸਤਕ ਭਾਸ਼ਾ ਵਿਭਾਗ ਵੱਲੋਂ ਆਪਣੇ ਖਰਚੇ ‘ਤੇ ਛਾਪੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸਰਵੇ ਪੁਸਤਕ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਉਪ-ਵਿਸ਼ਿਆਂ ਲਈ ਸਮੱਗਰੀ ਸਬੰਧੀ ਜਾਣਕਾਰੀ ਵਿਭਾਗ ਦੀ ਵੈੱਬਸਾਈਟ www.bhashavibhagpunjab.org ਅਤੇ ਫੇਸਬੁੱਕ ਪੇਜ ‘ਤੇ ਉਪਲਬਧ ਹੈ।