ਟੀਚਰਜ਼ ਹੋਮ ਬਠਿੰਡਾ ਵਿਖੇ ਅੱਠਵੀਂ ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ ਕਰਵਾਈ ਗਈ
ਅਸ਼ੋਕ ਵਰਮਾ
ਬਠਿੰਡਾ, 12 ਮਾਰਚ: ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਅੱਠਵੀਂ ਕੇਸਰ ਸਿੰਘ ਵਾਲਾ ਕਹਾਣੀ ਗੋਸ਼ਟੀ ਕਰਵਾਈ ਗਈ ਜੋ ਕਿ ਪਹਿਲਾਂ ਇਸ ਸਮਾਗਮ ਦੇ ਮੁੱਖ ਕਨਵੀਨਰ ਹਰਬੰਸ ਸਿੰਘ ਬਰਾੜ ਦੇ ਪਿੰਡ ਕੇਸਰ ਸਿੰਘ ਵਾਲਾ ਵਿਖੇ ਸਥਿਤ ਫਾਰਮ ਹਾਊਸ ਤੇ ਕਰਵਾਈ ਜਾਂਦੀ ਸੀ। ਸਾਹਿਤਕਾਰਾਂ ਦੀ ਸਹੂਲਤ ਨੂੰ ਦੇਖਦਿਆਂ ਇਸ ਵਾਰ ਇਹ ਗੋਸ਼ਟੀ ਕਰਵਾਉਣ ਲਈ ਟੀਚਰਜ਼ ਹੋਮ ਬਠਿੰਡਾ ਦੀ ਚੋਣ ਕੀਤੀ ਗਈ੍ ਹੈ । ਇਸ ਦੋ ਦਿਨਾਂ ਗੋਸ਼ਟੀ ਵਿੱਚ ਉੱਘੇ ਕਹਾਣੀਕਾਰਾਂ, ਆਲੋਚਕਾਂ ਤੇ ਸਾਹਿਤਕ ਪ੍ਰੇਮੀਆਂ ਨੇ ਭਾਗ ਲਿਆ। ਇਸ ਗੋਸ਼ਟੀ ਵਿੱਚ ਪੇਸ਼ ਕੀਤੀਆਂ ਕਥਾ ਰਚਨਾਵਾਂ ਦੇ ਵਿਸ਼ੇ ਸ਼ਹਿਰੀ ਮੱਧਵਰਗੀ ਮਾਨਸਿਕਤਾ, ਜਾਇਦਾਦ ਕਾਰਨ ਬਦਲਦੇ ਰਿਸ਼ਤੇ, ਪ੍ਰਵਾਸ ਦੇ ਦੁਰਪ੍ਰਭਾਵ, ਨਸ਼ੇ, ਡੇਰਾਵਾਦ ਆਦਿ ਉੱਪਰ ਆਧਾਰਤ ਸਨ।
ਸਮਾਗਮ ਦੇ ਪਹਿਲੇ ਦਿਨ ਚਰਨਜੀਤ ਸਮਾਲਸਰ ਨੇ ਆਪਣੀ ਕਹਾਣੀ ‘ਪੁੜਾਂ ’ਚ ਪਿਸਦੀ ਜਿੰਦਗੀ’ ਪੜ੍ਹੀ, ਜਿਸਤੇ ਪ੍ਰੋ: ਗੁਰਬਿੰਦਰ ਨੇ ਆਲੋਚਨਾਤਮਕ ਟਿੱਪਣੀਆਂ ਕੀਤੀਆਂ।
ਜਸਪਾਲ ਕੌਰ ਵੱਲੋਂ ਪੇਸ਼ ਕਹਾਣੀ ‘ਫੈਸਲਾ’ ਤੇ ਡਾ: ਗੁਰਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਬਰਾੜ ਵੱਲੋਂ ਪੜ੍ਹੀ ਕਹਾਣੀ ‘ਮੈਡਮ ਦਾ ਕੁੱਤਾ’ ਉੱਪਰ ਡਾ: ਹਰੀਸ਼ ਨੇ ਭਖ਼ਵੀਂ ਆਲੋਚਨਾ ਦਾ ਅਰੰਭ ਕੀਤਾ। ਦੂਜੇ ਦਿਨ ਦੇ ਸੈਸ਼ਨ ਵਿੱਚ ਅਲਫਾਜ਼ ਨੇ ਆਪਣੀ ਕਹਾਣੀ ‘ਜੈਸਮੀਨ’ ਪੇਸ਼ ਕੀਤੀ, ਜਿਸਤੇ ਪ੍ਰੋ: ਪਰਮਜੀਤ ਨੇ ਆਲੋਚਨਾਤਮਕ ਟਿੱਪਣੀਆਂ ਪੇਸ਼ ਕੀਤੀਆਂ ਅਤੇ ਰਵਿੰਦਰ ਰੁਪਾਲ ਕੌਲਗੜ੍ਹ ਨੇ ਕਹਾਣੀ ‘ਮੈਂ ਲਾਸ਼ੇ ਬਨਾਤਾ ਹੂੰ’ ਪੜ੍ਹੀ, ਜਿਸ ਉੱਪਰ ਆਲੋਚਨਾ ਦਾ ਅਰੰਭ ਪ੍ਰੋ: ਮਨਜੀਤ ਸਿੰਘ ਨੇ ਕੀਤਾ। ਪੇਸ਼ ਰਚਨਾਵਾਂ ਤੇ ਭਖ਼ਵੀਂ ਬਹਿਸ ਹੋਈ, ਜਿਸ ਵਿੱਚ ਕਹਾਣੀਆਂ ਦੇ ਵਿਸ਼ੇ, ਬਣਤਰ ਤੇ ਬੁਣਤਰ, ਨਿਭਾਅ ਆਦਿ ਨੂੰ ਪਰਖਿਆ ਅਤੇ ਸੁਝਾਅ ਵੀ ਪੇਸ਼ ਕੀਤੇ। ਇਸ ਗੋਸਟੀ ਵਿੱਚ ਨਵਾਂਪਣ ਇਹ ਸੀ ਕਿ ਇਸ ਵਾਰ ਸਾਰੇ ਕਹਾਣੀਕਾਰ ਨਵੇਂ ਸਨ ਅਤੇ ਆਲੋਚਕ ਵੀ ਨੌਜਵਾਨ ਅਤੇ ਉੱਚ ਸਿੱਖਿਆ ਪ੍ਰਾਪਤ ਅਧਿਆਪਕ ਸਨ, ਜੋ ਪੀ ਐੱਚ ਡੀ ਕਰ ਚੁੱਕੇ ਹਨ ਜਾਂ ਕਰ ਰਹੇ ਹਨ।
ਇਸ ਦੌਰਾਨ ਗੱਲ ਕਰਦਿਆਂ ਨਾਵਲਕਾਰ ਜਸਪਾਲ ਮਾਨਖੇੜਾ ਨੇ ਕਿਹਾ ਕਿ ਪੰਜਾਬ ਵਿੱਚ ਦੀਵਾ ਬਲੇ ਸਾਰੀ ਰਾਤ, ਸਮਾਂਨਾਤਰ ਆਦਿ ਗੋਸ਼ਟੀਆਂ ਦੀ ਪਰੰਪਰਾ ਰਹੀ ਹੈ। ਡਲਹੌਜੀ ਵਿਖੇ ਵੀ ਕਹਾਣੀ ਗੋਸ਼ਟੀ ਕੀਤੀ ਜਾਂਦੀ ਹੈ, ਉਸੇ ਤਰਜ ਤੇ ਕੇਸਰ ਸਿੰਘ ਵਾਲਾ ਗੋਸ਼ਟੀ ਦੀ ਸ਼ੁਰੂਆਤ ਕੀਤੀ ਗਈ ਸੀ, ਜੋ ਅੱਠਵੀਂ ਚੋਟੀ ਸਰ ਕਰ ਚੁੱਕੀ ਹੈ। ਗੋਸ਼ਟੀ ਸਮਾਗਮ ਦੇ ਮੁੱਖ ਕਨਵੀਨਰ ਹਰਬੰਸ ਸਿੰਘ ਬਰਾੜ ਨੇ ਕਿਹਾ ਕਿ ਕਹਾਣੀ ਗੋਸ਼ਟੀ ਸ਼ੁਰੂ ਕਰਨ ਸਮੇਂ ਰੱਖੀਆਂ ਉਮੀਦਾਂ ਤੇ ਖ਼ਰੀ ਉੱਤਰ ਰਹੀ ਹੈ, ਪੇਸ਼ ਕੀਤੀਆਂ ਕਹਾਣੀਆਂ ਤੇ ਉਸਾਰੂ ਬਹਿਸ ਕੀਤੀ ਜਾਂਦੀ ਹੈ। ਇਹ ਗੋਸ਼ਟੀ ਨਵੇਂ ਸਾਹਿਤਕਾਰਾਂ ਲਈ ਸਕੂਲ ਦੀ ਭੂਮਿਕਾ ਵੀ ਨਿਭਾ ਰਹੀ ਹੈ। ਕਹਾਣੀਕਾਰ ਭੋਲਾ ਸਿੰਘ ਸੰਘੇੜਾ ਨੇ ਕਿਹਾ ਕਿ ਕਹਾਣੀ ਦੀ ਬੁਣਤਰ ਸੰਘਣੀ ਤੇ ਅੰਤ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਹੈ। ਖੁਸਵੰਤ ਬਰਗਾੜੀ ਨੇ ਕਿਹਾ ਕਿ ਕਹਾਣੀ ਦਾ ਅੰਤ ਪਾਠਕ ਨੂੰ ਝੰਜੋੜ ਦੇਣ ਵਾਲਾ ਹੋਣਾ ਚਾਹੀਦਾ ਹੈ।
ਪਰਮਜੀਤ ਮਾਨ ਦਾ ਕਹਿਣਾ ਸੀ ਕਿ ਲੇਖਕ ਨੂੰ ਕਹਾਣੀ ਵਿੱਚ ਸਮੇਂ ਦੀ ਨਬਜ਼ ਨੂੰ ਪਕੜਦਿਆਂ ਸਵਾਲ ਜਰੂਰ ਖੜੇ ਕਰਨੇ ਚਾਹੀਦੇ ਹਨ। ਕਹਾਣੀਕਾਰ ਅਤਰਜੀਤ ਨੇ ਕਿਹਾ ਕਿ ਕਹਾਣੀਕਾਰ ਉਸ ਸਮੇਂ ਨੂੰ ਆਪਣੀ ਰਚਨਾ ਵਿੱਚ ਜਰੂਰ ਲਿਆਵੇ, ਜਿਸ ਦੌਰ ਵਿੱਚ ਉਹ ਵਿਚਰ ਰਿਹਾ ਹੈ। ਦਰਸ਼ਨ ਜੋਗਾ ਦਾ ਕਹਿਣਾ ਸੀ ਕਿ ਕਹਾਣੀ ਸ਼ਿਲਪ ਵਿਧਾਨ ਨੂੰ ਚੰਗੀ ਤਰ੍ਹਾਂ ਸਮਝ ਕੇ ਹੀ ਸਿਰਜਣੀ ਚਾਹੀਦੀ ਹੈ ਤੇ ਕਾਹਲ ਤੋਂ ਗੁਰੇਜ ਕਰਨਾ ਚਾਹੀਦਾ ਹੈ। ਭੁਪਿੰਦਰ ਮਾਨ ਨੇ ਕਿਹਾ ਕਿ ਕਹਾਣੀ ਦੀ ਵਿਸ਼ਵਵਿਆਪੀ ਪਹੁੰਚ ਹੋਣਾ ਮਾਣ ਵਾਲੀ ਗੱਲ ਹੈ, ਇਸ ਨਾਲ ਪੰਜਾਬੀ ਦਾ ਦਾਇਰਾ ਵਸੀਹ ਹੋਵੇਗਾ। ਇਹਨਾਂ ਕਹਾਣੀਆਂ ਤੇ ਹੋਈ ਚਰਚਾ ’ਚ ਆਗਾਜ਼ਵੀਰ, ਬਲਵਿੰਦਰ ਸਿੰਘ ਭੁੱਲਰ, ਕਾ: ਜਰਨੈਲ ਸਿੰਘ, ਦੀਪ ਦਿਲਵਰ, ਜਸਵਿੰਦਰ ਸੁਰਗੀਤ, ਸੰਦੀਪ ਰਾਣਾ, ਰਮੇਸ ਗਰਗ, ਕਮਲ ਬਠਿੰਡਾ, ਦਮਜੀਤ ਦਰਸ਼ਨ, ਅਮਰਜੀਤ ਮਾਨ, ਮਨਦੀਪ ਡਡਿਆਣਾ, ਰਣਬੀਰ ਰਾਣਾ ਆਦਿ ਨੇ ਵੀ ਭਾਗ ਲਿਆ।