ਕਿਸਾਨ ਮੋਰਚੇ ਦੇ ਸੱਦੇ ਤਹਿਤ ਵਿਧਾਇਕ ਡਿੰਪੀ ਢਿੱਲੋਂ ਦੀ ਰਿਹਾਇਸ਼ ਅੱਗੇ ਰੋਸ ਧਰਨਾ
ਅਸ਼ੋਕ ਵਰਮਾ
ਗਿੱਦੜਬਾਹਾ, 10 ਮਾਰਚ 2025: ਸੰਯੁਕਤ ਕਿਸਾਨ ਮੋਰਚਾ ਭਾਰਤ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਨਾਲ ਸਬੰਧਿਤ ਮੰਗਾਂ ਲਾਗੂ ਕਰਵਾਉਣ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਤੇ ਭਾਕਿਯੂ ਮਾਲਵਾ ਹੀਰਕੇ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਗੁਰੂਸਰ ਦੀ ਅਗਵਾਈ ਹੇਠ ਬਲਾਕ ਗਿੱਦੜਬਾਹਾ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਆਪ ਸਰਕਾਰ ਦੇ ਐਮਐਲਏ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਰਿਹਾਇਸ਼ ਅੱਗੇ ਰੋਸ ਧਰਨਾ ਦਿੱਤਾ ਅਤੇ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਭਾਕਿਯੂ ਮਾਲਵਾ ਹੀਰਕੇ ਦੇ ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਗੁਰੂਸਰ, ਭਾਕਿਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਸਹਾਇਕ ਸਕੱਤਰ ਗਿੱਦੜਬਾਹਾ ਬਲਾਕ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਕਿ ਮੋਰਚੇ ਦੀਆਂ ਸਾਰੀਆਂ ਮੰਗਾਂ ਕੇਂਦਰ ਨਾਲ ਸਬੰਧਿਤ ਹਨ ਜੋ ਕਿ ਕੋਰਾ ਝੂਠ ਹੈ।
ਉਹਨਾਂ ਕਿਹਾ ਕਿ ਇਸ ਵਾਰ ਉਹੀ ਮੰਗਾਂ ਵਿਚਾਰੀਆਂ ਗਈਆਂ ਸਨ ਜਿਨ੍ਹਾਂ ਤੇ 19 ਦਸੰਬਰ 2023 ਨੂੰ ਵੀ ਇਸ ਤੋਂ ਪਹਿਲਾਂ ਵਿਚਾਰ ਕੀਤਾ ਜਾ ਚੁੱਕਿਆ ਹੈ। ਉਹਨਾਂ ਕਿਹਾ ਕਿ ਇਹ ਉਹ ਮੰਗਾਂ ਹਨ ਜੋ ਲਾਗੂ ਨਹੀਂ ਕੀਤੀਆਂ ਗਈਆਂ ਜਦੋਂ ਕਿ ਕੁਝ ਨਵੀਆਂ ਵੀ ਹਨ। ਉਹਨਾਂ ਦੱਸਿਆ ਕਿ ਨਵੀਆਂ ਮੰਗਾਂ ਵਿੱਚ ਬਾਸਮਤੀ ਮੂੰਗੀ ਮਾਂਹ ਛੋਲੇ ਮੱਕੀ ਤੇ ਸਬਜ਼ੀਆਂ ਆਲੂ ਗੋਭੀ ਮਟਰ ਆਦਿ ਤੇ ਐਮ ਐਸ ਪੀ ਦੇਣ ਦੀ ਮੰਗ ਹੈ। ਕਿਸਾਨਾਂ ਦੀ ਕਰਜ਼ਾ ਮੁਕਤੀ ਹੋਵੇ,ਹਰ ਖੇਤ ਤੇ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ ਅਤੇ ਘਰਾਂ ਵਿੱਚ ਸਾਫ ਸੁਥਰਾ ਪਾਣੀ ਪਹੁੰਚਦਾ ਕੀਤਾ ਜਾਵੇ। ਅਬਾਦਕਾਰਾਂ ਤੇ ਕਾਸ਼ਤਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਖੇਤੀ ਮੋਟਰਾਂ ਤੇ ਮੀਟਰ ਲਾਉਂਣੇ ਅਤੇ ਘਰਾਂ ਵਿੱਚ ਸਮਾਰਟ ਮੀਟਰ ਲਾਉਂਣੇ ਬੰਦ ਕੀਤੇ ਜਾਣ ਆਦਿ18 ਨੁਕਾਤੀ ਮੰਗਾਂ ਦਰਜ਼ ਹਨ। ਇੱਕਤਰ ਵੱਖ ਵੱਖ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਮੰਗਾਂ ਲਾਗੂ ਕਰਵਾਉਣ ਤੱਕ ਸੰਘਰਸ਼ ਜਾਰੀ ਰਹੇਗਾ।
ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਗਿੱਦੜਬਾਹਾ ਰਾਜਿੰਦਰ ਸਿੰਘ ਬੂਟਾ ਸਿੰਘ, ਭਾਕਿਯੂ ਕਾਦੀਆਂ ਦੇ ਹਰਭਜਨ ਸਿੰਘ ਥਰਾਜ ਵਾਲਾ, ਗੁਰਜੰਟ ਸਿੰਘ ਮਧੀਰ ,ਕੌਮੀ ਕਿਸਾਨ ਯੂਨੀਅਨ ਦੇ ਹਰਬੰਸ ਸਿੰਘ ,ਕੁਲਵੰਤ ਸਿੰਘ ਸੋਥਾ, ਭਾਕਿਯੂ ਲੱਖੋਵਾਲ ਦੇ ਨਛੱਤਰ ਸਿੰਘ ਪਿਊਰੀ ,ਭਾਕਿਯੂ ਮਾਲਵਾ ਨਛੱਤਰ ਸਿੰਘ ਜੈਤੋ , ਜਗਦੇਵ ਸਿੰਘ ਮਾਨ, ਗੁਰਸਾਹਿਬ ਸਿੰਘ ਗਿੱਦੜਬਾਹਾ, ਭਾਕਿਯੂ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਮੀਤ ਪ੍ਰਧਾਨ ਜੋਗਿੰਦਰ ਸਿੰਘ ਬੁੱਟਰ ਸਰੀਂਹ , ਰਾਜੂ ਸਿੰਘ ਮੱਲਣ, ਹਰਪਾਲ ਸਿੰਘ ਚੀਮਾ ਧੂਲਕੋਟ ,ਮਿੱਠਾ ਲਾਲ, ਨਾਹਰ ਸਿੰਘ ਦੌਲਾ, ਜਸਪਾਲ ਸਿੰਘ ਪਿਊਰੀ, ਰਣਜੀਤ ਸਿੰਘ ਖਾਲਸਾ ਬੁੱਟਰ ਬਖੂਹਾ, ਸਾਧੂ ਸਿੰਘ ਛੱਤੇਆਣਾ, ਜਗਰਾਜ ਸਿੰਘ ਸੁਖ਼ਨਾ, ਬਿੱਕਰ ਸਿੰਘ ਭਲਾਈਆਣਾ, ਜਸਵੰਤ ਸਿੰਘ ਕੋਟ ਭਾਈ, ਜਸਵੀਰ ਸਿੰਘ ਪੱਪਲਾ, ਮਲਕੀਤ ਸਿੰਘ ਦੋਦਾ, ਜਗਰੂਪ ਸਿੰਘ ਗੁੜੀ ਸੰਘਰ, ਮੱਘਰ ਸਿੰਘ, ਜਗਸੀਰ ਸਿੰਘ ਖਾਲਸਾ ਕੋਟਲੀ, ਹਰਮੇਸ਼ ਸਿੰਘ ਭੁੱਟੀਵਾਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਰਾਜਾ ਸਿੰਘ ਖੂਨਣ ਖੁਰਦ ਅਤੇ ਬਾਜ਼ ਸਿੰਘ ਭੁੱਟੀਵਾਲਾ ਆਦਿ ਆਗੂ ਹਾਜ਼ਰ ਸਨ।