ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਨੇ ਸਿਵਲ ਹਸਪਤਾਲ ਰੂਪਨਗਰ ਦਾ ਅਚਨਚੇਤ ਦੌਰਾ ਕੀਤਾ
ਦਰਸ਼ਨ ਗਰੇਵਾਲ
- ਹਰ 5-10 ਕਿਲੋਮੀਟਰ ਦੇ ਅੰਦਰ ਐਮਰਜੇਂਸੀ ਸੇਵਾਵਾਂ ਮੁਹਈਆ ਕਰਵਾਈਆਂ ਜਾਣਗੀਆਂ
- ਆਉਣ ਵਾਲੇ ਸਮੇਂ 1000 ਦੇ ਕਰੀਬ ਡਾਕਟਰਾਂ ਦੀ ਭਰਤੀ ਜਲਦ ਕੀਤੀ ਜਾਵੇਗੀ
ਰੂਪਨਗਰ, 10 ਮਾਰਚ 2025: ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਦੇ ਮੰਤਵ ਤਹਿਤ ਅੱਜ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵਲੋਂ ਸਥਾਨਕ ਸਿਵਲ ਹਸਪਤਾਲ ਰੂਪਨਗਰ ਦਾ ਅਚਨਚੇਤ ਦੌਰਾ ਕੀਤਾ ਗਿਆ।
ਇਸ ਮੌਕੇ ਉਹਨਾਂ ਵੱਲੋਂ 26 ਜਨਵਰੀ 2023 ਤੋਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਮੁਫਤ ਦਵਾਈਆਂ ਦੀ ਸੇਵਾਵਾਂ ਲੈਣ ਵਾਲੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਮਿਲ ਰਹੀਆਂ ਮੁਫਤ ਦਵਾਈਆਂ ਦਾ ਨਿਰੀਖਣ ਕੀਤਾ ਅਤੇ ਇਸ ਦੇ ਨਾਲ ਹੀ ਡਿਸਪੈਂਸਰੀ, ਮੈਡੀਸਨ, ਈ.ਐਨ.ਟੀ, ਅੱਖਾਂ ਦੀ ਓਪੀਡੀ, ਹੱਡੀਆਂ ਦੇ ਰੋਗਾਂ ਦੀ ਓਪੀਡੀ, ਜੱਚਾ ਬੱਚਾ ਵਾਰਡ ਵਿਖੇ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ , ਬੱਚਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਅਤੇ ਓਪੀਡੀ ਰਜਿਸਟਰੇਸ਼ਨ ਕਾਊਂਟਰ ਦਾ ਦੌਰਾ ਕੀਤਾ ਗਿਆ ਤੇ ਮਰੀਜ਼ਾਂ ਨਾਲ ਗੱਲਬਾਤ ਕਰਕੇ ਦਿੱਤੀਆਂ ਜਾ ਰਹੀਆਂ ਸਿਹਤ ਸੁਵਿਧਾਵਾਂ ਬਾਰੇ ਜਾਇਜ਼ਾ ਲਿਆ ਗਿਆ।
ਇਸ ਮੌਕੇ ਉਨ੍ਹਾਂ ਸਿਵਲ ਸਰਜਨ ਰੂਪਨਗਰ ਨੂੰ ਹਦਾਇਤ ਕੀਤੀ ਕਿ ਜਿਲ੍ਹੇ ਦੀ ਕਿਸੇ ਵੀ ਸਿਹਤ ਸੰਸਥਾ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਡਾਕਟਰੀ ਜਾਂਚ ਲਈ ਲੰਬਾ ਇੰਤਜ਼ਾਰ ਨਾ ਕਰਨਾ ਪਵੇ। ਇਸ ਲਈ ਨਰਸਿੰਗ ਵਿਦਿਆਰਥਣਾ ਦੀਆਂ ਡਿਊਟੀਆਂ ਲਗਾਈਆਂ ਜਾਣ, ਮੈਡੀਸਨ ਓਪੀਡੀ ਵਿਖੇ ਜੂਨੀਅਰ ਡਾਕਟਰਾਂ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਸਪੈਸ਼ਲਿਸਟ ਡਾਕਟਰ ਨੂੰ ਪ੍ਰਤੀ ਮਰੀਜ਼ ਲਈ ਜਿਆਦਾ ਸਮਾਂ ਨਾ ਲੱਗੇ।
ਉਹਨਾਂ ਡਾਕਟਰਾਂ ਨੂੰ ਕਿਹਾ ਕਿ ਆਉਣ ਵਾਲੇ ਮਰੀਜ਼ਾਂ ਨਾਲ ਉਹਨਾਂ ਦੀ ਬਿਮਾਰੀ ਸਬੰਧੀ ਚੰਗੀ ਤਰ੍ਹਾਂ ਕੌਂਸਲਿੰਗ ਕੀਤੀ ਜਾਵੇ ਅਤੇ ਉਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਹਰ ਤਰ੍ਹਾਂ ਦੀ ਸਿਹਤ ਸਮੱਸਿਆ ਨੂੰ ਠੀਕ ਕਰਨ ਦਾ ਭਰੋਸਾ ਦਿੱਤਾ ਜਾਵੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਮੂਹ ਪੰਜਾਬ ਸਰਕਾਰ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਦੀ ਕਾਇਆਕਲਪ ਕਰਨ ਲਈ ਯਤਨਸ਼ੀਲ ਹੈ ਤਾਂ ਜੋ ਲੋਕਾਂ ਨੂੰ ਚੰਗੀਆਂ ਤੇ ਮਿਆਰੀ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਲਈ ਅਨੇਕ ਉਪਰਾਲੇ ਕਰ ਰਹੀ ਹੈ। ਇਨ੍ਹਾਂ ਉਪਰਾਲਿਆਂ ਤਹਿਤ ਹੀ ਪੰਜਾਬ ਸਰਕਾਰ ਵੱਲੋਂ 400 ਡਾਕਟਰਾਂ ਦੀ ਭਰਤੀ ਕੀਤੀ ਗਈ ਸੀ ਜਿਸ ਵਿੱਚੋਂ 300 ਦੇ ਕਰੀਬ ਅਸਾਮੀਆਂ ਉਤੇ ਜੁਆਇਨ ਕਰ ਲਿਆ ਗਿਆ ਹੈ। ਸਿਹਤ ਸੇਵਾਵਾਂ ਦੇ ਸੁਧਾਰ ਵਿਚ ਹੋਰ ਤੇਜ਼ੀ ਲਿਆਉਣ ਲਈ ਆਉਣ ਵਾਲੇ ਸਮੇਂ ਵਿੱਚ 1000 ਦੇ ਕਰੀਬ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦੇ ਡਿਜੀਟਲ ਰਿਕਾਰਡ ਮਨਟੈਨ ਕੀਤੇ ਜਾਣਗੇ ਅਤੇ ਹਸਪਤਾਲਾਂ ਦੀ ਇਮਾਰਤਾਂ ਨਵੀਨੀਕਰਨ ਕੀਤਾ ਜਾ ਰਿਹਾ ਹੈ ਜਿਸ ਨਾਲ ਸਿਹਤ ਸੇਵਾਵਾਂ ਵਿਚ ਬਹੁਤ ਉੱਚ ਪੱਧਰੀ ਸੁਧਾਰ ਹੋਵੇਗਾ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਮਿਆਰੀ ਤੇ ਸਿਹਤ ਸਹੂਲਤਾਂ ਘਰ ਦੇ ਨੇੜੇ ਪ੍ਰਦਾਨ ਕਰਨ ਲਈ 5 ਤੋਂ 10 ਕਿਲੋਮੀਟਰ ਦੇ ਅੰਦਰ-ਅੰਦਰ 500 ਦੇ ਕਰੀਬ ਜੱਚਾ-ਬੱਚਾ ਹਸਪਤਾਲ ਤੇ ਐਮਰਜੈਂਸੀ ਬਣਾ ਕੇ ਐਮਰਜੈਂਸੀ ਸੇਵਾਵਾਂ ਮੁਹਈਆ ਕੀਤੀਆਂ ਜਾਣਗੀਆਂ।
ਉਹਨਾਂ ਕਿਹਾ ਕਿ ਪੰਜਾਬ ਦੇ ਸਮੂਹ ਪਿੰਡ ਵਿੱਚ ਸਿਹਤ ਰੱਖਿਆ ਕਮੇਟੀਆਂ ਬਣਾਈਆਂ ਜਾਣਗੀਆਂ ਜੋ ਕਿ ਪਿੰਡ-ਪਿੰਡ ਜਾ ਕੇ ਗੈਰ ਸੰਚਾਰੀ ਬਿਮਾਰੀਆਂ ਦੇ ਟੈਸਟ ਕਰਨਗੀਆਂ ਜਿਸ ਵਿਚ ਗਰਭਪਤੀ ਔਰਤਾਂ ਦੀ ਜਾਂਚ, ਬੱਚਿਆਂ ਦੀ ਸਿਹਤ ਸਬੰਧੀ ਟੈੱਸਟ ਸ਼ਾਮਿਲ ਹੋਣਗੇ।
ਇਸ ਮੌਕੇ ਸਿਵਲ ਸਰਜਨ ਡਾ. ਤਰਸੇਮ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਉਪਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਤੇ ਸੂਚਨਾ ਅਫਸਰ ਮੈਡਮ ਰਾਜ ਰਾਣੀ, ਮੈਡਮ ਗੁਰਮੀਤ ਕੌਰ ਅਤੇ ਹਸਪਤਾਲ ਦੇ ਸਮੂਹ ਡਾਕਟਰ ਸਾਹਿਬਾਨ ਮੌਜੂਦ ਸਨ।