ਦਸਮੇਸ਼ ਪਿਤਾ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਗਰਾਈਂ ਕਲਾਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ
ਸੁਖਜਿੰਦਰ ਸਿੰਘ ਪੰਜਗਰਾਈਂ
ਪੰਜਗਰਾਈਂ ਕਲਾਂ,5 ਜਨਵਰੀ 2025: ਦਸਮੇਸ਼ ਪਿਤਾ ਸਾਹਿਬ-ਏ-ਕਮਾਲ ਧੰਨ ਧੰਨ ਸ੍ਰੀ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਗਰਾਈਂ ਕਲਾਂ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਿਆ ਇਹ ਨਗਰ ਕੀਰਤਨ ਪਿੰਡ ਦੀ ਗਿੱਲ ਪੱਤੀ ਦੇ ਗੁਰਦੁਆਰਾ ਅਕਾਲਸਰ ਸਾਹਿਬ ਪਰਵਾਨੇ ਵਾਲਾ ਤੋਂ ਅਰਦਾਸ ਦੌਰਾਨ ਸੁਭਾ 9 ਵਜੇ ਦੇ ਕਰੀਬ ਰਵਾਨਾ ਹੋਇਆ। ਨਗਰ ਕੀਰਤਨ ਦੌਰਾਨ ਫੁੱਲਾਂ ਨਾਲ ਸਜਾਈ ਗੂਈ ਬਹੁਤ ਹੀ ਸੁੰਦਰ ਪਾਲਕੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਸ਼ੋਭਿਤ ਸਨ। ਇਸ ਨਗਰ ਕੀਰਤਨ ਵਿੱਚ ਪਿੰਡ ਦੀਆਂ ਸੰਗਤਾਂ ਨੇ ਵੱਡੀ ਗਿਣਤੀ 'ਚ ਪਾਲਕੀ ਦੇ ਨਾਲ ਪੈਦਲ ਚੱਲ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਨਗਰ ਕੀਰਤਨ ਦੌਰਾਨ ਸਾਹੋ ਵਾਲੇ ਕਵੀਸ਼ਰੀ ਜਥੇ ਨੇ ਵਾਰਾਂ ਗਾ ਕੇ ਸੰਗਤਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਕੁਰਬਾਨੀਆਂ ਭਰੇ ਜੀਵਨ ਤੋਂ ਜਾਣੂ ਕਰਵਾਇਆ ਅਤੇ ਵੱਖ ਵੱਖ ਕੀਰਤਨੀ ਜਥਿਆਂ ਵੱਲੋਂ ਮਨਮੋਹਿਕ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਇਸ ਨਗਰ ਕੀਰਤਨ ਵਿੱਚ ਪਹੁੰਚੀਆਂ ਸੰਗਤਾਂ ਦੇ ਲਈ ਪਿੰਡ ਵਾਸੀਆਂ ਵੱਲੋਂ ਵੱਖ ਵੱਖ ਪੜਾਵਾਂ ਦੌਰਾਨ ਥਾਂ-ਥਾਂ ਤੇ ਤਰਾਂ ਤਰਾਂ ਦੇ ਪਕਵਾਨਾਂ ਦੇ ਲੰਗਰ ਲਗਾ ਕੇ ਨਗਰ ਕੀਰਤਨ ਦਾ ਬੜੇ ਹੀ ਉਤਸ਼ਾਹ ਦੇ ਨਾਲ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਤੇ ਗਤਕਾ ਪਾਰਟੀ ਵੱਲੋਂ ਗਤਕੇ ਦੇ ਜੌਹਰ ਦਿਖਾ ਕੇ ਸੰਗਤਾਂ 'ਚ ਜੋਸ਼ ਭਰਿਆ ਗਿਆ। ਸਟੇਜ ਦੀ ਸੇਵਾ ਪ੍ਰਸਿੱਧ ਗਾਇਕ ਤੇ ਗੀਤਕਾਰ ਬੂਟਾ ਪੈਰਿਸ ਵੱਲੋਂ ਬਾਖੂਬੀ ਨਿਭਾਈ ਗਈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਬਾਬਾ ਵੀਰ ਸਿੰਘ ਜੀ ਵੱਲੋਂ ਨਗਰ ਕੀਰਤਨ ਵਿੱਚ ਪਹੁੰਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਨਗਰ ਕੀਰਤਨ ਦੌਰਾਨ ਪਿੰਡ ਦੇ ਕਈ ਕਲੱਬਾਂ ਅਤੇ ਸੇਵਾ ਸੁਸਾਇਟੀਆਂ ਵੱਲੋਂ ਸੈਂਟ ਛਿੜਕਣ,ਕਲੀ ਪਾਉਣ ਅਤੇ ਝਾੜੂ ਫੇਰਨ ਆਦਿ ਦੀ ਸੇਵਾ ਬੜੇ ਹੀ ਪ੍ਰੇਮ ਤੇ ਸਤਿਕਾਰ ਨਿਭਾਈ ਗਈ। ਇਸ ਨਗਰ ਕੀਰਤਨ ਵਿੱਚ ਪਿੰਡ ਦੇ ਮੋਹਤਬਰ ਵਿਅਕਤੀਆਂ ਸਮੇਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਾਜ਼ਰੀ ਲਗਵਾ ਕੇ ਗੁਰੂ ਸਾਹਿਬ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ।