ਫ਼ਤਹਿਗੜ੍ਹ ਸਾਹਿਬ: ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਦੇ ਕਾਰੋਬਾਰੀ ਨੂੰ ਕੀਤਾ ਕਾਬੂ
ਦੀਦਾਰ ਗੁਰਨਾ
* ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ -ਐਸ ਪੀ ਰਾਕੇਸ਼ ਯਾਦਵ
ਫ਼ਤਹਿਗੜ੍ਹ ਸਾਹਿਬ, 23 ਫਰਵਰੀ 2025 - ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਮੰਤਵ ਨਾਲ ਡੀ.ਜੀ.ਪੀ ਪੰਜਾਬ ਸ੍ਰੀ ਗੌਰਵ ਯਾਦਵ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਬਡਾਲੀ ਆਲਾ ਸਿੰਘ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ।
ਇਹ ਜਾਣਕਾਰੀ ਐਸ.ਪੀ (ਜਾਂਚ) ਸ੍ਰੀ ਰਾਕੇਸ਼ ਯਾਦਵ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਹਨਾਂ ਦੱਸਿਆ ਕਿ ਜਿਲਾ ਪੁਲਿਸ ਮੁਖੀ ਸ੍ਰੀ ਸ਼ੁਭਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਸੀ ਪਠਾਣਾ ਦੇ ਡੀ.ਐਸ.ਪੀ ਰਾਜ ਕੁਮਾਰ ਦੀ ਅਗਵਾਈ ਹੇਠ ਇੰਸਪੈਕਟਰ ਆਕਾਸ਼ ਦੱਤ ਮੁੱਖ ਥਾਣਾ ਅਫਸਰ ਬਡਾਲੀ ਆਲਾ ਸਿੰਘ ਕੋਲ ਮਿਤੀ 22 ਫਰਵਰੀ ਨੂੰ ਪਿੰਡ ਪਵਾਲਾ ਦੀ ਮਨਜੀਤ ਕੌਰ ਨੇ ਬੂਟਾ ਸਿੰਘ, ਬੱਬੀ ਵਾਸੀਆਨ ਪਿੰਡ ਪਵਾਲਾ ਥਾਣਾ ਬਡਾਲੀ ਆਲਾ ਸਿੰਘ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਬੂਟਾ ਸਿੰਘ ਦੇ ਸਾਲੇ ਦੀਪਕ ਦੇ ਵਿਰੁੱਧ ਥਾਣਾ ਬਡਾਲੀ ਆਲਾ ਸਿੰਘ ਵਿਖੇ ਮੁਕਦਮਾ ਦਰਜ ਕਰਵਾਇਆ ਗਿਆ ਸੀ ਕਿ ਬੂਟਾ ਸਿੰਘ ਜੋ ਕਿ ਨਸ਼ਾ ਕਰਨ ਅਤੇ ਵੇਚਣ ਦਾ ਆਦੀ ਹੈ, ਜਿਸ ਵੱਲੋ ਨਸ਼ਾ ਵੇਚਣ ਕਾਰਨ ਪਿੰਡ ਪਵਾਲਾ ਦੇ ਕਈ ਨੌਜਵਾਨ ਨਸ਼ਿਆ ਦੇ ਚੁੰਗਲ ਵਿੱਚ ਫਸ ਗਏ ਸਨ।
ਮਨਜੀਤ ਕੌਰ ਨੇ ਬਿਆਨ ਦਿੱਤਾ ਸੀ ਕਿ ਬੂਟਾ ਸਿੰਘ, ਬੱਬੀ ਵਾਸੀ ਪਿੰਡ ਪਵਾਲਾ ਥਾਣਾ ਬਡਾਲੀ ਆਲਾ ਸਿੰਘ ਅਤੇ ਬੂਟਾ ਸਿੰਘ ਦਾ ਸਾਲਾ ਦੀਪਕ ਵੱਲੋ ਪਿੰਡ ਪਵਾਲਾ ਦੇ ਹੀ ਬਲਵਿੰਦਰ ਸਿੰਘ ਉਮਰ ਕਰੀਬ 29 ਸਾਲ ਨੂੰ ਨਸ਼ਾ ਦੇਣ ਕਾਰਨ ਉਹ ਬਿਮਾਰ ਰਹਿਣ ਲੱਗ ਪਿਆ ਸੀ, ਜਿਸਦੇ ਬਿਮਾਰ ਰਹਿਣ ਕਾਰਨ ਉਸਦੀ ਮਿਤੀ 21.02.2025 ਨੂੰ ਮੌਤ ਹੋ ਗਈ ਸੀ। ਜਿਸਤੇ ਮਿਤੀ 22.02.2025 ਨੂੰ ਮ੍ਰਿਤਕ ਬਲਵਿੰਦਰ ਸਿੰਘ ਦੀ ਮਾਤਾ ਮਨਜੀਤ ਕੌਰ ਦੇ ਬਿਆਨ ਤੇ ਧਾਰਾ 105 ਬੀ ਐੱਨ ਐਸ ਅਧੀਨ ਮੁਕੱਦਮਾ ਨੰਬਰ 17 ਬੂਟਾ ਸਿੰਘ, ਬੱਬੀ ਵਾਸੀਆਨ ਪਿੰਡ ਪਵਾਲਾ ਥਾਣਾ ਬਡਾਲੀ ਆਲਾ ਸਿੰਘ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਅਤੇ ਬੂਟੇ ਸਿੰਘ ਦਾ ਸਾਲਾ ਦੀਪਕ ਵਿਰੁੱਧ ਦਰਜ਼ ਕੀਤਾ ਗਿਆ।
ਐਸ.ਪੀ ਰਕੇਸ਼ ਯਾਦਵ ਨੇ ਦੱਸਿਆ ਕਿ ਪੁਲਿਸ ਨੇ ਬਡਾਲੀ ਆਲਾ ਸਿੰਘ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਆਕਾਸ਼ ਦੱਤ ਦੀ ਅਗਵਾਈ ਹੇਠ ਚੁੰਨੀ ਕਲਾਂ ਪੁਲਿਸ ਚੌਂਕੀ ਦੇ ਇੰਚਾਰਜ ਏ.ਐਸ.ਆਈ ਜਸਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਮੁਕੱਦਮਾ ਹਜ਼ਾ ਦੇ ਕਥਿਤ ਦੋਸ਼ੀ ਬੂਟਾ ਸਿੰਘ ਵਾਸੀ ਪਿੰਡ ਪਵਾਲਾ ਥਾਣਾ ਬਡਾਲੀ ਆਲਾ ਸਿੰਘ ਜਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਮੁੱ:ਨੰ: 16 ਮਿਤੀ 22.02.2025 U/s 304(2) BNS ਥਾਣਾ ਬਡਾਲੀ ਆਲਾ ਸਿੰਘ ਵਿੱਚ ਮਿਤੀ 22.02.2025 ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਨੂੰ ਅੱਜ ਮਿਤੀ 23.02.2025 ਨੂੰ ਮਾਨਯੋਗ ਅਦਾਲਤ ਫ਼ਤਹਿਗੜ੍ਹ ਸਾਹਿਬ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਬਾਕੀ ਰਹਿੰਦੇ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਨ ਲਈ ਉਹਨਾਂ ਦੇ ਵੱਖ-2 ਟਿਕਾਣਿਆ ਤੇ ਰੇਡ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀ ਬੂਟਾ ਸਿੰਘ ਵਿਰੁੱਧ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ।