ਭਗਤਾ ਭਾਈ: ਬੁਟੀਕ ਨੂੰ ਅੱਗ ਲੱਗਣ ਨਾਲ ਅੱਧੇ ਕਰੋੜ ਦੇ ਰਗੜੇ ਦਾ ਖਦਸ਼ਾ
ਅਸ਼ੋਕ ਵਰਮਾ
ਭਗਤਾ ਭਾਈ, 5 ਜਨਵਰੀ2025: ਬਠਿੰਡਾ ਜਿਲ੍ਹੇ ਦੇ ਕਸਬਾ ਭਗਤਾ ਭਾਈ ’ਚ ਅੱਜ ਸਵੇਰ ਵਕਤ ਵੱਡੇ ਤੜਕੇ ਸ਼ਹਿਰ ਦੀ ਪੰਨੂੰ ਮਾਰਕੀਟ ’ਚ ਸਥਿਤ ਇੱਕ ਬੁਟੀਕ ਨੂੰ ਅੱਗ ਲੱਗਣ ਨਾਲ 50 ਤੋਂ 60 ਲੱਖ ਰੁਪਏ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਮੌਕੇ ਤੇ ਪੁੱਜੀਆਂ ਫਾਇਰ ਬਿਗੇਡ ਦੀਆਂ ਗੱਡੀਆਂ ਨੇ ਆਮ ਲੋਕਾਂ ਦੀ ਸਹਾਇਤਾ ਨਾਲ ਭਾਰੀ ਜੱਦੋਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਇਸ ਤੋਂ ਪਹਿਲਾਂ ਕਿ ਅੱਗ ਬੁਝਦੀ ਦੁਕਾਨ ’ਚ ਰੱਖਿਆ ਸਮਾਨ ਪੂਰੀ ਤਰਾਂ ਸੜਕੇ ਸੁਆਹ ਹੋ ਚੁੱਕਿਆ ਸੀ। ਜਾਣਕਾਰੀ ਅਨੁਸਾਰ ਪ੍ਰੀਵਾਰ ਦੀ ਰਿਹਾਇਸ਼ ਵੀ ਦੁਕਾਨ ਦੇ ਉੱਪਰ ਸੀ ਜਿੱਥੋਂ ਪ੍ਰੀਵਾਰਕ ਮੈਂਬਰਾਂ ਨੂੰ ਭੜਕੀ ਅੱਗ ਦੌਰਾਨ ਸ਼ਹਿਰ ਵਾਸੀਆਂ ਵੱਲੋਂ ਕਰੜੀ ਮੁਸ਼ੱਕਤ ਤੋਂ ਬਾਅਦ ਕੱਢਿਆ ਗਿਆ।
ਅੱਗ ਲੱਗਣ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ। ਮੁਢਲੇ ਤੌਰ ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਿਟ ਮੰਨਿਆ ਜਾ ਰਿਹਾ ਹੈ ਪਰ ਅਸਲ ਕਾਰਨਾਂ ਦਾ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗਾ। ਉਂਜ ਤਾਂ ਅੱਗ ਅੱਗਣ ਵਗੈਰਾ ਦੀਆਂ ਛੋਟੀਆਂ ਮੋਟੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਪਰ ਭਗਤਾ ਭਾਈ ’ਚ ਪਿਛਲੇ 4 ਸਾਲਾਂ ਦੌਰਾਨ ਇਹ ਤੀਜਾ ਭਿਆਨਕ ਅਗਨੀਕਾਂਡ ਹੈ ਜੋ ਆਪਣੇ ਪਿਛੇ ਤਬਾਹੀ ਦੀਆਂ ਵੱਡੀਆਂ ਪੈੜਾਂ ਪਿੱਛੇ ਛੱਡ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਗਤਾ ਭਾਈ ਦੇ ਪ੍ਰਦੀਪ ਬੁਟੀਕ ਸਟੋਰ ਵਿੱਚ ਅੱਜ ਸਵੇਰੇ ਲਗਭਗ 4 ਵਜੇ ਅੱਗ ਲੱਗ ਗਈ ਜੋ ਦੇਖਦਿਆਂ ਹੀ ਦੇਖਦਿਆਂ ਵੱਡੀਆਂ ਲਾਟਾਂ ਵਿੱਚ ਤਬਦੀਲ ਹੋ ਗਈ। ਅੱਗ ਨੇ ਦੋ ਮੰਜ਼ਿਲਾਂ ਵਾਲੇ ਸਟੋਰ ਅਤੇ ਉੱਪਰੀ ਮੰਜ਼ਿਲ ਤੇ ਸਥਿਤ ਮਕਾਨ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ।
ਅੱਗ ਦਾ ਧੂੰਆਂ ਅਤੇ ਬਦਬੂ ਫੈਲਦਿਆਂ ਵੱਡੀ ਗਿਣਤੀ ਲੋਕ ਮੌਕੇ ਤੇ ਇਕੱਤਰ ਹੋ ਗਏ ਅਤੇ ਲਾਟਾਂ ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ। ਸੁਆਹ ਹੋ ਗਿਆ ਹੈ। ਜਦੋਂ ਪ੍ਰਸ਼ਾਸਨ ਨੂੰ ਇਸ ਘਟਨਾ ਬਾਰੇ ਸੂਚਨਾ ਦਿੱਤੀ ਗਈ, ਤਾਂ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਨਜ਼ਦੀਕੀ ਪਿੰਡ ਕੋਠਾ ਗੁਰੂ ਅਤੇ ਭਗਤਾ ਭਾਈ ਦੀਆਂ ਵੀ ਅੱਗ ਬੁਝਾਉਣ ਵਾਲੀਆਂ ਟੀਮਨੇ ਵੀ ਅੱਗ ਬੁਝਾਉਣ ’ਚ ਫਾਇਰ ਟੈਂਡਰਾਂ ਨੂੰ ਪੂਰਨ ਸਹਿਯੋਗ ਦਿੱਤਾ। ਪ੍ਰਸ਼ਾਸਨ ਦੇ ਸਹਿਯੋਗ ਅਤੇ ਸਥਾਨਕ ਲੋਕਾਂ ਦੇ ਯਤਨਾਂ ਨਾਲ ਅੱਗ ਨੂੰ ਹੋਰ ਵੱਧ ਫੈਲਣ ਤੋਂ ਰੋਕ ਲਿਆ। ਦੁਕਾਨ ਦੇ ਮਾਲਕ ਕੁਲਦੀਪ ਸਿੰਘ ਦੱਸਿਆ ਕਿ ਅੱਗ ਨੇ ਸਮਾਨ ਤਾਂ ਤਬਾਹ ਕੀਤਾ ਹੀ ਬਲਕਿ ਵੱਡੀ ਮਾਤਰਾ ’ਚ ਨਕਦੀ ਅਤੇ ਸੋਨਾ ਵੀ ਸੜਕੇ ਸੁਆਹ ਹੋ ਗਿਆ ਹੈ। ਸ਼ਹਿਰ ਦੀਆਂ ਸਮਾਜਿਕ ਸੰਸਥਾਵਾਂ ਤੇ ਆਮ ਲੋਕਾਂ ਨੇ ਕੁਲਦੀਪ ਸਿੰਘ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ।