ਵੱਡੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਸ਼ਹਿਰ ਸੁੰਨਾ, ਪੁਲਿਸ ਪ੍ਰਸ਼ਾਸਨ ਸੁੱਤਾ
ਦੀਪਕ ਜੈਨ
ਜਗਰਾਉਂ/10/ਮਾਰਚ 2025 - ਬੀਤੇ ਦਿਨੀ ਸ਼ਹਿਰ ਚ ਦੋ ਵਾਰ ਗੋਲੀ ਚੱਲਣ ਅਤੇ ਇੱਕ ਲੁੱਟ ਦੀ ਨਾ ਕਾਮਯਾਬ ਕੋਸ਼ਿਸ਼ ਦੇ ਬਾਵਜੂਦ ਜਿੱਥੇ ਪੁਲਿਸ ਪ੍ਰਸ਼ਾਸਨ ਘੋੜੇ ਵੇਚ ਕੇ ਸੁੱਤਾ ਪਿਆ ਹੈ, ਉੱਥੇ ਹੀ ਸ਼ਹਿਰ ਵਾਸੀਆਂ ਦੀ ਸੁਰੱਖਿਆ ਰੱਬ ਭਰੋਸੇ ਨਜ਼ਰ ਆ ਰਹੀ ਹੈ। ਬੀਤੇ ਦਿਨਾਂ ਚ ਸ਼ਹਿਰ ਵਿੱਚ ਵਾਪਰੀਆਂ ਅਜਿਹੀਆਂ ਘਟਨਾਵਾਂ ਦੇ ਕਾਰਨ ਆਮ ਜਨਤਾ ਵੀ ਡਰ ਦੇ ਮਾਹੌਲ ਵਿੱਚ ਹੈ। ਜਗਰਾਉਂ ਦੇ ਝਾਂਸੀ ਰਾਣੀ ਚੌਂਕ ਵਿੱਚ ਮਸ਼ਹੂਰ ਸੁਨਿਆਰੇ ਦੀ ਦੁਕਾਨ ਤੇ ਗੋਲੀ ਚੱਲਣ ਦੀ ਦੂਜੀ ਘਟਨਾ ਤੋਂ ਬਾਅਦ ਜਗਰਾਉਂ ਦਾ ਪੂਰਾ ਵਪਾਰੀ ਵਰਗ ਇੱਕਜੁੱਟ ਹੋ ਕੇ ਐਸਐਸਪੀ ਦੇ ਦਰਬਾਰ ਪਹੁੰਚਿਆ ਅਤੇ ਆਪਣੇ ਜਾਨ ਮਾਲ ਦੀ ਰਾਖੀ ਦੀ ਗੁਹਾਰ ਲਗਾਉਂਦਾ ਨਜ਼ਰ ਆਇਆ। ਜਿੱਥੇ ਐਸਐਸਪੀ ਅੰਕੁਰ ਗੁਪਤਾ ਨੇ ਵਪਾਰੀਆਂ ਨੂੰ ਪੂਰਾ ਭਰੋਸਾ ਦਿੰਦਿਆਂ ਹੋਇਆਂ ਇਹ ਵਾਅਦਾ ਕੀਤਾ ਕੀ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਜਾਣ ਮਾਲ ਦੀ ਸੁਰੱਖਿਆ ਦੇ ਲਈ ਵਚਨ ਵੱਧ ਹੈ ਅਤੇ ਹਰ ਸੰਭਵ ਯਤਨ ਕਰ ਰਿਹਾ ਹੈ।
ਲੁਧਿਆਣਾ ਦਿਹਾਤੀ ਦੇ ਕਪਤਾਨ ਵੱਲੋਂ ਵਪਾਰੀਆਂ ਨਾਲ ਕੀਤੇ ਵਾਅਦਿਆਂ ਦੀ ਜਮੀਨੀ ਹਕੀਕਤ ਜਾਨਣ ਲਈ ਜਦੋਂ ਪੱਤਰਕਾਰਾਂ ਵੱਲੋਂ ਰਾਤ ਦੇ ਸਮੇਂ ਪੂਰੇ ਸ਼ਹਿਰ ਦਾ ਦੌਰਾ ਕੀਤਾ ਗਿਆ ਜਿਸ ਵਿੱਚ ਲੁਧਿਆਣਾ ਫਿਰੋਜ਼ਪੁਰ ਮੁੱਖ ਮਾਰਗ ਤੇ ਕੱਚਾ ਮਲਕ ਰੋਡ ਚੌਂਕ, ਬੱਸ ਸਟੈਂਡ ਚੌਂਕ, ਸ਼ੇਰਪੁਰਾ ਚੌਂਕ, ਝਾਂਸੀ ਰਾਣੀ ਚੌਂਕ, ਕਮਲ ਚੌਂਕ, ਸਰਾਫਾ ਬਾਜ਼ਾਰ, ਨਲਕਿਆਂ ਵਾਲਾ ਚੌਂਕ, ਰਾਏਕੋਟ ਅੱਡਾ, ਰਾਏਕੋਟ ਰੋਡ ਦੇ ਨਾਲ ਨਾਲ ਸ਼ਹਿਰ ਦੇ ਹੋਰ ਕਈ ਇਲਾਕਿਆਂ ਵਿੱਚ ਕਿਤੇ ਵੀ ਕੋਈ ਪੁਲਿਸ ਕਰਮੀ ਨਜ਼ਰ ਨਹੀਂ ਆਇਆ ਅਤੇ ਨਾ ਹੀ ਕਿਸੇ ਪੀਸੀਆਰ ਤੇ ਲੱਗੇ ਹੂਟਰਾਂ ਦੀ ਆਵਾਜ਼ ਹੀ ਕੰਨੀ ਪਈ। ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਜਿੱਥੇ ਪੂਰੇ ਸ਼ਹਿਰ ਵਿੱਚ ਕਿਤੇ ਵੀ ਕੋਈ ਪੁਲਿਸ ਕਰਮੀ ਤੈਨਾਤ ਨਹੀਂ ਸੀ ਉੱਥੇ ਹੀ ਪੁਲਿਸ ਸਿਰਫ ਆਪਣੇ ਕਪਤਾਨ ਦੀ ਰਿਹਾਇਸ਼ ਦੇ ਬਾਹਰ ਉਨਾਂ ਦੀ ਰਾਖੀ ਕਰਦੀ ਨਜ਼ਰ ਆਈ।
ਕੀ ਕਹਿਣਾ ਹੈ ਪੁਲਿਸ ਕਪਤਾਨ ਲੁਧਿਆਣਾ ਦਿਹਾਤੀ ਦਾ:-ਇਹ ਸੰਬੰਧ ਵਿੱਚ ਜਦੋਂ ਲੁਧਿਆਣਾ ਦਿਹਾਤੀ ਦੇ ਸੀਨੀਅਰ ਪੁਲਿਸ ਕਪਤਾਨ ਅੰਕੁਰ ਗੁਪਤਾ ਦਾ ਪੱਖ ਜਾਨਣ ਲਈ ਉਹਨਾਂ ਨੂੰ ਫੋਨ ਕੀਤਾ ਗਿਆ ਤਾਂ ਉਹਨਾਂ ਕਿਹਾ ਕੀ ਮੈਂ ਮੀਟਿੰਗ ਵਿੱਚ ਹਾਂ ਮੀਟਿੰਗ ਤੋਂ ਬਾਅਦ ਮੈਂ ਤੁਹਾਨੂੰ ਖੁਦ ਫੋਨ ਕਰਦਾ ਹਾਂ। ਜਦ ਕੁਝ ਘੰਟਿਆਂ ਬਾਅਦ ਦੁਬਾਰਾ ਪੁਲਿਸ ਕਪਤਾਨ ਨੂੰ ਫੋਨ ਲਗਾਇਆ ਗਿਆ ਤਾਂ ਉਨਾਂ ਨੇ ਫੋਨ ਚੁੱਕਣਾ ਮੁਨਾਸਬ ਹੀ ਨਹੀਂ ਸਮਝਿਆ।