ਨਵੀਆਂ ਖੇਤੀ ਤਕਨੀਕਾਂ ਅਪਨਾਉਣ ਦੇ ਸੁਨੇਹੇ ਨਾਲ ਪੀ.ਏ.ਯੂ. ਦਾ ਕਿਸਾਨ ਮੇਲਾ ਆਰੰਭ ਹੋਇਆ
- ਕਿਸਾਨ ਸਮੇਂ ਤੋਂ ਪਹਿਲਾਂ ਝੋਨਾ ਨਾ ਲਗਾਉਣ : ਡਾ. ਗੁਰਦੇਵ ਸਿੰਘ ਖੁਸ਼
ਲੁਧਿਆਣਾ 21 ਮਾਰਚ, 2025 - ਪੀ.ਏ.ਯ ਵਿਚ ਅੱਜ ਦੋ ਰੋਜ਼ਾ ਕਿਸਾਨ ਮੇਲੇ ਦਾ ਉਦਘਾਟਨੀ ਸਮਾਰੋਹ ਹੋਇਆ। ਕਿਸਾਨਾਂ ਨਾਲ ਖਚਾਖਚ ਭਰੇ ਪੰਡਾਲ ਵਿਚ ਰੰਗਾਰੰਗ ਪ੍ਰੋਗਰਾਮ ਦੇ ਨਾਲ-ਨਾਲ ਪੀ.ਏ.ਯੂ. ਦੇ ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਨਵੇਂ ਵਿਗਿਆਨਕ ਖੇਤੀ ਤਰੀਕੇ ਦੱਸੇ। ਇਸ ਦੌਰਾਨ ਮੁੱਖ ਸਮਾਰੋਹ ਵਿਚ ਦੇਸ਼-ਵਿਦੇਸ਼ ਤੋਂ ਖੇਤੀ ਦੇ ਉੱਘੇ ਮਾਹਿਰ ਸ਼ਾਮਿਲ ਹੋਏ ਜਿਨ੍ਹਾਂ ਵਿਚ ਮੁੱਖ ਮਹਿਮਾਨ ਵਜੋਂ ਚੌਲਾਂ ਦੇ ਬਾਦਸ਼ਾਹ ਕਹੇ ਜਾਣ ਵਾਲੇ ਵਿਸ਼ਵ ਭੋਜਨ ਪੁਰਸਕਾਰ ਜੇਤੂ ਡਾ. ਗੁਰਦੇਵ ਸਿੰਘ ਖੁਸ਼ ਸ਼ਾਮਿਲ ਸਨ। ਸਮਾਰੋਹ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਕੈਲੇਫੋਰਨੀਆ ਅਮਰੀਕਾ ਦੇ ਸ਼ਰਿਹ ਫਰਿਜ਼ਨੋ ਤੋਂ ਸੌਗੀ ਦੇ ਪ੍ਰਸਿੱਧ ਕਿਸਾਨ ਡਾ. ਚਰਨਜੀਤ ਸਿੰਘ ਬਾਠ, ਕੈਲੇਫੋਰਨੀਆ ਰਾਜ ਯੂਨੀਵਰਸਿਟੀ ਤੋਂ ਭੂਮੀ ਵਿਗਿਆਨੀ ਡਾ. ਸ਼ੈਰੇਨ ਬੇਨਸ, ਸਹਿਯੋਗੀ ਪ੍ਰੋਫੈਸਰ ਡਾ. ਗੁਰਰੀਤ ਸਿੰਘ ਬਰਾੜ, ਪਨਸੀਡ ਦੇ ਚੇਅਰਮੈਨ ਸ. ਮਹਿੰਦਰ ਸਿੰਘ ਸਿੱਧੂ, ਫੂਡ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾ. ਬਾਲ ਮੁਕੰਦ ਸ਼ਰਮਾ, ਮੁੱਖ ਜੰਗਲਾਤ ਸੰਭਾਲ ਅਧਿਕਾਰੀ ਡਾ. ਸਤਨਾਮ ਸਿੰਘ ਅਤੇ ਪੀ.ਏ.ਯੂ. ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਅਸ਼ੋਕ ਕੁਮਾਰ, ਡਾ. ਦਵਿੰਦਰ ਸਿੰਘ ਚੀਮਾ, ਸ. ਅਮਰਜੀਤ ਸਿੰਘ ਢਿੱਲੋਂ ਅਤੇ ਪੀ.ਏ.ਯੂ. ਦੇ ਉੱਚ ਅਧਿਕਾਰੀ ਅਤੇ ਡੀਨ ਡਾਇਰੈਕਟਰ ਸ਼ਾਮਿਲ ਸਨ।
ਆਪਣੇ ਭਾਸ਼ਣ ਵਿਚ ਡਾ. ਗੁਰਦੇਵ ਸਿੰਘ ਖੁਸ਼ ਨੇ ਕਿਹਾ ਕਿ ਪੀ.ਏ.ਯੂ. ਕਿਸਾਨਾਂ ਦੀ ਯੂਨੀਵਰਸਿਟੀ ਹੈ ਅਤੇ ਕਿਸਾਨਾਂ ਦੀ ਸੁਵਿਧਾ ਲਈ ਸਾਲ ਵਿਚ ਦੋ ਵਾਰ ਮੇਲੇ ਲਾ ਕੇ ਖੇਤੀ ਤਕਨੀਕਾਂ ਦੇ ਪਸਾਰ ਦੀ ਜਿਹੜੀ ਪਿਰਤ ਇਸ ਯੂਨੀਵਰਸਿਟੀ ਨੇ ਪਾਈ, ਉਹ ਦੁਨੀਆਂ ਵਿਚ ਕਿਤੇ ਹੋਰ ਮਿਲਣੀ ਮੁਸ਼ਕਿਲ ਹੈ। ਉਹਨਾਂ ਕਿਹਾ ਕਿ ਇਹ ਮੇਲੇ ਦੋਪਾਸੜ ਸਿੱਖਣ ਸਿਖਾਉਣ ਦਾ ਅਮਲ ਹਨ। ਉਹਨਾਂ ਕਿਹਾ ਕਿ ਪ੍ਰਦਰਸ਼ਨੀਆਂ ਪੀ.ਏ.ਯੂ. ਵੱਲੋਂ ਪੈਦਾ ਕੀਤੀਆਂ ਜਾ ਰਹੀਆਂ ਫ਼ਸਲਾਂ ਦੀਆਂ ਕਿਸਮਾਂ ਨੂੰ ਜ਼ਾਹਿਰ ਕਰਦੀਆਂ ਹਨ ਅਤੇ ਇਸ ਤੋਂ ਇਹ ਪਤਾ ਚਲਦਾ ਹੈ ਕਿ ਹਰ ਦਿਸ਼ਾ ਵਿਚ ਮਾਹਿਰ ਨਿਰੰਤਰ ਮਿਹਨਤ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਮੇਲੇ ਕਿਸਾਨਾਂ ਲਈ ਬੀਜ ਖਰੀਦਣ, ਪੌਦੇ ਲੈਣ ਅਤੇ ਖੇਤੀ ਸਾਹਿਤ ਨਾਲ ਜੁੜਨ ਦਾ ਮੌਕਾ ਹੀ ਨਹੀਂ ਹੁੰਦੇ ਬਲਕਿ ਇੱਥੋਂ ਕਿਸਾਨ ਊਰਜਾ ਨਾਲ ਭਰ ਕੇ ਨਵੇਂ ਉਤਸ਼ਾਹ ਨਾਲ ਖੇਤੀ ਨਾਲ ਜੁੜਦੇ ਹਨ। ਡਾ. ਖੁਸ਼ ਨੇ ਇਸ ਗੱਲ ਲਈ ਯੂਨੀਵਰਸਿਟੀ ਦੀ ਤਾਰੀਫ ਕੀਤੀ ਕਿ ਇਸ ਸੰਸਥਾ ਨੇ ਆਪਣੇ ਪਸਾਰ ਅਤੇ ਸੂਚਨਾ ਢਾਂਚੇ ਨੂੰ ਕਿਸਾਨਾਂ ਦੀ ਲੋੜ ਦੇ ਅਨੁਸਾਰ ਵਿਉਂਤਿਆ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਖੇਤੀ ਸਮੱਸਿਆਵਾਂ ਦੇ ਹੱਲ ਲਈ ਆਪਣੇ ਨੇੜੇ ਦੇ ਕਿ੍ਰਸ਼ੀ ਵਿਗਿਆਨ ਕੇਂਦਰ ਮਾਹਿਰਾਂ ਨਾਲ ਜੁੜਨ। ਡਾ. ਖੁਸ਼ ਨੇ ਦੱਸਿਆ ਕਿ ਪੀ.ਏ.ਯੂ. ਵਿਚ ਸਥਾਪਿਤ ਕੀਤੀ ਗਈ ਸਪੀਡ ਬਰੀਡਿੰਗ ਤਕਨਾਲੋਜੀ ਫਸਲਾਂ ਦੇ ਤਜਰਬਿਆਂ ਵਿਚ ਬੇਹੱਦ ਤੇਜ਼ੀ ਲਿਆਉਣ ਵਾਲਾ ਕਦਮ ਹੈ। ਉਹਨਾਂ ਕਿਹਾ ਕਿ ਸਾਨੂੰ ਖੇਤੀ ਵੱਲ ਉਤਪਾਦਨ ਦੇ ਨਾਲ-ਨਾਲ ਵਾਤਾਵਰਨ ਦੀ ਸੰਭਾਲ ਪੱਖੋਂ ਵਧੇਰੇ ਤਵੱਜੋਂ ਦੇਣ ਦੀ ਲੋੜ ਹੈ। ਇਸ ਕਾਰਜ ਲਈ ਸਹੀ ਸਮੇਂ ਤੇ ਝੋਨਾ ਲਾ ਕੇ ਵਾਤਾਵਰਨ ਪੱਖੀ ਤਕਨੀਕਾਂ ਅਪਨਾਉਣੀਆਂ ਜ਼ਰੂਰੀ ਹਨ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਰਿਜ਼ਨੋ ਤੋਂ ਆਏ ਵਫਦ ਕਾਰਨ ਇਸ ਮੇਲੇ ਦਾ ਸਰੂਪ ਕੌਮਾਂਤਰੀ ਹੋ ਗਿਆ ਹੈ। ਉਹਨਾਂ ਕਿਸਾਨਾਂ ਨੂੰ ਕਿਹਾ ਕਿ ਤੁਹਾਡੇ ਸਹਿਯੋਗ ਸਦਕਾ ਪਿਛਲੇ ਲਗਾਤਾਰ ਦੋ ਸਾਲਾਂ ਤੋਂ ਯੂਨੀਵਰਸਿਟੀ ਦੇਸ਼ ਦੀ ਸਰਵੋਤਮ ਖੇਤੀ ਯੂਨੀਵਰਸਿਟੀ ਦੀ ਰੈਂਕਿੰਗ ਹਾਸਲ ਕਰ ਰਹੀ ਹੈ। ਇਸਦੇ ਨਾਲ ਹੀ ਡਾ. ਗੋਸਲ ਨੇ ਕਿਸਾਨਾਂ ਦੀ ਬਿਹਤਰੀ ਲਈ ਕੀਤੇ ਜਾਣ ਵਾਲੇ ਵੱਖ-ਵੱਖ ਕਾਰਜਾਂ ਦਾ ਉਲੇਖ ਕੀਤਾ। ਉਹਨਾਂ ਦੱਸਿਆ ਕਿ ਖੇਤੀ ਲਾਗਤਾਂ ਘਟਾਉਣ ਦੇ ਮੰਤਵ ਨਾਲ ਯੂਨੀਵਰਸਿਟੀ ਵੱਲੋਂ ਝੋਨੇ ਦੀ ਨਵੀਂ ਕਿਸਮ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ, ਜਿਸਦੀ ਕਾਸ਼ਤ ਲਈ ਘੱਟ ਯੂਰੀਆ ਦੀ ਲੋੜ ਪੈਂਦੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਹਾਲਤ ਵਿਚ 15 ਜੁਲਾਈ ਤੋਂ ਬਾਅਦ ਝੋਨਾ ਨਾ ਲਾਇਆ ਜਾਵੇ ਕਿਉਂਕਿ ਇਸ ਨਾਲ ਦਾਣੇ ਦੇ ਮਿਆਰ ਉੱਪਰ ਅਸਰ ਪੈਂਦਾ ਹੈ ਅਤੇ ਪਰਾਲੀ ਦੀ ਸੰਭਾਲ ਦਾ ਸੰਕਟ ਵੀ ਵੱਧਦਾ ਹੈ। ਡਾ. ਗੋਸਲ ਨੇ ਦੱਸਿਆ ਕਿ ਸਰਫੇਸ ਸੀਡਰ ਤੋਂ ਬਾਅਦ ਕੰਬਾਈਨ ਨਾਲ ਡਰਿੱਲ ਜੋੜ ਕੇ ਬਿਜਾਈ ਕਰਨ ਵਾਲੀ ਨਵੀਂ ਤਕਨੀਕ ਸਿਫ਼ਾਰਸ਼ ਕੀਤੀ ਜਾ ਰਹੀ ਹੈ। ਇਸ ਨਾਲ ਪਰਾਲੀ ਦੀ ਸੰਭਾਲ ਦੀ ਚੁਣੌਤੀ ਕਾਫੀ ਹੱਦ ਤੱਕ ਹੱਲ ਹੋ ਜਾਵੇਗੀ। ਨਾਲ ਹੀ ਉਹਨਾਂ ਨੇ ਪਾਣੀ ਦੇ ਬਚਾਉਣ ਨੂੰ ਅੱਜ ਦਾ ਮੁੱਖ ਸਰੋਕਾਰ ਆਖਿਆ ਅਤੇ ਦੱਸਿਆ ਕਿ ਤਰ-ਵੱਤਰ ਸਿੱਧੀ ਬਿਜਾਈ ਬੇਹੱਦ ਕਾਮਯਾਬ ਤਕਨੀਕ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੀ.ਏ.ਯੂ. ਦੀਆਂ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਹੀ ਕਰਨ ਕਿਉਂਕਿ ਹਾਈਬਿ੍ਰਡ ਦੀ ਸਿਫ਼ਾਰਸ਼ ਯੂਨੀਵਰਸਿਟੀ ਹਰਗਿਜ਼ ਨਹੀਂ ਕਰਦੀ। ਨਰਮੇ ਹੇਠ ਘੱਟ ਰਹੇ ਰਕਬੇ ਦੇ ਮੱਦੇਜ਼ਨਰ ਵਾਈਸ ਚਾਂਸਲਰ ਨੇ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਜਾ ਰਹੀਆਂ ਦੇਸੀ ਕਪਾਹ ਦੀਆਂ ਦੋ ਕਿਸਮਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਹਨਾਂ ਕਿਸਮਾਂ ਦਾ ਰੂੰ ਮੈਡੀਕਲ ਖੇਤਰ ਵਿਚ ਵਰਤੋਂ ਲਈ ਢੁੱਕਵਾਂ ਹੈ। ਇਹਨਾਂ ਦਾ ਬੀਜ ਘਰ ਹੀ ਤਿਆਰ ਹੋ ਜਾਂਦਾ ਹੈ ਅਤੇ ਬਿਮਾਰੀਆਂ ਕੀੜਿਆਂ ਤੋਂ ਬਚਾਅ ਰਹਿੰਦਾ ਹੈ। ਡਾ. ਗੋਸਲ ਨੇ ਸਬਜ਼ੀਆਂ, ਦਾਲਾਂ ਅਤੇ ਹਰੇ ਚਾਰਿਆਂ ਦੀਆਂ ਕਿੱਟਾਂ ਖ੍ਰੀਦਣ ਵਾਸਤੇ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ। ਉਹਨਾਂ ਕਿਹਾ ਕਿ ਖੇਤੀ ਜਿਣਸਾਂ ਤੋਂ ਉਤਪਾਦ ਬਨਾਉਣ ਲਈ ਸਿਖਲਾਈ ਦਾ ਪ੍ਰਬੰਧ ਯੂਨੀਵਰਸਿਟੀ ਵੱਲੋਂ ਕੀਤਾ ਜਾ ਰਿਹਾ ਹੈ। ਅੰਤ ਵਿਚ ਉਹਨਾਂ ਨੇ ਸ਼ੋਸ਼ਲ ਮੀਡੀਆ ਰਾਹੀਂ ਪੀ.ਏ.ਯੂ. ਨਾਲ ਜੁੜਨ ਦਾ ਸੱਦਾ ਦਿੰਦਿਆਂ ਹਾੜੀ ਦੀ ਫਸਲ ਦੇ ਸਫਲਤਾ ਨਾਲ ਘਰ ਆਉਣ ਦੀ ਕਾਮਨਾ ਕੀਤੀ।
ਚਰਨਜੀਤ ਸਿੰਘ ਬਾਠ ਨੇ ਕਿਸਾਨ ਮੇਲੇ ਦੇ ਮੰਚ ਤੇ ਬੁਲਾਉਣ ਲਈ ਆਯੋਜਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਗਿਆਨੀਆਂ ਅਤੇ ਕਿਸਾਨਾਂ ਦਾ ਇੱਕੋ ਛੱਤ ਹੇਠ ਜੁੜ ਬੈਠਣਾ ਦੁਰਲੱਭ ਦਿ੍ਰਸ਼ ਹੈ। ਉਹਨਾਂ ਕਿਹਾ ਕਿ ਕਿਰਤ ਅਤੇ ਸਿੱਖਿਆ ਦਾ ਸੁਮੇਲ ਹੋਣਾ ਜ਼ਰੂਰੀ ਹੈ। ਕਿਸਾਨ ਮੇਲਿਆਂ ਨੂੰ ਸਿੱਖਣ ਦਾ ਮਾਧਿਅਮ ਆਖਦਿਆਂ ਸ. ਚਰਨਜੀਤ ਸਿੰਘ ਬਾਠ ਨੇ ਸ਼ਾਮਿਲ ਕਿਸਾਨਾਂ ਨੂੰ ਕਾਰੋਬਾਰ ਦੀਆਂ ਜੁਗਤਾਂ ਖੇਤੀ ਵਿਚ ਲਾਗੂ ਕਰਨ ਲਈ ਕਾਰੋਬਾਰ ਮਾਹਿਰਾਂ ਤੋਂ ਸਿਖਲਾਈ ਲੈਣ ਵਾਸਤੇ ਪ੍ਰੇਰਿਆ। ਉਹਨਾਂ ਕਿਹਾ ਕਿ ਨਵੀਆਂ ਖੇਤੀ ਤਕਨੀਕਾਂ ਨਾਲ ਜੁੜਨ ਲਈ ਨਵੀਂ ਤਰਜ਼ ਦੇ ਖੇਤੀ ਵਿਗਿਆਨੀ ਪੈਦਾ ਹੋਣੇ ਜ਼ਰੂਰੀ ਹਨ। ਇਸੇ ਕਾਰਜ ਲਈ ਪੀ.ਏ.ਯੂ. ਅਤੇ ਫਰਿਜ਼ਨੋ ਦੀ ਯੂਨੀਵਰਸਿਟੀ ਵਿਚਕਾਰ ਦੁਵੱਲੇ ਅਕਾਦਮਿਕ ਸਹਿਯੋਗ ਦਾ ਸਮਝੌਤਾ ਹੋਇਆ ਹੈ।
ਕੈਲੇਫੋਰਨੀਆਂ ਯੂਨੀਵਰਸਿਟੀ ਦੇ ਭੂਮੀ ਮਾਹਿਰ ਸ਼ੈਰੇਨ ਬੇਨਸ ਨੇ ਕਿਹਾ ਕਿ ਉਹਨਾਂ ਦੀ ਟੀਮ ਪੰਜਾਬ ਦੀ ਖੇਤੀ ਦੇ ਅਧਿਐਨ ਲਈ ਇੱਥੇ ਆਈ ਹੋਈ ਹੈ ਕਿਉਂਕਿ ਪੰਜਾਬ ਅਤੇ ਕੈਲੇਫੋਰਨੀਆਂ ਦੀਆਂ ਬਹੁਤ ਸਾਰੀਆਂ ਸਮਾਨਤਾਵਾਂ ਹਨ। ਇਹਨਾਂ ਵਿਚ ਡਾ. ਸ਼ੈਰੇਨ ਨੇ ਆਲਮੀ ਤਪਸ਼, ਧਰਤੀ ਹੇਠਲਾ ਪਾਣੀ, ਮਿੱਟੀ ਦੀ ਬੁਰੀ ਸਿਹਤ ਆਦਿ ਦਾ ਜ਼ਿਕਰ ਕੀਤਾ। ਉਹਨਾਂ ਦੱਸਿਆ ਕਿ 2014 ਤੋਂ ਬਾਅਦ ਕੈਲੇਫੋਰਨੀਆਂ ਵਿਚ ਪਾਣੀ ਦੀ ਖਪਤ ਘਟਾਉਣ ਲਈ ਕਾਨੂੰਨ ਬਣਾਇਆ ਗਿਆ ਹੈ। ਨਾਲ ਹੀ ਉਹਨਾਂ ਨੇ ਅਜਿਹਾ ਕਾਨੂੰਨ ਪੰਜਾਬ ਵਿਚ ਬਨਾਉਣ ਦਾ ਸੱਦਾ ਦਿੰਦਿਆਂ ਪਾਣੀ ਦੀ ਖਪਤ ਘਟਾਉਣ, ਰੀਚਾਰਜ ਵਧਾਉਣ ਅਤੇ ਬਦਲਵੀਆਂ ਫਸਲਾਂ ਦੀ ਕਾਸ਼ਤ ਦੇ ਸੁਝਾਅ ਦਿੱਤੇ।
ਡਾ. ਗੁਰਰੀਤ ਬਰਾੜ ਨੇ ਦੋਵਾਂ ਦੇਸ਼ਾਂ ਅਤੇ ਦੋਵਾਂ ਸੰਸਥਾਵਾਂ ਨਾਲ ਮੋਹ ਦਾ ਪ੍ਰਗਟਾਵਾ ਕਰਦਿਆਂ ਆਪਣੀ ਟੀਮ ਦਾ ਤੁਆਰਫ ਕਰਵਾਇਆ। ਉਹਨਾਂ ਕਿਹਾ ਕਿ ਉਹ ਸਿੰਧ ਘਾਟੀ ਦੀ ਸੱਭਿਅਤਾ ਦੇ ਇਸ ਖੇਤਰ ਵਿਚ ਬਦਲ ਰਹੇ ਜਲਵਾਯੂ ਬਾਰੇ ਖੋਜ ਲਈ ਤਤਪਰ ਹਨ ਅਤੇ ਆਸ ਹੈ ਕਿ ਜਲਦ ਹੀ ਸਾਰਥਕ ਸਿੱਟੇ ਸਾਹਮਣੇ ਆਉਣਗੇ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਮੌਕੇ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਆਪਣੇ ਆਰੰਭ ਤੋਂ ਲੈ ਕੇ ਹੁਣ ਤਕ ਯੂਨੀਵਰਸਿਟੀ ਨੇ 950 ਤੋਂ ਵਧੇਰੇ ਕਿਸਮਾਂ ਵਿਕਸਿਤ ਕੀਤੀਆਂ ਹਨ। ਇਸਦਾ ਮੰਤਵ ਕਿਸਾਨਾਂ ਦੀ ਬਿਹਤਰੀ ਅਤੇ ਖੇਤੀ ਪੱਖੋਂ ਵੱਧ ਮੁਨਾਫੇ ਲਈ ਬਿਹਤਰ ਕਿਸਮਾਂ ਉਪਲਬਧ ਕਰਾਉਣਾ ਹੈ।ਆਉਂਦੇ ਸਾਉਣੀ ਸੀਜਨ ਦੌਰਾਨ ਨਵੀਆਂ ਕਿਸਮਾਂ ਵਿਚ ਉਹਨਾਂ ਨੇ ਪਰਮਲ ਝੋਨੇ ਦੀ ਦਰਮਿਆਨ ਸਮੇਂ ਵਿੱਚ ਪੱਕਣ ਵਾਲੀ ਕਿਸਮ ਪੀ ਆਰ-132 ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਕਿਸਮ ਲਈ ਹੋਰ ਕਿਸਮਾਂ ਨਾਲੋਂ 25 ਫੀਸਦੀ ਘੱਟ ਨਾਈਟਰੋਜਨ ਖਾਦ ਦੀ ਲੋੜ ਹੈ। ਇਹ ਕਿਸਮ ਲੁਆਈ ਤੋਂ 111 ਦਿਨਾਂ ਬਾਅਦ ਪੱਕ ਕੇ ਤਿਆਰ ਹੋ ਜਾਂਦੀ ਹੈ।
ਇਸਦੇ ਚੌਲਾਂ ਦਾ ਮਿਆਰ ਵਧੀਆ ਅਤੇ ਔਸਤਨ ਝਾੜ ਸਾਢੇ 31 ਕੁਇੰਟਲ ਪ੍ਰਤੀ ਏਕੜ ਤੱਕ ਆ ਸਕਦਾ ਹੈ। ਡਾ. ਢੱਟ ਨੇ ਮੱਕੀ ਦੀ ਫਸਲ ਦਾ ਜ਼ਿਕਰ ਕਰਦਿਆਂ ਨਵੀਂ ਕਿਸਮ ਪੀਐਮਐਚ -17 ਬਾਰੇ ਦੱਸਿਆ। ਇਹ ਕਿਸਮ 96 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਅਤੇ ਦਾਣਿਆਂ ਦਾ ਔਸਤ ਝਾੜ 25 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਹ ਕਿਸਮ ਇਥੇਨੌਲ ਬਣਾਉਣ ਲਈ ਬੇਹੱਦ ਢੁਕਵੀਂ ਅਤੇ ਫਾਲ ਆਰਮੀਵਰਮ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਵਾਲੀ ਹੈ। ਉਨਾਂ ਨੇ ਹੋਰ ਕਿਸਮਾਂ ਵਿੱਚ ਪੁਦੀਨੇ ਦੀ ਕਿਸਮ ਸਿਮ ਉੱਨਤੀ ਅਤੇ ਮੋਟੇ ਅਨਾਜ ਦੀ ਕਿਸਮ ਪੰਜਾਬ ਕੰਗਣੀ-1 ਬਾਰੇ ਵੀ ਦੱਸਿਆ। ਆਲੂਆਂ ਦੀਆਂ ਦੋ ਕਿਸਮਾਂ ਪੰਜਾਬ ਪੋਟੈਟੋ-103 ਅਤੇ ਪੰਜਾਬ ਪੋਟੈਟੋ -104 ਤੋਂ ਇਲਾਵਾ ਗੋਭੀ ਦੀ ਕਿਸਮ -2527, ਸੰਤਰੀ ਗਾਜਰ ਦੀ ਕਿਸਮ ਪੀ ਸੀ ਓ -2 ਅਤੇ ਫਰਾਂਸ ਬੀਨ ਦੀਆਂ ਨਵੀਆਂ ਕਿਸਮਾਂ ਦਾ ਜਕਿਰ ਵੀ ਕੀਤਾ। ਫਲਾਂ ਵਿਚ ਰਸਭਰੀ ਦੀਆਂ ਨਵੀਆਂ ਕਿਸਮਾਂ ਅਤੇ ਗਰੇਪਫਰੂਟ ਦੇ ਗੁਣਾਂ ਬਾਰੇ ਵੀ ਦੱਸਿਆ। ਨਾਲ ਹੀ ਉਨ੍ਹਾਂ ਗੁਲਦਾਊਦੀ ਦੀਆਂ ਕਿਸਮਾਂ ਬਾਰੇ ਦੱਸਣ ਦੇ ਨਾਲ ਨਾਲ ਡਾ. ਢੱਟ ਨੇ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਉੱਪਰ ਵੀ ਝਾਤ ਪਵਾਈ।
ਸਵਾਗਤੀ ਸਬਦ ਨਿਰਦੇਸਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ। ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਹਰ ਹਾਲ ਨਵੀਂ ਖੇਤੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਹੈ। ਨਿਰਦੇਸਕ ਪਸਾਰ ਸਿੱਖਿਆ ਨੇ ਕਿਹਾ ਕਿ ਮੇਲੇ ਦਾ ਮੁੱਖ ਮੰਤਵ ਸਾਉਣੀ ਦੀਆਂ ਫਸਲਾਂ ਸੰਬੰਧੀ ਸਮੁੱਚੀ ਜਾਣਕਾਰੀ ਇੱਕੋ ਜਗ੍ਹਾ ਮੁਹੱਈਆ ਕਰਾਉਣੀ ਹੈ। ਮੇਲੇ ਵਿੱਚ ਸੁਧਰੀਆਂ ਕਿਸਮਾਂ, ਬਿਮਾਰੀਆਂ, ਕੀੜਿਆਂ ਅਤੇ ਹੋਰ ਪੱਖਾਂ ਬਾਰੇ ਜਾਣਕਾਰੀ ਵੀ ਉਪਲਬਧ ਕਰਾਈ ਜਾ ਰਹੀ ਹੈ ।
ਅੰਤ ਵਿਚ ਧੰਨਵਾਦ ਦੇ ਸ਼ਬਦ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ ਨੇ ਕਹੇ। ਇਸ ਮੌਕੇ ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਵਿਦਿਆਰਥੀ ਭਲਾਈ ਅਧਿਕਾਰੀ ਸ਼੍ਰੀ ਗੁਰਪ੍ਰੀਤ ਵਿਰਕ ਨੇ ਕੀਤਾ। ਇਸ ਮੌਕੇ ਪੀ.ਏ.ਯੂ. ਵੱਲੋਂ ਪ੍ਰਕਾਸ਼ਿਤ ਤਾਜ਼ਾ ਖੇਤੀ ਸਾਹਿਤ ਅਤੇ ਫਸਲ ਕੈਲੰਡਰ ਨੂੰ ਪ੍ਰਧਾਨਗੀ ਮੰਡਲ ਨੇ ਜਾਰੀ ਕੀਤਾ। ਮੇਲੇ ਦੌਰਾਨ ਖੇਤੀ ਵਿਚ ਨਵੀਆਂ ਪੈੜਾਂ ਪਾਉਣ ਵਾਲੇ ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ। ਇਹਨਾਂ ਵਿੱਚ ਜੈਵਿਕ ਖੇਤੀ ਅਪਨਾਉਣ ਵਾਲੇ ਕਿਸਾਨ ਲਈ ਸੀ ਆਰ ਆਈ ਪੰਪਸ ਐਵਾਰਡ ਸਰਦਾਰਨੀ ਹਰਪ੍ਰੀਤ ਕੌਰ ਵਾਸੀ ਮੰਨਾ ਪਿੰਡ ਸੰਗਰੂਰ ਨੂੰ, ਪਾਣੀ ਪ੍ਰਬੰਧਨ ਲਈ ਸੀ ਆਰ ਆਈ ਪੰਪਸ ਪੁਰਸਕਾਰ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਜਸਵੀਰ ਸਿੰਘ ਨੂੰ, ਬਾਗਬਾਨੀ ਲਈ ਮੁੱਖ ਮੰਤਰੀ ਪੁਰਸਕਾਰ ਪਿੰਡ ਕਾਉਂਣੀ ਦੇ ਕਿਸਾਨ ਜਸਕਰਨ ਸਿੰਘ ਅਤੇ ਪਿੰਡ ਰਾਇ ਧਰਾਣਾ ਦੇ ਸ. ਅਮਨਿੰਦਰ ਸਿੰਘ ਨੂੰ ਪ੍ਰਦਾਨ ਕੀਤੇ ਗਏ। ਸੀ ਆਰ ਆਈ ਪੰਪਸ ਪੁਰਸਕਾਰ ਵਿਚ ਇਕ ਚੋਣ ਪਿੰਡ ਕੋਟ ਫਤੂਹੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੁਰਦੀਪ ਸਿੰਘ ਦੀ ਹੋਈ ਅਤੇ ਸਹਾਇਕ ਕਿੱਤਿਆਂ ਲਈ ਮੁੱਖ ਮੰਤਰੀ ਪੁਰਸਕਾਰ ਪਿੰਡ ਧੋਗੜੀ ਦੇ ਸ. ਪਵਨੀਤ ਸਿੰਘ ਨੂੰ ਦਿੱਤਾ ਗਿਆ। ਇਸੇ ਤਰ੍ਹਾਂ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਪੁਰਸਕਾਰ ਪਿੰਡ ਕਾਕੜਾ ਦੇ ਸ. ਬਲਜੀਤ ਸਿੰਘ ਨੂੰ ਦਿੱਤਾ ਗਿਆ। ਪ੍ਰਧਾਨਗੀ ਮੰਡਲ ਨੇ ਆਪਣੇ ਕਰ-ਕਮਲਾਂ ਨਾਲ ਇਹਨਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ।