ਔਰਬਿਟ ਸਿਟੀ ਦੇ ਮਾਲਕਾਂ ਵੱਲੋਂ ਪਰੋ ਕਬੱਡੀ ਲੀਗ 2024 ਦੀ ਜੇਤੂ ਟੀਮ ਦੇ ਕੋਚ ਮਨਪ੍ਰੀਤ ਸਿੰਘ ਮਾਨਾ ਨੂੰ ਕੀਤਾ ਸਨਮਾਨਿਤ
- ਸਨਮਾਨ ਚ 11 ਲੱਖ ਰੁਪਏ ਦਾ ਚੈਕ ਤੇ ਇੱਕ ਸੋਨੇ ਦੀ ਮੁੰਦਰੀ ਕੀਤੀ ਭੇਂਟ
ਮਲਕੀਤ ਸਿੰਘ ਮਲਕਪੁਰ
ਲਾਲੜੂ 5 ਜਨਵਰੀ 2025: ਮਹਾਰਾਣਾ ਪ੍ਰਤਾਪ ਭਵਨ ਲਾਲੜੂ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਦੌਰਾਨ ਨੇੜਲੇ ਪਿੰਡ ਮੀਰਪੁਰਾ ਜੇ ਜੰਮਪਲ ਅਤੇ ਪਰੋ ਕਬੱਡੀ ਲੀਗ 2024 ਦੀ ਜੇਤੂ ਰਹੀ ਹਰਿਆਣਾ ਸਟੀਲਰਜ਼ ਟੀਮ ਦੇ ਕੋਚ ਮਨਪ੍ਰੀਤ ਸਿੰਘ ਮਾਨਾ ਨੂੰ ਔਰਬਿਟ ਸਿਟੀ ਦੇ ਮਾਲਕਾਂ ਰੂਪ ਸਿੰਘ ਰਾਣਾ, ਅਤੇ ਬੁੱਲੂ ਸਿੰਘ ਰਾਣਾ (ਸਾਬਕਾ ਪ੍ਰਧਾਨ ਨਗਰ ਕੌਸਲ ਲਾਲੜੂ) ਵੱਲੋਂ 11 ਲੱਖ ਰੁਪਏ ਦਾ ਚੈਕ ਅਤੇ ਇੱਕ ਸੋਨੇ ਦੀ ਮੁੰਦਰੀ ਨਾਲ ਸਨਮਾਨਿਤ ਕੀਤਾ ਗਿਆ।
ਸਮਾਰੋਹ ਵਿੱਚ ਘਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਘਨੌਰ ਨੇ ਵਿਸ਼ੇਸ ਤੌਰ ਉੱਤੇ ਸਿਰਕਤ ਕੀਤੀ , ਜਦਕਿ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਮਨਿੰਦਰਜੀਤ ਸਿੰਘ ਵਿੱਕੀ ਘਨੌਰ ਸਮੇਤ ਸਾਬਕਾ ਹਲਕਾ ਵਿਧਾਇਕ ਐਨ.ਕੇ. ਸ਼ਰਮਾ, ਸੀਵਰੇਜ਼ ਅਤੇ ਵਾਟਰ ਸਪਲਾਈ ਬੋਰਡ ਦੇ ਵਾਇਸ ਚੇਅਰਮੈਨ ਸੁਭਾਸ਼ ਸ਼ਰਮਾ, ਇਸ ਤੋਂ ਇਲਾਵਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਨਿਰਮੈਲ ਸਿੰਘ ਜੌਲਾ, ਸੈਲਟਰ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਡਾ. ਦਲੇਰ ਸਿੰਘ ਮੁਲਤਾਨੀ, ਭਾਜਪਾ ਆਗੂ ਮਨਪ੍ਰੀਤ ਸਿੰਘ ਬਨੀ ਸੰਧੂ, ਮੁਕੇਸ਼ ਗਾਂਧੀ ਡੇਰਾਬੱਸੀ, ਨਗਰ ਕੌਂਸਲ ਲਾਲੜੂ ਦੇ ਪ੍ਰਧਾਨ ਸਤੀਸ਼ ਰਾਣਾ ਅਤੇ ਗੁਲਜਾਰੀ ਮੁੰਨਕ ਦਿੜਬਾ ਵੀ ਉਚੇਚੇ ਤੌਰ ਉੱਤੇ ਸਾਮਿਲ ਹੋਏ। ਇਸ ਮੌਕੇ ਵਿਧਾਇਕ ਘਨੌਰ ਨੇ ਕਿਹਾ ਕਿ ਮਨਪ੍ਰੀਤ ਸਿੰਘ ਮਾਨਾ ਅਤੇ ਉਹ ਇਕੱਠੇ ਬਠਿੰਡਾ ਅਕੈਡਮੀ ਵੱਲੋਂ ਖੇਡਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸਾਹਿਤ ਕਰਨ ਲਈ ਵੱਡਾ ਉਪਰਾਲਾ ਕਰ ਰਹੀ ਹੈ, ਜਿਸ ਦੇ ਤਹਿਤ ਉਨ੍ਹਾਂ ਮਨਪ੍ਰੀਤ ਸਿੰਘ ਨੂੰ ਕਿਹਾ ਕਿ ਉਹ ਹਲਕਾ ਘਨੌਰ ਵਿੱਚ ਇੱਕ ਕਰੋੜ ਦੀ ਲਾਗਤ ਵਾਲਾ ਖੇਡ ਸਟੇਡਿਆਮ ਦੇਣ ਲਈ ਤਿਆਰ ਹਨ, ਜੇਕਰ ਉਹ ਉਥੇ ਸਿਖਲਾਈ ਦੇਣ ਦਾ ਉਪਰਾਲਾ ਕਰਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਘਨੌਰ ਵਿੱਚ 7 ਕਿੱਲਿਆਂ ਵਿੱਚ ਕਬੱਡੀ ਦਾ ਮੈਦਾਨ ਬਣਾ ਕੇ ਦਿੱਤਾ ਹੋਇਆ ਹੈ, ਜਿਸ ਵਿੱਚ ਰੋਜਾਨਾ ਨੌਜਵਾਨ ਕਬੱਡੀ ਦੀ ਪ੍ਰਕੈਟਿਸ ਕਰਦੇ ਹਨ। ਅੱਜ ਦੇ ਸਨਮਾਨ ਸਮਾਰੋਹ ਦੌਰਾਨ ਔਰਬਿਟ ਸਿਟੀ ਦੇ ਮਾਲਕਾਂ ਦੀ ਸਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਉਪਰਾਲੇ ਨਾਲ ਜਿਥੇ ਰਵਾਇਤੀ ਖੇਡਾਂ ਨੂੰ ਹੁਲਾਰਾ ਮਿਲੇਗਾ, ਉਥੇ ਹੀ ਨੌਜਵਾਨਾਂ ਵਿੱਚ ਖੇਡਾਂ ਪ੍ਰਤੀ ਚੇਟਕਾ ਵੀ ਪੈਦਾ ਹੋਵੇਗੀ। ਔਰਬਿਟ ਸਿਟੀ ਦੇ ਮਾਲਕਾਂ ਰੂਪ ਸਿੰਘ ਰਾਣਾ ਤੇ ਬੁੱਲੂ ਸਿੰਘ ਰਾਣਾ ਨੇ ਲੀਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਕੋਚ ਮਨਪ੍ਰੀਤ ਸਿੰਘ ਨੂੰ ਲੀਗ ਦਾ ਸਰਵਉੱਚ ਕੋਚ ਐਵਾਰਡ ਜਿੱਤਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਮਨਪ੍ਰੀਤ ਇਸ ਇਲਾਕੇ ਦਾ ਅਣਮੁੱਲਾ ਹੀਰਾ ਹੈ, ਜਿਸ ਨੇ ਇਲਾਕੇ ਸਮੇਤ ਪੁਆਧੀ ਖੇਤਰ ਦਾ ਦੇਸ਼ ਵਿਦੇਸ਼ ਵਿੱਚ ਨਾਂਅ ਰੋਸ਼ਨ ਕੀਤਾ ਹੈ। ਉਸ ਉੱਤੇ ਸਾਨੂੰ ਸਾਰਿਆਂ ਬਹੁਤ ਮਾਣ ਹੈ।
ਦੱਸਣਯੋਗ ਹੈ ਕਿ ਲਾਲੜੂ ਨੇੜਲੇ ਪਿੰਡ ਮੀਰਪੁਰਾ 'ਚ ਸ. ਪਾਖਰ ਸਿੰਘ ਦੇ ਗ੍ਰਹਿ ਵਿਖੇ ਜਨਮੇ ਮਨਪ੍ਰੀਤ ਸਿੰਘ ਹਰਿਆਣਾ ਦੇ ਜ਼ਿਲ੍ਹਾ ਸੋਨੀਪਤ 'ਚ ਆਇਲ ਐਂਡ ਨੈਚੁਰਲ ਗੈੱਸ (ਓਐੱਨਜੀਸੀ) ਮਹਿਕਮੇ 'ਚ ਤਾਇਨਾਤ ਹਨ। ਸਮਾਰੋਹ ਦੇ ਅੰਤ ਵਿੱਚ ਮਨਪ੍ਰੀਤ ਸਿੰਘ ਮਾਨਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਜੇਕਰ ਪੰਜਾਬ ਸਰਕਾਰ ਉਨ੍ਹਾਂ ਨੂੰ ਹਲਕੇ ਵਿੱਚ ਵਧੀਆ ਮੈਦਾਨ ਮੁਹੱਇਆ ਕਰਵਾਵੇ ਤਾਂ ਉਹ ਆਪਣੀ ਕੌਚ ਵਾਲੀ ਨੌਕਰੀ ਛੱਡ ਕੇ ਹਲਕੇ ਦੇ ਨੌਜਵਾਨਾਂ ਨੂੰ ਕਬੱਡੀ ਸਿਖਾਉਣ ਦੀਆਂ ਸੇਵਾਵਾਂ ਦੇਣ ਲਈ ਤਿਆਰ ਹਨ। ਉਨ੍ਹਾਂ ਔਰਬਿਟ ਸਿਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਸਨਮਾਨ ਪੂਰੀ ਉਮਰ ਯਾਦ ਰਹੇਗਾ। ਇਸ ਮੌਕੇ ਔਰਬਿਟ ਸਿਟੀ ਦੇ ਅਮਨ ਰਾਣਾ, ਪ੍ਰਵੀਨ ਰਾਣਾ, ਮਨੀਸ਼ ਰਾਣਾ, ਐਡਵੋਕੇਟ ਰਾਜੇਸ਼ ਰਾਣਾ, ਆਰਕੀਟੇਕਟ ਰਾਜੇਸ਼ ਰਾਣਾ ਸਮੇਤ ਭਾਜਪਾ ਆਗੂ ਸੁਸ਼ੀਲ ਮਗਰਾ, ਸੋਮ ਚੰਦ ਗੋਇਲ, ਗੁਰਮੀਤ ਟਿਵਾਣਾ ਅਤੇ ਸੁਰਿੰਦਰਪਾਲ ਜਿਊਲੀ, ਗੁਰਪ੍ਰੀਤ ਸਿੰਘ ਟਿਵਾਣਾ, ਕੇਵਲ ਘੋਲੂਮਾਜਰਾ, ਰਘੁਵੀਰ ਜੁਨੇਜਾ, ਰੋਹਿਤ ਰਤਨ, ਭੁਪਿੰਦਰ ਸਿੰਘ (ਬੂਟਾ) ਮਲਕਪੁਰ ਆਦਿ ਵੀ ਹਾਜ਼ਰ ਸਨ।