ਨਵਾਂਸ਼ਹਿਰ ਵਿਧਾਨ ਸਭਾ ਦੀ ਚੋਣ ਸਬੰਧੀ ਹਾਈਕੋਰਟ ਵਲੋਂ ਮਾਇਆਵਤੀ ਨੂੰ ਨੋਟਿਸ, ਪੜ੍ਹੋ ਵੇਰਵਾ
- ਬਰਜਿੰਦਰ ਸਿੰਘ ਹੁਸੈਨਪੁਰ ਦੀ ਚੋਣ ਪਟੀਸ਼ਨ ’ਤੇ ਹੋ ਰਹੀ ਕਾਰਵਾਈ -
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 23 ਫਰਵਰੀ,2025 - ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਇਆਂ ਤਿੰਨ ਸਾਲ ਹੋ ਗਏ ਹਨ ਪਰ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਦੀ ਚੋਣ ਦਾ ਅਦਾਲਤੀ ਰੇੜਕਾ ਹਾਲੇ ਖਤਮ ਨਹੀਂ ਹੋਇਆ।ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਸਮਾਜਿਕ ਗਤੀਵਿਧੀਆਂ ਨੂੰ ਹੁਲਾਰਾ ਦੇਣ ਵਾਲੇ ਸ. ਬਰਜਿੰਦਰ ਸਿੰਘ ਹੁਸੈਨਪੁਰ ਦੀ ਪਟੀਸ਼ਨ ’ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਹੁਜਨ ਸਮਾਜ ਪਾਰਟੀ ਦੀ ਸੁਪਰੀਮੋ ਕੁਮਾਰੀ ਮਾਇਆਵਤੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਇਥੇ ਦੱਸਣਯੋਗ ਹੈ ਕਿ 01 ਫਰਵਰੀ 2022 ਨੂੰ ਸ. ਬਰਜਿੰਦਰ ਸਿੰਘ ਹੁਸੈਨਪੁਰ ਨੇ ਰਿਟਰਨਿੰਗ ਅਫਸਰ ਕਮ ਐਸ.ਡੀ.ਐਮ. ਨਵਾਂਸ਼ਹਿਰ ਕੋਲ ਬਸਪਾ ਉਮੀਦਵਾਰ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਜੋ ਪ੍ਰਵਾਨ ਕਰ ਲਏ ਗਏ ਸਨ।ਇਹ ਵੀ ਦੱਸਣਯੋਗ ਹੈ ਕਿ ਉਹਨਾਂ ਤੋਂ ਪਹਿਲਾਂ ਮੌਜੂਦਾ ਵਿਧਾਇਕ ਡਾ. ਨਛੱਤਰ ਪਾਲ ਨੇ ਵੀ ਪਹਿਲਾਂ ਬਸਪਾ ਵਲੋਂ ਹੀ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਪਰ ਨਿਯਮਾਂ ਮੁਤਾਬਕ ਜੇਕਰ ਇੱਕ ਪਾਰਟੀ ਵਲੋਂ ਦੋ ਉਮੀਦਵਾਰਾਂ ਨੂੰ ਟਿਕਟਾਂ ਦੇ ਦਿੱਤੀਆਂ ਜਾਣ ਤਾਂ ਦੂਜੀ ਟਿਕਟ ਵਾਲੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਪ੍ਰਵਾਨ ਕੀਤੇ ਜਾ ਸਕਦੇ ਤੇ ਪਹਿਲੇ ਉਮੀਦਵਾਰ ਦੀ ਟਿਕਟ ਆਪਣੇ ਆਪ ਰੱਦ ਸਮਝੀ ਜਾਂਦੀ ਹੈ।
ਲੇਕਿਨ ਤਤਕਾਲੀਨ ਐਸ.ਡੀ.ਐਮ. ਕਮ ਰਿਟਰਨਿੰਗ ਅਫਸਰ ਨੇ ਕਥਿਤ ਰਾਜਸੀ ਪ੍ਰਭਾਵ ਕਰਕੇ ਸ. ਬਰਜਿੰਦਰ ਸਿੰਘ ਹੁਸੈਨਪੁਰ ਦੇ ਨਾਮਜ਼ਦਗੀ ਪੱਤਰ ਰੱਦ ਹੀ ਨਹੀਂ ਕੀਤੇ ਸਗੋਂ ਬਹੁਜਨ ਸਮਾਜ ਪਾਰਟੀ ਨੇ ਆਪਣੀ ਪਾਰਟੀ ਵਿਚ ਬਗਾਵਤ ਦੇ ਚੱਲਦਿਆਂ ਸ. ਹੁਸੈਨਪੁਰ ’ਤੇ ਕਾਗ਼ਜ਼ ਵਾਪਸੀ ਦਾ ਦਬਾਓ ਪਾਇਆ ਸੀ ਪਰ ਸ. ਬਰਜਿੰਦਰ ਸਿੰਘ ਹੁਸੈਨਪੁਰ ਵਲੋਂ ਨਾਂਹ ਕਰਨ ਤੇ ਉਸੇ ਸ਼ਾਮ ਉਹਨਾਂ ’ਤੇ ਅਪਰਾਧਿਕ ਪਰਚਾ ਵੀ ਦਰਜ ਕਰਵਾ ਦਿੱਤਾ ਸੀ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਦਾਲਤ ਵਲੋਂ ਸ. ਹੁਸੈਨਪੁਰ ਖਿਲਾਫ ਦਰਜ ਕੀਤੇ ਮੁਕੱਦਮੇ ਵਿੱਚੋਂ ਨਾ ਸਿਰਫ ਉਹਨਾਂ ਨੂੰ ਬਰੀ ਕੀਤਾ ਸਗੋਂ ਇਸ ਮਾਮਲੇ ਵਿੱਚ ਪੁਲਿਸ ਦੀ ਕਾਰਜਸ਼ੈਲੀ ’ਤੇ ਸਵਾਲ ਵੀ ਚੁੱਕੇ ਸਨ।
ਭਾਵੇਂ ਇਹਨਾਂ ਚੋਣਾਂ ਵਿੱਚ ਡਾ. ਨਛੱਤਰ ਪਾਲ ਦੀ ਜਿੱਤ ਹੋ ਗਈ ਪਰ ਉਹਨਾਂ ਦੇ ਨਾਮਜ਼ਦਗੀ ਪੱਤਰਾਂ ਵਿੱਚ ਊਣਤਾਈਆਂ, ਚੋਣ ਅਮਲੇ ਦੇ ਪੱਖਪਾਤੀ ਵਤੀਰੇ ਅਤੇ ਪੁਲਿਸ ਦੀ ਧੱਕੇਸ਼ਾਹੀ ਨੂੰ ਅਧਾਰ ਬਣਾ ਕੇ ਇਸ ਜਿੱਤ ਨੂੰ ਸ. ਬਰਜਿੰਦਰ ਸਿੰਘ ਹੁਸੈਨਪੁਰ ਹੁਰਾਂ ਵਲੋਂ ਆਪਣੇ ਵਕੀਲਾਂ ਰਾਜਵਿੰਦਰ ਸਿੰਘ ਬੈਂਸ, ਹਰਿੰਦਰਪਾਲ ਸਿੰਘ ਈਸ਼ਰ ਅਤੇ ਪਰਮਿੰਦਰ ਸਿੰਘ ਵਿੱਗ ਰਾਹੀਂ ਹਾਈਕੋਰਟ ਵਿੱਚ ਚੁਣੌਤੀ ਦੇ ਦਿੱਤੀ ਗਈ ਸੀ।
ਸ. ਹੁਸੈਨਪੁਰ ਦਾ ਕਹਿਣਾ ਹੈ ਕਿ ਉਹਨਾਂ ’ਤੇ ਦਰਜ ਮੁਕੱਦਮਾ ਉਹਨਾਂ ਨੂੰ ਬਦਨਾਮ ਕਰਨ ਤੇ ਉਹਨਾਂ ਦਾ ਰਾਜਸੀ ਕੈਰੀਅਰ ਖਤਮ ਕਰਨ ਦੀ ਕੋਸ਼ਿਸ਼ ਸੀ।ਦਿਲਚਸਪ ਗੱਲ ਇਹ ਸੀ ਕਿ ਜਦੋਂ ਸ. ਹੁਸੈਨਪੁਰ ’ਤੇ ਮੁਕੱਦਮਾ ਦਰਜ ਹੋਇਆ ਸੀ ਉਦੋਂ ਬਸਪਾ ਦੇ ਆਗੂ ਲਿਖਤੀ ਰੂਪ ਵਿੱਚ ਇਹ ਮੰਨ ਚੁੱਕੇ ਸਨ ਕਿ ਉਹਨਾਂ ਨੇ ਗਲਤਫਹਿਮੀ ਵਿੱਚ ਸ. ਹੁਸੈਨਪੁਰ ਖਿਲਾਫ ਸ਼ਿਕਾਇਤ ਕੀਤੀ ਸੀ।ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਨੇ ਕੁਮਾਰੀ ਮਾਇਆਵਤੀ ਨੂੰ ਜਾਂਚ ਵਿੱਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਹੱਥ-ਪੱਲੇ ਕੁਝ ਨਹੀਂ ਸੀ ਪਿਆ।ਹੁਣ ਕੁਮਾਰੀ ਮਾਇਆਵਤੀ ਵਲੋਂ ਹਾਈਕੋਰਟ ਵਿੱਚ ਗਵਾਹੀ ਦੇ ਕੇ ਦੱਸਿਆ ਜਾਵੇਗਾ ਕਿ ਸ. ਬਰਜਿੰਦਰ ਸਿੰਘ ਹੁਸੈਨਪੁਰ ਦੀ ਟਿਕਟ ’ਤੇ ਦਸਤਖਤ ਉਸਦੇ ਸਨ ਜਾਂ ਨਹੀਂ।ਹਾਈਕੋਰਟ ਵਿੱਚ ਅਗਲੀ ਤਰੀਕ 01 ਮਾਰਚ 2025 ਨਿਸ਼ਚਤ ਕੀਤੀ ਗਈ ਹੈ।