ਪੀ ਏ ਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਨਾਗ ਕਲਾਂ-ਜਹਾਂਗੀਰ ਦੇ ਕਿਸਾਨ ਮੇਲੇ ਵਿੱਚ ਭਾਰੀ ਇਕੱਠ ਜੁੜਿਆ
- ਖੇਤੀ ਨੂੰ ਵਿਗਿਆਨਕ ਲੀਹਾਂ ਉੱਪਰ ਤੋਰਨਾ ਅਜੋਕੇ ਸਮੇਂ ਦੀ ਮੰਗ : ਸ ਕੁਲਦੀਪ ਸਿੰਘ ਧਾਲੀਵਾਲ
ਅੰਮ੍ਰਿਤਸਰ 10 ਮਾਰਚ 2025 - ਪੀ.ਏ.ਯੂ. ਦੇ ਕਿਸਾਨ ਮੇਲਿਆਂ ਦੀ ਲੜੀ ਵਜੋਂ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ, ਨਾਗ ਕਲਾਂ- ਜਹਾਂਗੀਰ ਵਿਚ ਸਾਉਣੀ ਦੀਆਂ ਫਸਲਾਂ ਲਈ ਕਿਸਾਨ ਮੇਲਾ ਲਾਇਆ ਗਿਆ। ਇਸ ਮੇਲੇ ਦਾ ਉਦਘਾਟਨ ਮੇਲੇ ਦੇ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ।
ਸ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਵਿਸ਼ੇਸ਼ ਭਾਸ਼ਣ ਵਿਚ ਕਿਹਾ ਕਿ ਪੀ ਏ ਯੂ ਦੇਸ਼ ਦੀ ਸਰਵੋਤਮ ਯੂਨੀਵਰਸਿਟੀ ਹੈ ਤੇ ਇਸਦਾ ਯੋਗਦਾਨ ਪੰਜਾਬ ਦੇ ਖੇਤੀ ਉਤਪਾਦਨ ਵਿਚ ਬੜਾ ਉੱਘਾ ਹੈ। ਖੇਤੀ ਦੇ ਮੁਨਾਫੇ ਨੂੰ ਵਧਾਉਣ ਲਈ ਕੀਤੇ ਜਾਣ ਵਾਲੇ ਯਤਨਾਂ ਦਾ ਜ਼ਿਕਰ ਕਰਦਿਆਂ ਸ਼੍ਰੀ ਧਾਲੀਵਾਲ ਨੇ ਸਹਾਇਕ ਕਿੱਤਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਪਾਣੀ ਅੱਜ ਦੇ ਯੁੱਗ ਦੀ ਅਹਿਮ ਸਮੱਸਿਆ ਹੈ ਤੇ ਅਜਿਹੀਆਂ ਫ਼ਸਲਾਂ ਵੱਲ ਮੁੜਨਾ ਲਾਜ਼ਮੀ ਹੈ ਜਿਨ੍ਹਾਂ ਲਈ ਪਾਣੀ ਦੀ ਘੱਟ ਲੋੜ ਪਵੇ। ਫਲਾਂ, ਸਬਜ਼ੀਆਂ ਅਤੇ ਕਮਾਦ ਦੀ ਕਾਸ਼ਤ ਨੂੰ ਉਨ੍ਹਾਂ ਕਿਸਾਨਾਂ ਲਈ ਬਦਲਵੀਆਂ ਫ਼ਸਲਾਂ ਵਲੋਂ ਆਖਦਿਆਂ ਖੇਤੀ ਯੂਨੀਵਰਸਿਟੀ ਨਾਲ ਜੁੜ ਕੇ ਮੁੱਲ ਵਾਧੇ ਅਤੇ ਖੇਤੀ ਕਾਰੋਬਾਰੀ ਉੱਦਮਾਂ ਨਾਲ ਜੁੜਨ ਦਾ ਸੱਦਾ ਦਿੱਤਾ। ਸ਼੍ਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ ਖੇਤੀਬਾੜੀ ਦਾ ਵਿਕਾਸ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨਾਲ ਜੁੜ ਕੇ ਹੀ ਸੰਭਵ ਹੋ ਸਕਦਾ ਹੈ। ਮਾਨਯੋਗ ਕੈਬਨਿਟ ਮੰਤਰੀ ਨੇ ਇਸ ਇਲਾਕੇ ਦੇ ਖੇਤੀਬਾੜੀ ਵਿਕਾਸ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਵੱਲੋਂ ਪਾਏ ਯੋਗਦਾਨ ਨੂੰ ਵਿਸ਼ੇਸ਼ਤਾ ਨਾਲ ਯਾਦ ਕੀਤਾ।
ਵਧੀਕ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਨੇ ਆਉਂਦੀ ਸਾਉਣੀ ਰੁੱਤ ਲਈ ਪੀ.ਏ.ਯੂ. ਦੀਆਂ ਫ਼ਸਲਾਂ ਬਾਰੇ ਖੋਜ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਆਪਣੇ ਆਰੰਭ ਤੋਂ ਲੈ ਕੇ ਹੁਣ ਤਕ ਯੂਨੀਵਰਸਿਟੀ ਨੇ 950 ਤੋਂ ਵਧੇਰੇ ਕਿਸਮਾਂ ਵਿਕਸਿਤ ਕੀਤੀਆਂ ਹਨ। ਇਸਦਾ ਮੰਤਵ ਕਿਸਾਨਾਂ ਦੀ ਬਿਹਤਰੀ ਅਤੇ ਖੇਤੀ ਪੱਖੋਂ ਵੱਧ ਮੁਨਾਫੇ ਲਈ ਬਿਹਤਰ ਕਿਸਮਾਂ ਉਪਲਬਧ ਕਰਾਉਣਾ ਹੈ।ਆਉਂਦੇ ਸਾਉਣੀ ਸੀਜ਼ਨ ਦੌਰਾਨ ਨਵੀਆਂ ਕਿਸਮਾਂ ਵਿਚ ਉਹਨਾਂ ਨੇ ਪਰਮਲ ਝੋਨੇ ਦੀ ਦਰਮਿਆਨ ਸਮੇਂ ਵਿੱਚ ਪੱਕਣ ਵਾਲੀ ਕਿਸਮ ਪੀ ਆਰ-132 ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਕਿਸਮ ਲਈ ਹੋਰ ਕਿਸਮਾਂ ਨਾਲੋਂ 25 ਫੀਸਦੀ ਘੱਟ ਨਾਈਟਰੋਜਨ ਖਾਦ ਦੀ ਲੋੜ ਹੈ। ਇਹ ਕਿਸਮ ਲੁਆਈ ਤੋਂ 111 ਦਿਨਾਂ ਬਾਅਦ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦੇ ਚੌਲਾਂ ਦਾ ਮਿਆਰ ਵਧੀਆ ਅਤੇ ਔਸਤਨ ਝਾੜ ਸਾਢੇ 31 ਕੁਇੰਟਲ ਪ੍ਰਤੀ ਏਕੜ ਤੱਕ ਆ ਸਕਦਾ ਹੈ।
ਡਾ ਮਾਂਗਟ ਨੇ ਮੱਕੀ ਦੀ ਫਸਲ ਦਾ ਜ਼ਿਕਰ ਕਰਦਿਆਂ ਨਵੀਂ ਕਿਸਮ ਪੀਐਮਐਚ -17 ਬਾਰੇ ਦੱਸਿਆ। ਇਹ ਕਿਸਮ 96 ਦਿਨਾਂ ਵਿੱਚ ਪੱਕ ਕੇ ਤਿਆਰ ਹੁੰਦੀ ਹੈ ਅਤੇ ਦਾਣਿਆਂ ਦਾ ਔਸਤ ਝਾੜ 25 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਉਹਨਾਂ ਦੱਸਿਆ ਕਿ ਇਹ ਕਿਸਮ ਇਥੇਨੌਲ ਬਣਾਉਣ ਲਈ ਬੇਹੱਦ ਢੁਕਵੀਂ ਅਤੇ ਫਾਲ ਆਰਮੀਵਰਮ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਵਾਲੀ ਹੈ।
ਉਨਾਂ ਨੇ ਹੋਰ ਕਿਸਮਾਂ ਵਿੱਚ ਪੁਦੀਨੇ ਦੀ ਕਿਸਮ ਸਿਮ ਉੱਨਤੀ ਅਤੇ ਮੋਟੇ ਅਨਾਜ ਦੀ ਕਿਸਮ ਪੰਜਾਬ ਕੰਗਣੀ-1 ਬਾਰੇ ਵੀ ਦੱਸਿਆ। ਆਲੂਆਂ ਦੀਆਂ ਦੋ ਕਿਸਮਾਂ ਪੰਜਾਬ ਪੋਟੈਟੋ-103 ਅਤੇ ਪੰਜਾਬ ਪੋਟੈਟੋ -104 ਤੋਂ ਇਲਾਵਾ ਗੋਭੀ ਦੀ ਕਿਸਮ -2527, ਸੰਤਰੀ ਗਾਜਰ ਦੀ ਕਿਸਮ ਪੀ ਸੀ ਓ -2 ਅਤੇ ਫਰਾਂਸ ਬੀਨ ਦੀਆਂ ਨਵੀਆਂ ਕਿਸਮਾਂ ਦਾ ਜ਼ਿਕਰ ਵੀ ਕੀਤਾ। ਫਲਾਂ ਵਿਚ ਰਸਭਰੀ ਦੀਆਂ ਨਵੀਆਂ ਕਿਸਮਾਂ ਅਤੇ ਗਰੇਪਫਰੂਟ ਦੇ ਗੁਣਾਂ ਬਾਰੇ ਵੀ ਦੱਸਿਆ। ਨਾਲ ਹੀ ਉਨ੍ਹਾਂ ਗੁਲਦਾਊਦੀ ਦੀਆਂ ਕਿਸਮਾਂ ਬਾਰੇ ਦੱਸਣ ਦੇ ਨਾਲ ਨਾਲ ਡਾ ਮਾਂਗਟ ਨੇ ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਉੱਪਰ ਵੀ ਝਾਤ ਪਵਾਈ।
ਸਵਾਗਤੀ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਕਹੇ। ਕਿਸਾਨ ਮੇਲਿਆਂ ਦੀ ਰੂਪ-ਰੇਖਾ ਦੱਸਦਿਆਂ ਉਨ੍ਹਾਂ ਕਿਹਾ ਕਿ ਪੀ ਏ ਯੂ ਨੇ ਹਰ ਹਾਲ ਨਵੀਂ ਖੇਤੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਹੈ। ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਮੇਲੇ ਦਾ ਮੁੱਖ ਮੰਤਵ ਸਾਉਣੀ ਦੀਆਂ ਫ਼ਸਲਾਂ ਸੰਬੰਧੀ ਸਮੁੱਚੀ ਜਾਣਕਾਰੀ ਇੱਕੋ ਜਗ੍ਹਾ ਮੁਹਈਆ ਕਰਾਉਣੀ ਹੈ। ਮੇਲੇ ਵਿੱਚ ਸੁਧਰੀਆਂ ਕਿਸਮਾਂ, ਬਿਮਾਰੀਆਂ, ਕੀੜਿਆਂ ਅਤੇ ਹੋਰ ਪੱਖਾਂ ਬਾਰੇ ਜਾਣਕਾਰੀ ਵੀ ਉਪਲਬਧ ਕਰਾਈ ਜਾ ਰਹੀ ਹੈ। ਉਨ੍ਹਾਂ ਕ੍ਰਿਸ਼ੀ ਵਿਗਿਆਨ ਕੇਂਦਰ, ਨਾਗ ਕਲਾਂ- ਜਹਾਂਗੀਰ ਵੱਲੋਂ ਦਿੱਤੀ ਜਾ ਰਹੀ ਖੇਤੀ ਸਿਖਲਾਈ ਉੱਪਰ ਤਸੱਲੀ ਪਰਗਟ ਕਰਦਿਆਂ ਸਹਾਇਕ ਕਿੱਤਿਆਂ ਦੇ ਮਹੱਤਵ ਉੱਪਰ ਰੌਸ਼ਨੀ ਪਾਈ। ਪਾਣੀ ਦੀ ਬੱਚਤ ਲਈ ਸੁਨੇਹਾ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਨੇ ਬਦਲਵੇਂ ਫਸਲੀ ਪ੍ਰਬੰਧ ਨੂੰ ਅਪਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ।
ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪੀ ਏ ਯੂ ਵਲੋਂ ਖੇਤੀ ਗਿਆਨ ਨੂੰ ਕਿਸਾਨਾਂ ਤਕ ਪੁਚਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਹਵਾਲਾ ਦਿੱਤਾ। ਇਸਦੇ ਨਾਲ ਹੀ ਡਾ ਰਿਆੜ ਨੇ ਯੂਨੀਵਰਸਿਟੀ ਵਲੋਂ ਪਸਾਰ ਸੇਵਾਵਾਂ ਲਈ ਵਰਤੇ ਜਾ ਰਹੇ ਨਵੇਂ ਮਾਧਿਅਮਾਂ ਦਾ ਜ਼ਿਕਰ ਕੀਤਾ ਤੇ ਕਿਸਾਨਾਂ ਨੂੰ ਇਸ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਮੇਲਿਆਂ ਦਾ ਭਰਪੂਰ ਲਾਹਾ ਲੈ ਕੇ ਖੇਤੀ ਨੂੰ ਵਿਗਿਆਨ ਦੀ ਦਿਸ਼ਾ ਵਿਚ ਤੋਰਨ ਲਈ ਕਿਹਾ ਅਤੇ ਨਾਲ ਹੀ ਆਪਣੇ ਯਤਨਾਂ ਨਾਲ ਆਉਂਦੀਆਂ ਪੀੜ੍ਹੀਆਂ ਲਈ ਵਾਤਾਵਰਨ ਦੀ ਸੰਭਾਲ ਦੀ ਮਹੱਤਤਾ ਨੂੰ ਦ੍ਰਿੜ ਕਰਾਇਆ। ਡਾ ਰਿਆੜ ਨੇ ਚੰਗੀ ਖੇਤੀ, ਪ੍ਰੋਗਰੈਸਿਵ ਫਾਰਮਿੰਗ ਅਤੇ ਹਾੜੀ ਸਾਉਣੀ ਦੀਆਂ ਫ਼ਸਲਾਂ ਦੀ ਕਿਤਾਬ ਦੀ ਮੈਂਬਰਸ਼ਿਪ ਲੈਣ ਅਤੇ ਹੋਰ ਖੇਤੀ ਸਾਹਿਤ ਨੂੰ ਆਪਣੇ ਘਰ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ।
ਸਮਾਗਮ ਦਾ ਸੰਚਾਲਨ ਸਹਿਯੋਗੀ ਨਿਰਦੇਸ਼ਕ ਲੋਕ ਸੰਪਰਕ ਡਾ ਕੁਲਦੀਪ ਸਿੰਘ ਨੇ ਕੀਤਾ। ਅੰਤ ਵਿੱਚ ਧੰਨਵਾਦ ਦੇ ਸ਼ਬਦ ਕ੍ਰਿਸ਼ੀ ਵਿਗਿਆਨ ਕੇਂਦਰ ਨਾਗ ਕਲਾਂ- ਜਹਾਂਗੀਰ ਦੇ ਸਹਿਯੋਗੀ ਨਿਰਦੇਸ਼ਕ ਡਾ. ਬਿਕਰਮਜੀਤ ਸਿੰਘ ਨੇ ਕਹੇ।
ਪ੍ਰਧਾਨਗੀ ਮੰਡਲ ਨੇ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਕਿਤਾਬ ਨੂੰ ਲੋਕ ਅਰਪਿਤ ਕੀਤਾ। ਇਸ ਦੌਰਾਨ ਆਪਣੇ ਖੇਤਰ ਵਿਚ ਨਾਮਣਾ ਖੱਟਣ ਵਾਲੇ ਕਿਸਾਨਾਂ ਪਿੰਡ ਕੰਬੋ ਦੇ ਸਰਦਾਰ ਰਾਜਬੀਰ ਸਿੰਘ, ਪਿੰਡ ਹਰੜ ਖੁਰਦ ਦੇ ਸਰਦਾਰ ਜਗਪ੍ਰੀਤ ਸਿੰਘ, ਪਿੰਡ ਲੁਧੜ ਦੇ ਸਰਦਾਰ ਜਸ਼ਨਪ੍ਰੀਤ ਸਿੰਘ, ਪਿੰਡ ਰਮਾਣਾ ਚੱਕ ਦੇ ਸਰਦਾਰ ਕਰਮਜੀਤ ਸਿੰਘ, ਪਿੰਡ ਜੇਠੂਵਾਲ ਦੀ ਕਿਸਾਨ ਬੀਬੀ ਹਰਪ੍ਰੀਤ ਕੌਰ ਅਤੇ ਪੰਡੋਰੀ ਵੜੈਚ ਤੋਂ ਕਿਸਾਨ ਬੀਬੀ ਸਿਮਰਤ ਕੌਰ ਨੂੰ ਸਨਮਾਨਿਤ ਕੀਤਾ ਗਿਆ। ਵੱਡੀ ਪੱਧਰ ਤੇ ਸਵੈ ਸੇਵੀ ਸੰਸਥਾਵਾਂ, ਕਿਸਾਨ ਨਿਰਮਾਤਾ ਸੰਗਠਨਾਂ, ਨਿੱਜੀ ਕੰਪਨੀਆਂ ਤੋਂ ਇਲਾਵਾ ਪੀ ਏ ਯੂ ਦੇ ਵਿਭਾਗਾਂ ਨੇ ਆਪਣੀਆਂ ਪ੍ਰਦਰਸ਼ਨੀਆਂ ਲਗਾਈਆਂ ਸਨ। ਪੀ ਏ ਯੂ ਮਾਹਿਰਾਂ ਨੇ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਕਿਸਾਨਾਂ ਨੇ ਸਾਉਣੀ ਦੀਆਂ ਫ਼ਸਲਾਂ ਦੇ ਬੀਜ, ਫ਼ਲਦਾਰ ਬੂਟੇ ਅਤੇ ਖੇਤੀ ਸਾਹਿਤ ਖਰੀਦਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ।