ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 20ਵਾਂ ਸਰਬ ਸਾਂਝਾ ਨਗਰ ਕੀਰਤਨ ਕੱਲ 5 ਜਨਵਰੀ ਨੂੰ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 4 ਜਨਵਰੀ 2024: ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਬ ਸਾਂਝਾ ਨਗਰ ਕੀਰਤਨ 5 ਜਨਵਰੀ ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਤੋਂ ਤਪ ਅਸਥਾਨ ਗੁਰਦੁਆਰਾ ਬੀਬੀ ਮੁਮਤਾਜ ਦੀ ਪਿੰਡ ਬੜੀ ਤੱਕ ਸਜਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖਾਲਸਾ ਧਰਮ ਪ੍ਰਚਾਰ ਕਮੇਟੀ ਕੋਟਲਾ ਨਿਹੰਗ ਦੇ ਪ੍ਰਬੰਧਕ ਇਕਬਾਲ ਸਿੰਘ ਅਤੇ ਗੁਰਦੀਪ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸਮੂਹ ਸਾਧ ਸੰਗਤ ਇਲਾਕ਼ਾ ਘਾੜ ਦੇ ਸਹਿਯੋਗ ਨਾਲ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਰਬ ਸਾਂਝਾ ਨਗਰ ਕੀਰਤਨ 5 ਜਨਵਰੀ ਨੂੰ ਸਵੇਰੇ 8 ਵਜੇ ਦੇ ਕਰੀਬ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੋਪੜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਅਰੰਭ ਹੋਵੇਗਾ। ਇਹ ਨਗਰ ਕੀਰਤਨ ਪਿੰਡ ਕੋਟਲਾ ਨਿਹੰਗ ਖਾਂ, ਟੱਪਰੀਆਂ, ਫੂਲਪੁਰ ਗਰੇਵਾਲ, ਮਾਜਰੀ ਜੱਟਾਂ, ਅਕਬਰਪੁਰ, ਮਗਰੋੜ,ਸੈਫਲਪੁਰ, ਸੰਤੋਖਗੜ੍ਹ ਟੱਪਰੀਆਂ ਭੱਦਲ , ਰਾਮਪੁਰ ਤੋਂ ਪੁਰਖਾਲੀ ਹੁੰਦੇ ਹੋਏ ਗੁਰਦੁਆਰਾ ਤਪ ਅਸਥਾਨ ਬੀਬੀ ਮੁਮਤਾਜ ਦੀ ਪਿੰਡ ਬੜੀ ਵਿਖੇ ਸਮਾਪਤ ਹੋਵੇਗਾ। ਨਗਰ ਕੀਰਤਨ ਦੌਰਾਨ ਵੱਖ ਵੱਖ ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਜਾਣਗੇ। ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਨਗਰ ਕੀਰਤਨ ਦੇ ਰੂਟ ਦੇ ਰਸਤੇ ਦੀ ਸਾਫ ਸਫਾਈ ਦਾ ਧਿਆਨ ਰੱਖਿਆ ਜਾਵੇ ਅਤੇ ਸੰਗਤਾਂ ਵੱਧ ਤੋਂ ਵੱਧ ਗਿਣਤੀ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨ।