ਗਹਿਰੀ ਮੰਡੀ ਦੇ ਵਿਕਾਸ ਲਈ 8.38 ਕਰੋੜ ਰੁਪਏ ਦੀ ਰਾਸ਼ੀ ਜਾਰੀ - ਈਟੀਓ
- ਮੰਡੀ ਦੇ ਮੇਨ ਬਾਜ਼ਾਰ ਵਿੱਚ ਬਣਨ ਵਾਲੀ ਸੜਕ ਦੀ ਕੀਤੀ ਸ਼ੁਰੂਆਤ
ਅੰਮ੍ਰਿਤਸਰ , 2 ਅਪ੍ਰੈਲ 2025 - ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਗਹਿਰੀ ਮੰਡੀ ਦੇ ਮੁੱਖ ਬਾਜ਼ਾਰ ਵਿੱਚ 56 ਲੱਖ ਰੁਪਏ ਦੀ ਲਾਗਤ ਨਾਲ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕਰਦੇ ਦੱਸਿਆ ਕਿ ਗਹਿਰੀ ਮੰਡੀ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ 8.38 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ । ਉਹਨਾਂ ਨੇ ਕਿਹਾ ਕਿ ਇਸ ਨਾਲ ਗਹਿਰੀ ਮੰਡੀ ਦੇ ਵਿੱਚ ਵਿਕਾਸ ਦਾ ਨਵਾਂ ਅਧਿਆਇ ਸ਼ੁਰੂ ਹੋਵੇਗਾ ਅਤੇ ਲੋਕਾਂ ਦੀ ਲੋੜ ਅਨੁਸਾਰ ਸਾਰੇ ਹੀ ਕੰਮ ਕਰਵਾ ਦਿੱਤੇ ਜਾਣਗੇ।
ਉਹਨਾਂ ਨੇ ਇਲਾਕਾ ਨਿਵਾਸੀਆਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਇਹ ਵੀ ਦੱਸਿਆ ਕਿ ਗਹਿਰੀ ਫਾਟਕ ਜੋ ਕਿ ਅਕਸਰ ਬੰਦ ਰਹਿੰਦਾ ਹੈ, ਦੇ ਉੱਪਰ ਪੁਲ ਬਣਾਉਣ ਲਈ ਸੂਏ ਵਾਲੇ ਪਾਸੇ ਤੋਂ ਯੋਜਨਾ ਉਲੀਕੀ ਗਈ ਹੈ ਅਤੇ ਛੇਤੀ ਹੀ ਇਹ ਕੰਮ ਵੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਨਾਲ ਕੇਵਲ ਗਹਿਰੀ ਮੰਡੀ ਹੀ ਨਹੀਂ ਬਲਕਿ ਇਸ ਦੇ ਨਾਲ ਲੱਗਦੇ ਸਾਰੇ ਇਲਾਕੇ ਨੂੰ ਵੱਡਾ ਫਾਇਦਾ ਹੋਵੇਗਾ।
ਕੈਬਨਟ ਮੰਤਰੀ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਇਸ ਪ੍ਰੋਜੈਕਟਾਂ ਨੂੰ ਪ੍ਰਵਾਨ ਕਰਨ ਲਈ ਧੰਨਵਾਦ ਕਰਦੇ ਕਿਹਾ ਕਿ ਜਿੰਨਾ ਕੰਮ ਪਿਛਲੇ ਤਿੰਨ ਸਾਲਾਂ ਵਿੱਚ ਜੰਡਿਆਲਾ ਗੁਰੂ ਹਲਕੇ ਦਾ ਹੋਇਆ ਹੈ ਉਨਾ ਕੰਮ ਪਿਛਲੀਆਂ ਸਰਕਾਰਾਂ ਨੇ 70 ਸਾਲਾਂ ਵਿੱਚ ਵੀ ਨਹੀਂ ਕਰਵਾਇਆ ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਵਿਕਾਸ ਦੀ ਏਰਫਤਾਰ ਅਗਲੇ ਸਾਲਾਂ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਵੇਗੀ ਅਤੇ ਪੂਰੇ ਪੰਜਾਬ ਵਿੱਚ ਰਾਕਟ ਦੀ ਸਪੀਡ ਨਾਲ ਕੰਮ ਹੋਣਗੇ। ਉਹਨਾਂ ਨੇ ਜੰਡਿਆਲਾ ਗੁਰੂ ਹਲਕੇ ਲਈ ਕੰਮ ਕਰਨ ਵਾਲੀ ਸਮੁੱਚੀ ਟੀਮ ਦੀ ਪਿੱਠ ਥਾਪੜਦਿਆਂ ਹੋਇਆ ਕਿਹਾ ਕਿ ਇਹ ਟੀਮ ਲੋਕਾਂ ਦੀ ਸੁੱਖ ਸਹੂਲਤ ਲਈ ਜੋ ਵੀ ਪ੍ਰੋਜੈਕਟ ਲੈ ਕੇ ਆਉਂਦੀ ਹੈ, ਮੈਂ ਉਸ ਨੂੰ ਪੂਰਾ ਕਰਵਾਉਣਾ ਆਪਣਾ ਫਰਜ਼ ਸਮਝਦਾ ਹਾਂ। ਇਸ ਮੌਕੇ ਚੇਅਰਮੈਨ ਸ਼ ਛਨਾਖ ਸਿੰਘ, ਸਵਰਨ ਸਿੰਘ ਗਹਿਰੀ, ਪਰਮਿੰਦਰ ਪੰਨਾ , ਰੂਬੀ ਥਿੰਦ ,ਅਮਰੀਕ ਸਿੰਘ ਸੋਢੀ , ਸਤਿੰਦਰ ਸਿੰਘ , ਗੁਰਮੁੱਖ ਸਿੰਘ ਸਰਪੰਚ , ਸ੍ਰੀ ਨਰੇਸ਼ ਪਾਠਕ , ਫ਼ਤਿਹ ਸਿੰਘ , ਤੇਜਿੰਦਰ ਸਿੰਘ ਚੰਦੀ ਅਤੇ ਇਲਾਕੇ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ।