ਜ਼ਿਲ੍ਹਾ ਪੁਲਿਸ ਮਾਲੇਰਕੋਟਲਾ ਨੇ ਮੈਡੀਕਲ ਨਸ਼ਾ ਵੇਚਣ ਵਾਲੇ 13 ਗ੍ਰਿਫ਼ਤਾਰ ਕਰਕੇ ਭੇਜੇ ਜੇਲ੍ਹ
- ਮਾਲੇਰਕੋਟਲਾ ਨੂੰ ਨਸ਼ਾ ਮੁਕਤ ਕਰਕੇ ਹੀ ਸਾਹ ਲਵਾਂਗਾ, ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਜ਼ਿਲ੍ਹਾ ਪੁਲਿਸ 24 ਘੰਟੇ ਸਰਗਰਮ ਹੈ-ਜ਼ਿਲ੍ਹਾ ਪੁਲਿਸ ਮੁਖੀ ਗਗਨ ਅਜੀਤ ਸਿੰਘ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 23 ਫ਼ਰਵਰੀ 2025 - ਜ਼ਿਲ੍ਹਾ ਮਾਲੇਰਕੋਟਲਾ ਅੰਦਰ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੰਡੀ ਮੁਹਿੰਮ ਵਿਸ਼ੇਸ਼ ਕਰ ਸਬ-ਡਵੀਜ਼ਨਲ ਹਸਪਤਾਲ ਮਲੇਰਕੋਟਲਾ ਦੇ ਮੇਨ ਗੇਟ ਦੇ ਬਾਹਰ ਅਤੇ ਇਰਦ-ਗਿਰਦ ਸ਼ਰੇਆਮ ਮੈਡੀਕਲ ਨਸ਼ਾ ਵੇਚਣ ਵਾਲੇ ਵਿਅਕਤੀਆਂ ਨੂੰ ਮਲੇਰਕੋਟਲਾ ਪੁਲਿਸ ਨੇ ਦੋ ਦਿਨ ਤੱਕ ਵਾਹਨੀ ਪਾਈ ਰੱਖਿਆ। ਦੱਸਣਾ ਬਣਦਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਮੈਡੀਕਲ ਨਸ਼ਾ ਵੇਚਣ ਵਾਲਿਆਂ ਦਾ ਗਿਰੋਹ ਸਥਾਨਕ ਹਸਪਤਾਲ ਦੇ ਬਾਹਰ ਆਪਣੇ ਮੈਡੀਕਲ ਨਸ਼ੇ ਦਾ ਸ਼ਰੇਆਮ ਧੰਦਾ ਚਲਾ ਰਿਹਾ ਸੀ, ਜਿਨ੍ਹਾਂ ਤੋਂ ਸਰਕਾਰੀ ਹਸਪਤਾਲ ਵਿਚ ਆਉਣ-ਜਾਣ ਵਾਲੇ ਮਰੀਜ਼ ਅਤੇ ਆਸ-ਪਾਸ ਦੇ ਦੁਕਾਨਦਾਰ ਡਾਹਢੇ ਤੰਗ-ਪ੍ਰੇਸ਼ਾਨ ਸਨ, ਉੱਥੇ ਹੀ ਉਪਰੋਕਤ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੀ ਚਰਚਾ ਇਲਾਕੇ ਭਰ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ।
ਸਰਕਾਰੀ ਹਸਪਤਾਲ ਦੇ ਸਾਹਮਣੇ ਸਥਿਤ ਦਵਾਈਆਂ ਵਾਲੇ ਦੁਕਾਨਦਾਰਾਂ ਦੇ ਸਬਰ ਦਾ ਬੰਨ੍ਹ ਉਸ ਵੇਲੇ ਟੁੱਟ ਗਿਆ। ਜਦੋਂ ਦੁਕਾਨਦਾਰਾਂ ਦੇ ਇਕ ਵਫ਼ਦ ਨੇ ਉਲੰਪੀਅਨ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਜਨਾਬ ਗਗਨ ਅਜੀਤ ਸਿੰਘ ਨਾਲ ਮੁਲਾਕਾਤ ਕਰਕੇ ਕੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਹਿਤ ਲਿਆ ਕੇ ਨਸ਼ਾ ਵੇਚਣ ਵਾਲੇ ਉਪਰੋਕਤ ਲੋਕਾਂ ਖਿਲਾਫ਼ ਠੱਲ ਪਾਉਣ ਦੀ ਬੇਨਤੀ ਕੀਤੀ ਗਈ ਸੀ। ਉਪਰੋਕਤ ਸਾਰਾ ਮਾਮਲਾ ਜਦੋਂ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਸ.ਗਗਨ ਅਜੀਤ ਸਿੰਘ ਦੇ ਧਿਆਨ ਵਿਚ ਆਇਆ ਤਾਂ ਉਹਨਾਂ ਤਰੰਤ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦਿਆਂ ਥਾਣਾ ਸ਼ਹਿਰੀ-1 ਦੇ ਮੁੱਖ ਅਫ਼ਸਰ ਇੰਸਪੈਕਟਰ ਸੁਰਿੰਦਰ ਕੁਮਾਰ ਭੱਲਾ ਅਤੇ ਸੀ.ਆਈ.ਏ. ਸਟਾਫ਼ ਮਾਹੋਰਾਣਾ ਦੀ ਪੁਲਿਸ ਨੂੰ ਤੁਰੰਤ ਕਾਰਵਾਈ ਅਮਲ ਵਿਚ ਲਿਆਉਣ ਦੇ ਹੁਕਮ ਜਾਰੀ ਕੀਤੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸ਼ਹਿਰੀ-1 ਮਲੇਰਕੋਟਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਸੁਰਿੰਦਰ ਕੁਮਾਰ ਭੱਲਾ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਫੋਰਸ ਨੇ ਨਸ਼ਾ ਵੇਚਣ ਵਾਲੇ 13 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਇੰਨ੍ਹਾਂ ਕਾਬੂ ਕੀਤੇ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ ਹੈ। ਮਾਲੇਰਕੋਟਲਾ ਪੁਲਿਸ ਵਲੋਂ ਕੀਤੀ ਗਈ ਇਸ ਫੌਰੀ ਕਾਰਵਾਈ ਤੋਂ ਜਿਥੇ ਆਸ-ਪਾਸ ਦੇ ਦੁਕਾਨਦਾਰਾਂ ਨੇ ਸੁੱਖ ਦਾ ਸਾਹ ਲਿਆ ਹੈ। ਉੱਥੇ ਹੀ ਉਹਨਾਂ ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਜਨਾਬ ਗਗਨ ਅਜੀਤ ਸਿੰਘ ਦੀ ਖ਼ੂਬ ਸ਼ਲਾਘਾ ਕਰਦਿਆਂ ਉਚੇਚੇ ਤੌਰ 'ਤੇ ਇਸ ਲਈ ਧੰਨਵਾਦ ਵੀ ਕੀਤਾ।
ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਗਗਨ ਅਜੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਲੇਰਕੋਟਲਾ ਨੂੰ ਨਸ਼ਾ ਮੁਕਤ ਕਰਕੇ ਹੀ ਹੁਣ ਸਾਹ ਲਵਾਂਗਾ। ਉਹਨਾਂ ਕਿਹਾ ਕਿ ਇਸ ਦੇ ਮੁਕੰਮਲ ਖ਼ਾਤਮੇ ਅਤੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਗਲਤ ਅਨਸਰਾਂ ਖਿਲਾਫ਼ ਜ਼ਿਲ੍ਹਾ ਪੁਲਿਸ 24 ਘੰਟੇ ਸਰਗਰਮ ਹੈ । ਉਨ੍ਹਾਂ ਕਿਹਾ ਕਿ ਨਸ਼ਾ ਸਮੱਗਲਰਾਂ ਪ੍ਰਤੀ ਪੁਲਿਸ ਨੂੰ ਸੂਚਨਾ ਦੇਣ 'ਚ ਜ਼ਿਲ੍ਹਾ ਵਾਸੀ ਪੂਰਨ ਤੌਰ 'ਤੇ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਇਸ ਨਸ਼ੇ ਦੀ ਭੈੜੀ ਲਾਹਨਤ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇ। ਉਨਾਂ ਕਿਹਾ ਕਿ ਪਬਲਿਕ ਦੇ ਸਹਿਯੋਗ ਸਦਕਾ ਹੀ ਨਸ਼ਿਆਂ ਨੂੰ ਖ਼ਤਮ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਜ਼ਿਲ੍ਹਾ ਮਲੇਰਕੋਟਲਾ ਪੁਲਿਸ ਵਲੋਂ ਨਸ਼ਿਆਂ ਖਿਲਾਫ਼ ਜਾਗਰੂਕਤਾ ਸੈਮੀਨਾਰ ਵੀ ਲਗਾਤਾਰ ਲਗਾਏ ਜਾ ਰਹੇ ਹਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵੱਲ ਵੀ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਇਸ ਤੁਰੰਤ ਕਾਰਵਾਈ ਨੂੰ ਭਵਿੱਖ 'ਚ ਵੀ ਇਸੇ ਤਰ੍ਹਾਂ ਜਾਰੀ ਰੱਖਣ ਲਈ ਇਕ ਪੁਲਿਸ ਟੀਮ ਦੀ ਪੱਕੇ ਤੌਰ 'ਤੇ ਡਿਊਟੀ ਲਗਾਈ ਗਈ ਹੈ, ਜੋ ਕਿ ਸਰਕਾਰੀ ਹਸਪਤਾਲ ਦੇ ਆਸ-ਪਾਸ ਦੇ ਇਲਾਕਿਆਂ ਅੰਦਰ ਇਸ ਸਬੰਧੀ ਵਿਸ਼ੇਸ਼ ਤੌਰ ਤੇ ਨਜ਼ਰ ਰੱਖੀ ਜਾ ਸਕੇ।