ਵਿਆਹ ਸਮਾਗਮ 'ਚ ਪਿਸਟਲ ਲਹਿਰਾਉਂਦੇ ਭੰਗੜਾ ਪਾਉਂਦੇ ਸਰਪੰਚ ਦੀ ਵੀਡੀਓ ਵਾਇਰਲ, FIR ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 27 ਮਾਰਚ 2025- ਬਟਾਲਾ ਦੇ ਇੱਕ ਪੈਲਸ ਚ ਵਿਆਸ ਸਮਾਗਮ ਚ ਸਰਪੰਚ ਨੂੰ ਭੰਗੜਾ ਪਾਉਂਦਿਆਂ ਹਵਾਈ ਫਾਇਰ ਕਰਨਾ ਅਤੇ ਹਥਿਆਰ ਲਹਿਰਾਉਣਾ ਮਹਿੰਗਾ ਪੈ ਗਿਆ ਹੈ। ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਵਿਆਹ ਸਮਾਗਮ ਵਿਚ ਹਵਾਈ ਫਾਇਰ ਕਰਨ ਵਾਲੇ ਸਰਪੰਚ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਥਾਨਕ ਪੁਰਾਣਾ ਬਾਈਪਾਸ ਸਥਿਤ ਇੱਕ ਪੈਲੇਸ ਵਿਚ ਬਰਾਤ ਆਈ ਹੈ ਅਤੇ ਲੜਕੇ ਪਰਿਵਾਰ ਵਲੋਂ ਉਮ ਪ੍ਰਕਾਸ਼ ਸਰਪੰਚ ਵਾਸੀ ਕਿਲਾ ਲਾਲ ਸਿੰਘ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸ਼ਾਮਿਲ ਹੋਇਆ ਹੈ ਅਤੇ ਸਰਪੰਚ ਨੇ ਬਰਾਤ ਚ ਸਕੇ ਸਬੰਧੀਆਂ ਦੇ ਨਾਲ ਭੰਗੜਾ ਪਾਉਂਦੇ ਸਮੇਂ ਆਪਣੇ ਪਿਸਤੌਲ ਕੱਢ ਕੇ ਹਵਾ ਵਿੱਚ ਲਹਿਰਾਈ ਗਈ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਿਲਾ ਮੈਜਿਸਟਰੇਟ ਗੁਰਦਾਸਪੁਰ ਵਲੋਂ ਮੈਰਿਜ ਪੈਲੇਸਾਂ ਵਿਚ ਹਥਿਆਰ ਲਿਜਾਣ ਅਤੇ ਫਾਇਰ ਕਰਨ ਸਬੰਧੀ ਮਨਾਈ ਹੈ, ਜਿਸ ਦੀ ਮੌਜੂਦਾ ਸਰਪੰਚ ਨੇ ਸ਼ਰੇਆਮ ਉਲੰਘਣਾ ਕੀਤੀ ਹੈ।
ਐੱਸਆਈ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਿਵਲ ਲਾਈਨ ਵਿਖੇ ਉਕਤ ਸਰਪੰਚ ਵਿਰੁੱਧ ਧਾਰਾ 223, 125 ਬੀ.ਐੱਨ.ਐੱਸ. ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ। ਇੱਥੇ ਇਹ ਦੱਸਣ ਯੋਗ ਹੈ ਕਿ ਪਿਛਲੇ ਸਮੇਂ ਚ ਮੈਰਿਜ ਪੈਲਸਾਂ ਚ ਖੁਸ਼ੀ ਦੇ ਸਮੇਂ ਵਿੱਚ ਖੁਸ਼ੀ ਮਨਾਉਂਦੇ ਹੋਏ ਗੋਲੀ ਲੱਗਣ ਨਾਲ ਕਈ ਘਟਨਾਵਾਂ ਵਾਪਰੀਆਂ ਹਨ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਮੈਰਿਜ ਪੈਲਸਾਂ ਚ ਗੋਲੀਆਂ ਚਲਾਉਣੀਆਂ ਅਤੇ ਹਥਿਆਰਾਂ ਦੀ ਨੁਮਾਇਸ਼ ਕਰਨ ਦੀ ਸਖਤ ਮਨਾਈ ਕੀਤੀ ਹੋਈ ਹੈ।