ਮੁਸਲਿਮ ਫੈਡਰੇਸ਼ਨ ਆਫ ਪੰਜਾਬ ਵੱਲੋਂ ਕਰਵਾਈ 10ਵੀਂ ਸਰਬ ਧਰਮ ਰੋਜ਼ਾ ਅਫਤਾਰ ਪਾਰਟੀ ਯਾਦਗਾਰੀ ਹੋਰ ਨਿਬੜੀ
- ਰੋਜ਼ਾ ਇਸਲਾਮ ਦੇ ਵੱਡੇ ਪੰਜ ਹੁਕਮਾਂ ਵਿੱਚੋਂ ਇੱਕ,ਜੰਨਤ ਦੇ ਅੱਠ ਦਰਵਾਜ਼ਿਆਂ ਵਿੱਚੋਂ ਇੱਕ ਦਰਵਾਜ਼ਾ ਸਿਰਫ ਰੋਜ਼ੇਦਾਰਾਂ ਲਈ--ਮੁਫਤੀ ਅਬਦੁਲ ਮਲਿਕ ਸਾਹਿਬ
- ਮੁਸਲਿਮ ਫੈੱਡਰੇਸ਼ਨ ਦੇ ਨੌਜਵਾਨ ਵੱਲੋਂ ਪੰਜਾਬ ਅੰਦਰ ਆਪਣੀਆਂ ਲੋਕ ਭਲਾਈ ਕਾਰਜਾਂ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬੜਾਵਾ ਦੇਣ ਲਈ ਕੀਤੀਆਂ ਕੋਸ਼ਿਸ਼ਾਂ ਸ਼ਲਾਘਾਯੋਗ - ਡਾ.ਜਮੀਲ ਉਰ ਰਹਿਮਾਨ
- ਮੁਸਲਿਮ ਫੈੱਡਰੇਸ਼ਨ ਦੁਆਰਾ ਆਪਸੀ ਭਾਈਚਾਰਕ ਅਤੇ ਗੰਗਾ ਜਮਨੀ ਤਹਿਜ਼ੀਬ ਨੂੰ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ- ਬਾਬਾ ਮਨਪ੍ਰੀਤ ਸਿੰਘ
- ਵਿਧਾਇਕ ਡਾਕਟਰ ਜਮੀਲ ਰਹਿਮਾਨ,ਮੁਸਲਿਮ ਫੈਡਰੇਸ਼ਨ ਦੇ ਮੈਂਬਰਾਂ ਅਤੇ ਪਹੁੰਚੇ ਪਤਵੰਤਿਆਂ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ ਦੇਣ ਲਈ ਈਦਗਾਹ ਵਿਖੇ ਲਗਾਇਆ ਗਿਆ ਖੰਜੂਰ ਦਾ ਬੂਟਾ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 10 ਮਾਰਚ 2023: ਮਾਲੇਰਕੋਟਲਾ ਦੀ ਨਾਮਵਰ ਸਮਾਜੀ ਜਥੇਬੰਦੀ ਮੁਸਲਿਮ ਫੈੱਡਰੇਸ਼ਨ ਆਫ ਪੰਜਾਬ ਵੱਲੋਂ ਬੀਤੀ ਕੱਲ ਦੇਰ ਸ਼ਾਮ ਏਸ਼ੀਆ ਦੀ ਸਭ ਤੋਂ ਖ਼ੂਬਸੂਰਤ ਵੱਡੀ ਈਦਗਾਹ ਮਾਲੇਰਕੋਟਲਾ ਵਿਖੇ ਰਮਜ਼ਾਨ ਮੁਬਾਰਕ ਮਹੀਨੇ ਦੇ ਚੱਲਦਿਆਂ ਸਰਬ ਧਰਮ ਰੋਜ਼ਾ ਇਫ਼ਤਾਰ ਪਾਰਟੀ ਦਾ ਆਯੋਜਨ ਕੀਤਾ ਗਿਆ।ਇਫਤਾਰ ਪਾਰਟੀ ‘ਚ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ.ਜਮੀਲ-ਉਰ-ਰਹਿਮਾਨ, ਸਟਾਰ ਇੰਪੈਕਟ ਦੇ ਜੀ.ਐਮ ਮੁਹੰਮਦ ਯੂਨਸ ਬਖਸ਼ੀ, ਮੁਫਤੀ ਅਬਦੁਲ ਮਲਿਕ, ਡਾ.ਕਰਨਵੀਰ ਸਿੰਘ, ਡਾ.ਸੋਰਭ ਕਪੂਰ, ਡਾ.ਸ਼ਮਸ਼ਾਦ, ਸਤਨਾਮ ਪੰਜਾਬੀ (ਪੰਜਾਬੀ ਗਾਇਕ), ਸੰਤ ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਵਾਲੇ, ਕੂਕਾ ਸਮਾਰਕ ਦੇ ਹੈੱਡ ਗੁਰਸੇਵਕ ਸਿੰਘ ਨਾਮਧਾਰੀ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਰੋਜ਼ੇ ਦੀ ਮਹੱਤਤਾ ਦੱਸਦਿਆਂ ਮੁਫਤੀ ਅਬਦੁਲ ਮਲਿਕ ਸਾਹਿਬ ਨੇ ਕਿਹਾ ਕਿ ਰੋਜ਼ਾ ਇਸਲਾਮ ਦੇ ਵੱਡੇ ਪੰਜ ਹੁਕਮਾਂ ਵਿੱਚੋਂ ਇੱਕ ਹੁਕਮ ਹੈ ਜਿਸ ਤੇ ਇਸਲਾਮ ਦੀ ਹੋਂਦ ਹੈ। ਉਨ੍ਹਾਂ ਕਿਹਾ ਕਿ ਰੱਬ ਪਰਵਰਦਿਗਾਰ ਕੋਲ ਰੋਜ਼ਾ ਰੱਖਣ ਵਾਲਿਆਂ ਲਈ ਬਹੁਤ ਵੱਡੇ ਇਨਾਮ ਹਨ। ਉਨ੍ਹਾਂ ਕਿਹਾ ਕਿ ਹਜ਼ਰਤ ਮੁਹੰਮਦ ਫਰਮਾਉਂਦੇ ਹਨ ਕਿ ਜੰਨਤ ਦੇ ਅੱਠ ਦਰਵਾਜ਼ਿਆਂ ਵਿੱਚੋਂ ਇੱਕ ਦਰਵਾਜ਼ਾ ਸਿਰਫ ਰੋਜ਼ੇਦਾਰਾਂ ਲਈ ਹੈ।ਉਨ੍ਹਾਂ ਦੱਸਿਆ ਕਿ ਰੱਬ ਅੱਗੇ ਰੋਜ਼ਾ ਸਿਫ਼ਾਰਸ਼ ਕਰੇਗਾ ਕਿ ਮੈਨੇ ਇਸ ਨੂੰ ਭੁੱਖਾ ਅਤੇ ਪਿਆਸਾ ਰੱਖਿਆ ਅਤੇ ਹਰੇਕ ਨਫਸਾਨੀ ਚਾਹਤ ਤੋਂ ਦੂਰ ਰੱਖਿਆ ਇਸ ਲਈ ਮੇਰੀ ਸਿਫ਼ਾਰਸ਼ ਕਬੂਲ ਕੀਤੀ ਜਾਵੇ।ਮੁਫਤੀ ਸਾਹਿਬ ਨੇ ਕਿਹਾ ਕਿ ਰੋਜ਼ਾ ਮਨੁੱਖ ਨੂੰ ਬੁਰਾਈਆਂ ਤੋਂ ਰੋਕ ਕੇ ਚੰਗੇ ਰਾਹ ਵੱਲ ਲਿਜਾਂਦਾ ਹੈ ਅਤੇ ਰੋਜ਼ਾ ਰੱਖਣ ਦਾ ਮਤਲਬ ਸਿਰਫ਼ ਭੁੱਖੇ-ਪਿਆਸੇ ਰਹਿਣਾ ਨਹੀਂ ਬਲਕਿ ਆਪਣੀਆਂ ਅੱਖਾਂ,ਆਪਣੀ ਜ਼ੁਬਾਨ ਅਤੇ ਕੰਨਾਂ ਦਾ ਵੀ ਰੋਜ਼ਾ ਰੱਖਣਾ ਹੁੰਦਾ ਹੈ।
ਇਸ ਮੌਕੇ ਤੇ ਰੋਜ਼ਾ ਅਫਤਾਰੀ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਮਾਲੇਰਕੋਟਲਾ ਦੇ ਵਿਧਾਇਕ ਡਾ.ਜਮੀਲ ਉਰ ਰਹਿਮਾਨ,ਬਾਬਾ ਮਨਪ੍ਰੀਤ ਅਲੀਪੁਰ ਖਾਲਸਾ ਨੇ ਕਿਹਾ ਕਿ ਮੁਸਲਿਮ ਫੈੱਡਰੇਸ਼ਨ ਦੇ ਨੌਜਵਾਨ ਵੱਲੋਂ ਅਜਿਹੇ ਕਾਰਜਾਂ ਨਾਲ ਆਪਸੀ ਭਾਈਚਾਰਕ ਸਾਂਝ ਨੂੰ ਬੜਾਵਾ ਦੇਣ ਲਈ ਕੀਤੀਆਂ ਕੋਸ਼ਿਸ਼ਾਂ ਸ਼ਲਾਘਾਯੋਗ ਹਨ। ਮੁਸਲਿਮ ਫੈੱਡਰੇਸ਼ਨ ਦੁਆਰਾ ਆਪਸੀ ਭਾਈਚਾਰਕ ਅਤੇ ਗੰਗਾ ਜਮਨੀ ਤਹਿਜ਼ੀਬ ਨੂੰ ਬਰਕਰਾਰ ਰੱਖਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁਸਲਿਮ ਫੈੱਡਰੇਸ਼ਨ ਆਫ ਪੰਜਾਬ ਦੇ ਨੌਜਵਾਨ ਮੁੱਢ ਤੋਂ ਹੀ ਪੂਰੇ ਪੰਜਾਬ ਅੰਦਰ ਆਪਣੀਆਂ ਲੋਕ ਭਲਾਈ ਕਾਰਜਾਂ ਰਾਹੀਂ ਜਿੱਥੇ ਪੰਜਾਬ ਦੇ ਵੱਖੋ ਵੱਖ ਇਲਾਕਿਆਂ ਅੰਦਰ ਵਸ ਰਹੇ ਮੁਸਲਿਮ ਭਾਈਚਾਰੇ ਦੇ ਲੋਕਾਂ ਲਈ ਸ਼ਲਾਘਾਯੋਗ ਕੰਮ ਕਰ ਰਹੇ ਹਨ, ਉਥੇ ਹੀ ਅਜਿਹੇ ਸਮਾਜੀ ਪ੍ਰੋਗਰਾਮ ਕਰਵਾ ਕਿ ਮਾਲੇਰਕੋਟਲਾ ਇਲਾਕੇ ਦੀ ਆਪਸੀ ਭਾਈਚਾਰਕ ਅਤੇ ਗੰਗਾ ਜ਼ਮਨੀ ਤਹਿਜ਼ੀਬ ਨੂੰ ਬਰਕਰਾਰ ਰੱਖਣ ਲਈ ਉਪਰਾਲਿਆਂ ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ।
ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਤਸ਼ਰੀਫ ਲਿਆਏ ਸਤਨਾਮ ਪੰਜਾਬੀ ਵੱਲੋਂ ਨਾਅਤ ਪੜ੍ਹ ਕੇ ਖੂਬ ਵਾਹ ਵਾਹ ਖੱਟੀ ਗਈ। ਆਖ਼ਿਰ ਵਿੱਚ ਮੁਸਲਿਮ ਫੈਡਰੇਸ਼ਨਾਂ ਪੰਜਾਬ ਦੇ ਪ੍ਰਧਾਨ ਐਡਵੋਕੇਟ ਮੂਬੀਨ ਫਾਰੂਕੀ ਨੇ ਸਾਰੇ ਪਹੁੰਚੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਆਖ਼ਿਰ ਜਿਉਂ ਹੀ ਰੋਜ਼ਾ ਖੋਲ੍ਹਣ ਲਈ ਸਾਇਰਨ ਦੀ ਆਵਾਜ਼ ਆਈ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਪਹੁੰਚੇ ਵੱਖੋ ਵੱਖ ਧਰਮਾਂ ਦੇ ਪਤਵੰਤਿਆਂ ਨੇ ਇੱਕੋ ਦਸਤਰਖਾਨ ਤੇ ਰੋਜ਼ਾ ਅਫਤਾਰੀ ਕਰ ਕੇ ਪੂਰੀ ਦੁਨੀਆ ਦੇ ਲੋਕਾਂ ਨੂੰ ,"ਆਪਸੀ ਭਾਈਚਾਰਕ ਏਕਤਾ" ਦਾ ਸਬੂਤ ਦਿੱਤਾ ਅਤੇ ਮਗਰਿਬ ਦੀ ਨਮਾਜ਼ ਪੜ੍ਹ ਕੇ ਸਾਰੇ ਲੋਕਾਂ ਨੇ ਇੱਥੇ ਹੀ ਰਾਤ ਦਾ ਖਾਣਾ ਖਾਧਾ ਅਤੇ ਗੈਰ ਮੁਸਲਿਮ ਭਰਾਵਾਂ ਲਈ ਵਿਸ਼ੇਸ਼ ਤੌਰ ਤੇ ਵੈਸ਼ਨੂੰ ਖਾਣੇ ਦਾ ਇੰਤਜ਼ਾਮ ਕੀਤਾ ਗਿਆ। ਸਮਾਗਮ ਦੇ ਆਖਰ ਵਿੱਚ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਸਮੇਤ ਪਹੁੰਚੇ ਪਤਵੰਤਿਆਂ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਦਾ ਸੁਨੇਹਾ ਦੇਣ ਲਈ ਈਦਗਾਹ ਵਿਖੇ ਇੱਕ ਬੂਟਾ ਲਗਾਇਆ ਗਿਆ। ਇਸ ਮੌਕੇ ਡਾਕਟਰ ਜਮੀਲ ਉਰ ਰਹਿਮਾਨ,ਚੇਅਰਮੈਨ ਮਾਰਕੀਟ ਕਮੇਟੀ ਮਾਲੇਰਕੋਟਲਾ ਜਾਫ਼ਰ ਅਲੀ,ਪ੍ਰਧਾਨ ਅਬਦੁਲ ਹਲੀਮ ਮਿਲਕੋਵੈਲ,ਈਦਗਾਹ ਕਮੇਟੀ ਦੇ ਪ੍ਰਧਾਨ ਮੁਹੰਮਦ ਨਜ਼ੀਰ,ਮੁਹੰਮਦ ਯੂਨਸ ਮਲਿਕ ਜੀ.ਐੱਮ ਸਟਾਰ ਇੰਪੈਕਟ,ਮੁਹੰਮਦ ਬਾਬਾ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ,ਮੁਹੰਮਦ ਸ਼ਹਿਜ਼ਾਦ ਜੀਰੂ ਰਹਿਮਾਨੀ ਢਾਬਾ,ਮੁਹੰਮਦ ਸਮਾਜ ਸੇਵੀ ਪ੍ਰਵੇਜ਼ ਖਾਨ ਅਰਮੀਨੀਆ,ਐਡਵੋਕੇਟ ਮੁਹੰਮਦ ਅਸਲਮ ਸਕੱਤਰ ਜ਼ਿਲ੍ਹਾ ਬਾਰ ਐਸੋਸੀਏਸ਼ਨ,ਮੀਤ ਪ੍ਰਧਾਨ ਐਡਵੋਕੇਟ ਮੁਹੰਮਦ ਕਾਸਿਮ,ਖਜਾਨਚੀ ਗੋਤਮ ਜੈਨ,ਸਤਨਾਮ ਪੰਜਾਬੀ,ਸਾਾਬਕਾ ਡੀ.ਈ.ਓ ਮੁਹੰਮਦ ਖਲੀਲ,ਕੂਕਾ ਗੁਰਸੇਵਕ ਸਿੰਘ ਨਾਮਧਾਰੀ,ਡਾ.ਸੌਰਵ ਕਪੂਰ,ਡਾ.ਮੁਹੰਮਦ ਸ਼ਮਸ਼ਾਦ,ਸਿਰਾਜ ਅਹਿਮਦ ਸੇਵਾ ਮੁਕਤ ਤਹਿਸੀਲਦਾਰ,ਆਪ ਆਗੂ ਆਜ਼ਮ ਦਾਰਾ,ਵਸੀਮ ਸ਼ੇਖ, ਮੁਹੰਮਦ ਸ਼ਮਸਾਦ ਝੋਕ, ਜ਼ਹੂਰ ਅਹਿਮਦ ਚੌਹਾਨ,ਹਾਜੀ ਮੁਹੰਮਦ ਜਮੀਲ ਅਤੇ ਮੁਹੰਮਦ ਤਾਰਿਕ ਆਦਿ ਹਾਜ਼ਰ ਸਨ ।