Babushahi Special ਸਿਰਫ਼ Khanauri ਹੀ ਨਹੀਂ ਇੱਕ ਮਰਨ ਵਰਤ ਹੋਰ ਵੀ ਜਾਰੀ... ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ 'ਚ
- ਮਾਮਲਾ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦਾ
ਅਸ਼ੋਕ ਵਰਮਾ
ਚੰਡੀਗੜ੍ਹ, 5 ਦਸੰਬਰ 2025: ਪੰਜਾਬ ਸਰਕਾਰ ਦੇ ‘ਘਰ ਘਰ ਪੱਕੇ ਸਨਮਾਨਜਨਕ ਰੁਜ਼ਗਾਰ’ ਦਾ ਇੱਕ ਸੱਚ ਕੰਪਿਊਟਰ ਅਧਿਆਪਕ ਜੌਨੀ ਸਿੰਗਲਾ ਵੀ ਹੈ। ਕਿਸੇ ਦੀ ਮੌਤ ਹੋ ਜਾਣ ਦੀ ਸੂਰਤ ’ਚ ਬਚਪਨ ਉਮਰੇ ਡਰ ਜਾਣ ਵਾਲਾ ਜੌਨੀ ਸਿੰਗਲਾ ਹੁਣ ਕੰਪਿਊਟਰ ਅਧਿਆਪਕਾਂ ਦੇ ਪੱਕੇ ਰੁਜ਼ਗਾਰ ਲਈ ਮਰਨ ਵਰਤ ਤੋਂ ਨਹੀਂ ਡਰਿਆ ਹੈ। ਇਹ ਮਰਨ ਵਰਤ ਉਸ ਨੇ ਇਸ ਲਈ ਰੱਖਿਆ ਤਾਂ ਜੋ ਪੰਜਾਬ ਸਰਕਾਰ ਦੀ ਨਜ਼ਰ ਹਜ਼ਾਰਾਂ ਕੰਪਿਊਟਰ ਅਧਿਆਪਕਾਂ ’ਤੇ ਪੈ ਸਕੇ ਜਿੰਨ੍ਹਾਂ ਨਾਲ ਕਈ ਦਿਵਾਲੀਆਂ ਪਹਿਲਾਂ ਸਿੱਖਿਆ ਮੰਤਰੀ ਪੰਜਾਬ ਨੇ ਦੁੱਖਾਂ ਦੀ ਪੰਡ ਲਾਹੁਣ ਦਾ ਵਾਅਦਾ ਕੀਤਾ ਸੀ। ਹਾਲਾਂਕਿ ਕਈ ਦਿਨ ਮਰਨ ਵਰਤ ਤੇ ਗੁਜ਼ਾਰਨ ਮਗਰੋਂ ਸੰਗਰੂਰ ਪੁਲਿਸ ਪ੍ਰਸ਼ਾਸ਼ਨ ਨੇ ਕੰਪਿਊਟਰ ਅਧਿਆਪਕਾਂ ਦੇ ਧਰਨੇ ਤੇ ਪੁਲਿਸ ਦੀਆਂ ਧਾੜਾਂ ਚਾੜ੍ਹਕੇ ਉਸ ਨੂੰ ਜਬਰੀ ਹਸਪਤਾਲ ਦਾਖਲ ਕਰਵਾ ਦਿੱਤਾ ਫਿਰ ਵੀ ਆਪਣੀਆਂ ਮੰਗਾਂ ਲਈ ਮਰਨ ਦੀ ਉਸ ਦੀ ਚਿਣਗ ਰਤਾ ਵੀ ਨਹੀਂ ਮੱਠੀ ਪਈ ਹੈ।
ਜਿਸ ਦਿਨ ਦੇ ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਜੱਦੀ ਜਿਲ੍ਹੇ ’ਚ ਸੰਘਰਸ਼ ਸ਼ੁਰੂ ਕੀਤਾ ਹੈ ਤਾਂ ਇਸ ਦੌਰਾਨ ਉਨ੍ਹਾਂ ਨੇ ਮਾੜਾ ਮੌਸਮ ਵੀ ਝੱਲਿਆ ਹੈ ਅਤੇ ਹੱਡ ਜਮਾਉਣ ਵਾਲੀ ਠੰਢ ਦਾ ਸੇਕ ਵੀ ਪਿੰਡੇ ਤੇ ਹੰਢਾਇਆ ਹੈ। ਇਕੱਲੇ ਪੁਰਸ਼ ਅਧਿਆਪਕ ਹੀ ਨਹੀਂ ਦਰਜਨਾਂ ਦੀ ਗਿਣਤੀ ’ਚ ਮਹਿਲਾ ਅਧਿਆਪਕਾਂ ਨੇ ਵੀ ਅਜਿਹੀ ਹੀ ਮਾਰ ਝੱਲੀ ਹੈ। ਕਈ ਤਾਂ ਏਦਾਂ ਦੀਆਂ ਵੀ ਹਨ ਜਿੰਨ੍ਹਾਂ ਦੇ ਮਾਸੂਮ ਬੱਚੇ ਵੀ ਸੰਘਰਸ਼ ਦੇ ਰਾਹੀ ਬਣੇ ਹਨ। ਮੰਗ ਏਨੀ ਕੁ ਹੈ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦਿਆਂ ਦੌਰਾਨ ਇੰਨ੍ਹਾਂ ਕੰਪਿਊਟਰ ਅਧਿਆਪਕਾਂ ਦੇ ਹੱਕਾਂ ’ਤੇ ਕੋਈ ਡਾਕਾ ਨਾ ਵੱਜੇ। ਇੰਨ੍ਹਾਂ ਵਿੱਚ ਵੱਡੀ ਗਿਣਤੀ ਅਜਿਹੇ ਅਧਿਆਪਕ ਹਨ ਜਿੰਨ੍ਹਾਂ ਨੂੰ ਪੈਰ ਪੈਰ ’ਤੇ ਜ਼ਿੰਦਗੀ ਸ਼ਰੀਕ ਬਣ ਟੱਕਰੀ ਪਰ ਉਨ੍ਹਾਂ ਦੀ ਹਿੰਮਤ ਨੇ ਪਿੱਠ ਨਹੀਂ ਦਿਖਾਈ ਹੈ। ਦੇਖਿਆ ਜਾਏ ਤਾਂ ਇਹ ਕੰਪਿਊਟਰ ਅਧਿਆਪਕ ਬੇਕਦਰੀ ਦੀ ਪ੍ਰਤੱਖ ਨਿਸ਼ਾਨੀ ਬਣੇ ਹੋਏ ਹਨ।
ਮਾਮਲਾ ਕੁੱਝ ਇਸ ਤਰਾਂ ਹੈ ਕਿ ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੀਆਂ ਲਾਰੇ ਲੱਪੇ ਵਾਲੀਆਂ ਨੀਤੀਆਂ ਤੋਂ ਤੰਗ ਆ ਕੇ ਆਪਣੇ ਸੰਘਰਸ਼ ਨੂੰ ਪੜਾਅਵਾਰ ਅੱਗੇ ਵਧਾਉਂਦਿਆਂ ਲੰਘੀ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਬੈਨਰ ਹੇਠ ਆਰ ਪਾਰ ਦੀ ਲੜਾਈ ਤਹਿਤ 22 ਦਸੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਜਿਲ੍ਹੇ ਸੰਗਰੂਰ ’ਚ ਕੰਪਿਊਟਰ ਅਧਿਆਪਕ ਆਗੂ ਜੌਨੀ ਸਿੰਗਲਾ ਨੇ ਮਰਨ ਵਰਤ ਸ਼ੁਰੂ ਕੀਤਾ ਸੀ। ਲਗਾਤਾਰ 12 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਰਹੇ ਜੌਨੀ ਸਿੰਗਲਾ ਨੂੰ 3 ਜਨਵਰੀ ਦੀ ਦੇਰ ਰਾਤ ਨੂੰ ਪੁਲੀਸ ਦੀ ਵੱਡੀ ਨਫਰੀ ਨੇ ਚੁੱਕ ਲਿਆ ਅਤੇ ਸਿਵਲ ਹਸਪਤਾਲ ਲਿਜਾਣ ਤੋਂ ਬਾਅਦ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾ ਦਿੱਤਾ ਜਿੱਥੇ ਉਹ ਹੁਣ ਵੀ ਸਰਕਾਰੀ ਨਿਗਰਾਨੀ ਹੇਠ ਹੈ। ਮਗਰੋਂ ਉਸ ਦੀ ਥਾਂ ਕੰਪਿਊਟਰ ਅਧਿਆਪਕ ਰਣਜੀਤ ਸਿੰਘ ਨੇ ਮੋਰਚਾ ਸੰਭਾਲਿਆ ਅਤੇ ਮਰਨ ਵਰਤ ਸ਼ੁਰੂ ਕੀਤਾ ਹੋਇਆ ਹੈ।
ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਆਗੂਆਂ ਪਰਦੀਪ ਕੁਮਾਰ ਮਲੂਕਾ ਅਤੇ ਗੁਰਬਖਸ਼ ਲਾਲ ਦਾ ਕਹਿਣਾ ਸੀ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 15 ਸਤੰਬਰ 2022 ਨੂੰ ਦਿਵਾਲੀ ਦੇ ਤਿਉਹਾਰ ਮੌਕੇ ਕੰਪਿਊਟਰ ਅਧਿਆਪਕਾਂ ਨਾਲ ਸਬੰਧਤ ਸਮੂਹ ਮੰਗਾਂ ਪੂਰੀਆਂ ਕਰਨ ਦਾ ਐਲਾਨ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਤਰਫੋਂ ਇੱਕ ਤਰਾਂ ਨਾਲ ‘ਦਿਵਾਲੀ ਦਾ ਤੋਹਫਾ’ ਦੇਣ ਦਾ ਦਾਅਵਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕਈ ਦਿਵਾਲੀਆਂ ਲੰਘਣ ਅਤੇ ਦਰਜਨਾਂ ਮੀਟਿੰਗਾਂ ਦੀ ਚੱਕੀ ਦੇ ਪੁੜਾਂ ’ਚ ਪਿਸਣ ਮਗਰੋਂ ਵੀ ਪੂਰਾ ਨਹੀਂ ਕੀਤਾ ਬਲਕਿ ਹੁਣ ਤਾਂ ਸਰਕਾਰ ਦਿਵਾਲੀ ਦੇ ਕਥਿਤ ਤੋਹਫੇ ਤੋਂ ਭੱਜ ਗਈ ਹੈ ਜੋਕਿ ਪੂਰ ਤਰਾਂ ਨਿੰਦਣਯੋਗ ਅਤੇ ਗੈਰਮਨੁੱਖੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਗੈਰਸੰਜੀਦਗੀ ਅਤੇ ਬੇਰੁਖੀ ਨੂੰ ਲੈਕੇ ਕੰਪਿਊਟਰ ਅਧਿਆਪਕਾਂ ਵਿੱਚ ਪੈਦਾ ਹੋਏ ਰੋਸ ਕਾਰਨ ਮਰਨ ਵਰਤ ਵਰਗਾ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ।
ਅਧਿਆਪਕਾਂ ਦੇ ਘੋਲ ਤੋਂ ਡਰੀ ਹਕੂਮਤ
ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਦੇ ਸੂਬਾ ਆਗੂ ਪਰਮਵੀਰ ਸਿੰਘ ਦਾ ਕਹਿਣਾ ਸੀ ਕਿ ਪੰਜਾਬ ਪੁਲੀਸ ਨੇ ਹਕੂਮਤ ਦਿਆਂ ਨਿਰਦੇਸ਼ਾਂ ਤੇ ਪੂਰਾ ਧਿਆਨ ਇਨਸਾਫ਼ ਮੰਗਣ ਆਏ ਕੰਪਿਊਟਰ ਅਧਿਆਪਕਾਂ ਦੇ ਰਾਹ ਰੋਕਣ ’ਤੇ ਕੇਂਦਰਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੌਨੀ ਸਿੰਗਲਾ ਨੂੰ ਚੁੱਕਣ ਦੀ ਹਰਕਤ ਸਰਕਾਰ ਦੀ ਬੁਖਲਾਹਟ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਤੋਂ ਡਰੀ ਹੋਈ ਹੈ ਅਤੇ ਪੁਲਿਸ ਦੇ ਜੋਰ ਤੇ ਸੰਘਰਸ਼ ਨੂੰ ਦਬਾਉਣਾ ਚਾਹੁੰਦੀ ਹੈ। ਕੰਪਿਊਟਰ ਅਧਿਆਪਕਾਂ ਪ੍ਰਤੀ ਸਰਕਾਰ ਦੇ ਵਤੀਰੇ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਪੁਲਿਸ ਜਬਰ ਨੇ ਮੋਰਚੇ ਨੂੰ ਹੋਰ ਮਜਬੂਤੀ ਦਿੱਤੀ ਹੈ ਤੇ ਅੰਤ ਨੂੰ ਇਹ ਨੀਤੀ ਸਰਕਾਰ ਵਿਰੁੱਧ ਹੀ ਭੁਗਤੇਗੀ। ਉਨ੍ਹਾਂ ਆਖਿਆ ਕਿ ਇਸ ਨਾਲ ਰੋਹ ਹੋਰ ਵਧਿਆ ਹੈ ਅਤੇ ਅਜਿਹਾ ਕਰਕੇ ਸਰਕਾਰ ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਅ ਨਹੀਂ ਸਕੇਗੀ।
ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ
ਕੰਪਿਊਟਰ ਅਧਿਆਪਕ ਆਗੂਆਂ ਦਾ ਕਹਿਣਾ ਸੀ ਕਿ ਜੌਨੀ ਸਿੰਗਲਾ ਦੀ ਥਾਂ ਰਣਜੀਤ ਸਿੰਘ ਆਇਆ ਹੈ ਜਿਸ ਪਿੱਛੇ ਵੱਡੀ ਗਿਣਤੀ ਅਧਿਆਪਕਾਂ ਦੀ ਕਤਾਰ ਖਲੋਤੀ ਹੈ। ਆਗੂਆਂ ਨੇ ਮਹੌਲ ਨੂੰ ਸੁਖਾਵਾਂ ਬਨਾਉਣ ਲਈ ਸਰਕਾਰ ਤੋਂ ਕੰਪਿਊਟਰ ਅਧਿਆਪਕਾਂ ਦੇ ਰੈਗੂਲਰ ਆਰਡਰਾਂ ਵਿੱਚ ਦਰਜ ਸਾਰੇ ਨਿਯਮ ਅਤੇ ਸ਼ਰਤਾਂ ਨੂੰ ਲਾਗੂ ਕਰਨ, ਉਹਨਾਂ ਨੂੰ ਤਨਖਾਹ ਕਮਿਸ਼ਨ ਦੇ ਲਾਭ ਦੇਣ ਤੇ ਬਣਦੇ ਅਧਿਕਾਰ ਬਹਾਲ ਕਰਨ, ਪਿਛਲੇ ਸਮੇਂ ਦੌਰਾਨ ਸਰਕਾਰਾਂ ਦੇ ਮੂੰਹ ਵੱਲ ਦੇਖਦਿਆਂ ਇਸ ਜਹਾਨੋ ਸਦਾ ਲਈ ਰੁਖਸਤ ਹੋਏ ਕੰਪਿਊਟਰ ਅਧਿਆਪਕਾਂ ਦੇ ਪਰਿਵਾਰਾਂ ਨੂੰ ਬਣਦੀ ਵਿੱਤੀ ਸਹਾਇਤਾ ਅਤੇ ਨੌਕਰੀਆਂ ਦੇਣ ਦੀ ਮੰਗ ਕੀਤੀ।