ਕੇਂਦਰ ਪੰਜਾਬ ਦੀ ਕਿਸਾਨੀ ਏਕਤਾ ਨੂੰ ਤੋੜਨ, ਸਿੱਖਾਂ ਨੂੰ ਬਦਨਾਮ ਕਰਨ ਦੀ ਕਰ ਰਹੀ ਹੈ ਕੋਸ਼ਿਸ਼ - ਟਿਕੈਤ
ਟੋਹਾਣਾ: 4 ਜਨਵਰੀ 2025 - ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਸ਼ਨੀਵਾਰ ਨੂੰ ਹਰਿਆਣਾ ਦੇ ਟੋਹਾਣਾ ਵਿੱਚ ਕਿਸਾਨ ਮਹਾਂਪੰਚਾਇਤ ਵਿੱਚ ਬੋਲਦਿਆਂ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਅਤੇ ਹਰਿਆਣਾ ਦੀਆਂ ਖਨੌਰੀ ਅਤੇ ਸ਼ੰਭੂ ਸਰਹੱਦਾਂ 'ਤੇ ਚਾਲ ਰਹੇ ਮੋਰਚੇ ਨੂੰ ਲੰਮਾ ਕਰ ਰਹੀ ਹੈ। ਕੇਂਦਰ ਇਸ ਅੰਦੋਲਨ ਰਾਹੀਂ ਕਿਸਾਨ ਏਕਤਾ ਨੂੰ ਤੋੜ ਅਤੇ ਸਿੱਖਾਂ ਨੂੰ ਬਦਨਾਮ ਕਰ ਰਹੀ ਹੈ।
ਟਿਕੈਤ ਦਾ ਇਹ ਬਿਆਨ ਉਸ ਦਿਨ ਆਇਆ ਹੈ ਜਦੋਂ ਪੰਜਾਬ ਅਤੇ ਹਰਿਆਣਾ ਵਿਚਕਾਰ ਖਨੌਰੀ ਸਰਹੱਦ 'ਤੇ ਇਕ ਵੱਖਰੀ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਸੀ। ਦੋਵੇਂ ਥਾਵਾਂ ਸਿਰਫ਼ 27 ਕਿਲੋਮੀਟਰ ਦੀ ਦੂਰੀ 'ਤੇ ਹਨ, ਪਰ ਉਨ੍ਹਾਂ ਨੂੰ ਵੱਖਰਾ ਰੱਖਿਆ ਗਿਆ ਹੈ ਕਿਉਂਕਿ SKM ਅਜੇ ਤੱਕ SKM (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨਾਲ ਸਾਂਝੇ ਮੰਚ 'ਤੇ ਨਹੀਂ ਆਇਆ ਹੈ। ਦਿੱਲੀ ਵਿੱਚ 2020-2021 ਦੇ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚਾ (SKM), ਨੇ ਟੋਹਾਣਾ ਵਿੱਚ ਮਹਾਪੰਚਾਇਤ ਦਾ ਆਯੋਜਨ ਕੀਤਾ। ਦੂਜੇ ਪਾਸੇ ਖਨੌਰੀ ਅਤੇ ਸ਼ੰਭੂ ਵਿਖੇ ਚੱਲ ਰਹੇ ਧਰਨੇ ਦੇ ਰਹੇ ਐਸਕੇਐਮ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਖਨੌਰੀ ਵਿੱਚ ਮਹਾਂਪੰਚਾਇਤ ਦਾ ਆਯੋਜਨ ਕੀਤਾ।
ਟਿਕੈਤ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਵਿੱਚ ਚੱਲ ਰਹੇ ਕਿਸਾਨ ਪ੍ਰਦਰਸ਼ਨ ਲੰਮਾ ਖਿੱਚ ਰਹੀ ਹੈ ਕਿਉਂਕਿ ਇਹ ਪ੍ਰਦਰਸ਼ਨ ਸਰਕਾਰ ਦੇ ਅਨੁਕੂਲ ਹਨ, ਇਸ ਨਾਲ ਸਰਕਾਰ ਨੂੰ ਫਾਇਦਾ ਹੋ ਰਿਹਾ ਹੈ।
ਟੋਹਾਣਾ ਮਹਾਂਪੰਚਾਇਤ ਦੇ ਬੁਲਾਰਿਆਂ ਨੇ ਖਨੌਰੀ ਵਿਖੇ ਮਰਨ ਵਰਤ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੁਝ ਹੋਇਆ ਤਾਂ ਇਸ ਲਈ ਕੇਂਦਰ ਅਤੇ ਹਰਿਆਣਾ ਸਰਕਾਰ ਜ਼ਿੰਮੇਵਾਰ ਹੋਵੇਗੀ। ਟਿਕੈਤ ਨੇ ਕੇਂਦਰ ਸਰਕਾਰ ਨੂੰ ਡੱਲੇਵਾਲ ਨੂੰ ਬਚਾਉਣ ਲਈ ਕਦਮ ਚੁੱਕਣ ਲਈ ਕਿਹਾ। ਉਨ੍ਹਾਂ ਕਿਹਾ ਕਿ ਏਕਤਾ ਲਈ ਐਸਕੇਐਮ ਵੱਲੋਂ ਬਣਾਈ ਗਈ ਸੀਨੀਅਰ ਆਗੂਆਂ ਦੀ ਕਮੇਟੀ ਇਸ ਦਿਸ਼ਾ ਵਿੱਚ ਪਹਿਲਾਂ ਹੀ ਯਤਨ ਕਰ ਰਹੀ ਹੈ।