Babushahi Special: ਨਵੀਂ ਤਕਨੀਕ ਨੇ ਪਾੜੀਆਂ ਸਰਕਾਰੀ ਢੋਲਕੀਆਂ ਤੇ ਵਾਜਿਆਂ ਦੀਆਂ ਸੁਰਾਂ ਦੀ ਸਰਗਮ
ਅਸ਼ੋਕ ਵਰਮਾ
ਬਠਿੰਡਾ,4ਜਨਵਰੀ 2025: ਵਕਤ ਦੀ ਗਰਦਿਸ਼ ਅਤੇ ਨਵੀਆਂ ਤਕਨੀਕਾਂ ਦੀ ਮਾਰ ਝੱਲਦੇ ਸਰਕਾਰੀ ਵਾਜੇ ਤੇ ਢੋਲਕੀਆਂ ਕਬਾੜ ਬਣ ਗਈਆਂ ਹਨ ਜਿਨ੍ਹਾਂ ਨੂੰ ਹੁਣ ਕੋਈ ਯਾਦ ਵੀ ਨਹੀਂ ਕਰਦਾ ਹੈ। ਮਾਮਲਾ ਲੋਕ ਸੰਪਰਕ ਵਿਭਾਗ ਪੰਜਾਬ ਨਾਲ ਜੁੜਿਆ ਹੈ ਜਿਸ ਦੇ ਕਲਾਕਾਰਾਂ ਸਹਾਰੇ ਪਿੰਡਾਂ ’ਚ ਵੱਡੇ ਇਕੱਠ ਜੁੜਦੇ ਸਨ ਅਤੇ ਸਰਕਾਰਾਂ ਲੋਕਾਂ ਅੱਗੇ ਆਪਣੀ ਗੱਲ ਰੱਖਦੀਆਂ ਰਹੀਆਂ ਹਨ। ਕੋਈ ਵੇਲਾ ਸੀ ਜਦੋਂ ਇੰਨ੍ਹਾਂ ਸਰਕਾਰੀ ਕਲਾਕਾਰਾਂ ਦੀ ਤੂਤੀ ਬੋਲਦੀ ਹੁੰਦੀ ਸੀ। ਸੇਵਾਮੁਕਤੀ ਉਪਰੰਤ ਇਨ੍ਹਾਂ ਕਲਾਕਾਰ ਨੂੰ ਬੁੱਢਾਪੇ ਨੇ ਘੇਰ ਲਿਆ ਹੈ ਜਾਂ ਫਿਰ ਕਈ ਤਾਂ ਇਸ ਜਹਾਨੋ ਹਮੇਸ਼ਾ ਲਈ ਰੁਖਸਤ ਹੋ ਗਏ ਹਨ। ਤਕਰੀਬਨ ਢਾਈ ਦਹਾਕੇ ਪਹਿਲਾਂ ਤੱਕ ਇਹ ਸਰਕਾਰੀ ਕਲਾਕਾਰ ਢੋਲਕੀਆਂ ,ਹਾਰਮੋਨੀਅਮ,ਤਬਲੇ ਅਤੇ ਤੂੰਬੀ ਆਦਿ ਰਿਵਾਇਤੀ ਸਾਜ਼ਾਂ ਨਾਲ ਸਟੇਜ਼ ਤੇ ਰੰਗ ਬੰਨ੍ਹਦੇ ਰਹੇ ਹਨ। ਕੌਮਾਂਤਰੀ ਗਾਇਕ ਮੁਹੰਮਦ ਸਦੀਕ ਲੋਕ ਸੰਪਰਕ ਵਿਭਾਗ ’ਚ ਕੰਮ ਕਰਦਾ ਰਿਹਾ ਹੈ।
ਸੱਭਿਆਚਾਰਕ ਗੀਤ ਗਾਉਣ ਵਾਲਾ ਪਾਲੀ ਦੇਤਵਾਲੀਆ ਵੀ ਲੋਕ ਸੰਪਰਕ ਵਿਭਾਗ ਚੋਂ ਸੇਵਾਮੁਕਤ ਹੋਇਆ ਹੈ। ਫਰੀਦਕੋਟ ਜਿਲ੍ਹੇ ਨਾਲ ਸਬੰਧਤ ਹਾਸਰਸ ਕਲਾਕਾਰ ਬੂਟਾ ਗੱਪੀ ਵੀ ਇਸ ਵਿਭਾਗ ਨਾਲ ਜੁੜਿਆ ਰਿਹਾ ਹੈ ਤੇ ਉਸਦੀ ਪਤਨੀ ਇੰਦਰਜੀਤ ਕੌਰ ਵੀ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਪਤਨੀ ਅਮਰਜੋਤ ਵੀ ਇਸ ਮਹਿਕਮ ’ਚ ਰਹੀ ਹੈ । ਇੰਦਰਜੀਤ ਕੌਰ ਤੇ ਅਮਰਜੋਤ ਸਕੀਆਂ ਭੈਣਾਂ ਸਨ ਜਿੰਨ੍ਹਾਂ ਦੇ ਪਿਤਾ ਨੇ ਵੀ ਮਹਿਕਮੇ ’ਚ ਸੇਵਾ ਨਿਭਾਈ ਹੈ। ਗਾਇਕ ਕਲਾਕਾਰ ਸੁਰਿੰਦਰ ਸ਼ਿੰਦੀ ਉਰਫ ਸ਼ਿੰਦੀ ਮਾਨਸਾ ਵਾਲਾ ਵੀ ਬਠਿੰਡਾ ਜਿਲ੍ਹੇ ’ਚ ਤਾਇਨਾਤ ਰਿਹਾ ਹੈ ਜਿਸ ਦੀ ਭਰ ਜਵਾਨੀ ’ਚ ਮੌਤ ਹੋ ਗਈ ਸੀ। ਦੂਸਰੇ ਪ੍ਰਮੁੱਖ ਗਾਇਕਾਂ ਚੋਂ ਦੀਦਾਰ ਸੰਧੂ ਅਤੇ ਹਰਚਰਨ ਗਰੇਵਾਲ ਵੀ ਇਸ ਵਿਭਾਗ ਦੀ ਪੈਦਾਇਸ਼ ਹਨ ਜਿੰਨ੍ਹਾਂ ਦੇ ਅੱਧੇ ਬੋਲਾਂ ਤੇ ਪਿੰਡਾਂ ’ਚ ਹੁੰਦੇ ਇਕੱਠਾਂ ਦੌਰਾਨ ਗਾਇਕੀ ਦਾ ਇੱਕ ਵੱਖਰਾ ਰੰਗ ਬੱਝਦਾ ਹੁੰਦਾ ਸੀ।
ਇਸ ਤੋਂ ਬਿਨਾਂ ਹੋਰ ਵੀ ਕਈ ਨਾਮੀ ਗਾਇਕ ਕਲਾਕਾਰ ਹਨ ਜੋ ਲੋਕ ਸੰਪਰਕ ਵਿਭਾਗ ’ਚ ਕੰਮ ਕਰਦੇ ਹੋਏ ਸ਼ੋਹਰਤ ਦੀਆਂ ਪੌੜੀਆਂ ਚੜ੍ਹੇ ਹਨ। ਲੋਕ ਸੰਪਰਕ ਵਿਭਾਗ ਦੇ ਇੱਕ ਸੇਵਾਮੁਕਤ ਮੁਲਾਜਮ ਨੇ ਦੱਸਿਆ ਕਿ ਅਸਲ ’ਚ ਪੰਜਾਬ ਸਰਕਾਰ ਵੱਲੋਂ ਡਰਾਮਾ ਵਿੰਗ ਦਾ ਜਦੋਂ ਭੋਗ ਪਾਉਣ ਮਗਰੋਂ ਕਲਾਕਾਰਾਂ ਤੇ ਸਾਜ਼ਾਂ ਦੀ ਬੇਕਦਰੀ ਸ਼ੁਰੂ ਹੋਈ ਸੀ। ਇਸ ਮੌਕੇ ਜੋ ਕਲਾਕਾਰ ਭਰਤੀ ਕੀਤੇ ਗਏ ਸਨ, ਮਹਿਕਮਾ ਉਨ੍ਹਾਂ ਤੋਂ ਹੋਰ ਕੰਮ ਲੈਣ ਲੱਗ ਪਿਆ ਤਾਂ ਉਨ੍ਹਾਂ ਦੀ ਕਲਾ ਵੀ ਹੌਲੀ ਹੌਲੀ ਖਤਮ ਹੋ ਗਈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕਲਾਕਾਰਾਂ ਦੀ ਥਾਂ ਚਮਕ ਦਮਕ ਵਾਲੀ ਦੁਨੀਆਂ ਨੇ ਲੈ ਲਈ ਹੈ। ਪੰਜਾਬ ਸਰਕਾਰ ਨੇ ਨਵੇਂ ਕਲਾਕਾਰ ਭਰਤੀ ਕਰਨੇ ਬੰਦ ਕਰ ਦਿੱਤੇ ਅਤੇ ਜੋ ਬਚੇ ਸਨ ਉਹ ਹੌਲੀ ਹੌਲੀ ਸੇਵਾਮੁਕਤ ਹੋ ਗਏ ਤਾਂ ਲੋਕ ਸੰਪਰਕ ਵਿਭਾਗ ’ਚ ਸੁੰਨ ਪੱਸਰ ਗਈ ।
ਲੋਕ ਸੰਪਰਕ ਵਿਭਾਗ ਬਠਿੰਡਾ ਤੋਂ ਸੇਵਾਮੁਕਤ ਹੋਏ ਮੁਲਾਜਮਾਂ ’ਚ ਟੈਲੀਪ੍ਰਿੰਟਰ ਆਪਰੇਟਰ ਹੰਸ ਰਾਜ ,ਡਰਾਮਾ ਪਾਰਟੀ ਅਟੈਂਡੈਂਟ ਮੁਖਤਿਆਰ ਸਿੰਘ, ਗੁਰਚਰਨ ਸਿੰਘ, ਸਤਨਾਮ ਸਿੰਘ,ਕਲੀਨਰ ਬਿੱਕਰ ਸਿੰਘ , ਕਲਾਕਾਰ ਰਾਜੇਸ਼ ਕੁਮਾਰ ਅਤੇ ਸਟੈਨੋ ਰਾਜ ਕੁਮਾਰ ਸ਼ਰਮਾ ਸ਼ਾਮਲ ਹਨ। ਇੱਕ ਵੱਖਰੀ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਪੁਰਾਣੇ ਸਮੇਂ ‘ਚ ਜੋ ਡਰਾਮਾ ਵਿੰਗ ਵਿੱਚ ਕਲਾਕਾਰ ਭਰਤੀ ਕੀਤੇ ਗਏ ਸਨ, ਉਨ੍ਹਾਂ ‘ਚੋਂ ਲੱਗਭਗ ਸਾਰੇ ਹੀ ਸੇਵਾ ਮੁਕਤ ਵੀ ਹੋ ਗਏ ਹਨ ਜਿਨ੍ਹਾਂ ਦੀਆਂ ਅਸਾਮੀਆਂ ਨੂੰ ਮੁੜ ਭਰਿਆ ਨਹੀਂ ਗਿਆ । ਲੋਕ ਸੰਪਰਕ ਵਿਭਾਗ ’ਚ ਡਰਾਮਾ ਇੰਸਪੈਕਟਰਾਂ , ਸਟੇਜ ਮਾਸਟਰ ,ਹਰਮੋਨੀਅਮ ਮਾਸਟਰਾਂ ਅਤੇ ਤਬਲਾ ਮਾਸਟਰਾਂ ਆਦਿ ਦੀਆਂ ਅਸਾਮੀਆਂ ਹੁੰਦੀਆਂ ਸਨ ਜੋ ਅੰਤ ਨੂੰ ਖਤਮ ਹੋ ਗਈਆਂ। ਵਿਭਾਗ ਮਗਰੋਂ ਇੰਨ੍ਹਾਂ ਕਲਾਕਾਰਾਂ ਤੋਂ ਡਾਕ ਢੋਹਣ ਅਤੇ ਪ੍ਰੈਸ ਨੋਟ ਵੰਡਣ ਦਾ ਕੰਮ ਲੈਂਦਾ ਰਿਹਾ ਹੈ।
ਸਰਕਾਰ ਨੀਤੀਆਂ ਦੱਸਦਾ ਸੀ ਵਿਭਾਗ
ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫਸਰ ਗਿਆਨ ਸਿੰਘ ਦਾ ਕਹਿਣਾ ਸੀ ਕਿ ਲੋਕ ਸੰਪਰਕ ਵਿਭਾਗ ਦੀ ਸ਼ੁਰੂਆਤ ਤੱਤਕਾਲੀ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੱਲੋਂ ਕੀਤੀ ਗਈ ਸੀ । ਉਨ੍ਹਾਂ ਦੱਸਿਆ ਕਿ ਉਦੋਂ ਸਾਧਨਾਂ ਦੀ ਘਾਟ ਸੀ ਜਿਸ ਕਰਕੇ ਇਹ ਵਿੰਗ ਸਰਕਾਰੀ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਜਰੀਆ ਬਣਦਾ ਸੀ। ਉਨ੍ਹਾਂ ਕਿਹਾ ਕਿ ਇਸੇ ਮੰਤਵ ਤਹਿਤ ਪੰਜਾਬ ਸਰਕਾਰ ਨੇ ਲੋਕ ਸੰਪਰਕ ਵਿਭਾਗ ‘ਚ ਡਰਾਮਾ ਵਿੰਗ ਸ਼ੁਰੂ ਕੀਤਾ ਸੀ। ਉਨ੍ਹਾਂ ਕਿਹਾ ਕਿ ਹੁਣ ਸਮਾਂ ਬਦਲ ਗਿਆ ਹੈ ਅਤੇ ਲੋਕਾਂ ਦੀ ਪਸੰਦ ’ਚ ਵੀ ਬਦਲਾਅ ਆਇਆ ਹੈ।
ਮਹਿਕਮੇ ਦਾ ਦੁਰਲੱਭ ਖਜਾਨਾ
ਸੂਤਰ ਦੱਸਦੇ ਹਨ ਕਿ ਪੁਰਾਣਾ ਸਾਜੋ ਸਾਮਾਨ ਪਹਿਲਾਂ ਲੰਮਾਂ ਸਮਾਂ ਲੋਕ ਸੰਪਰਕ ਵਿਭਾਗ ਦੇ ਸਟੋਰਾਂ ‘ਚ ਧੂੜ ਫੱਕਦਾ ਰਿਹਾ ਜਿਸ ਨੂੰ ਬਾਅਦ ’ਚ ਚੰਡੀਗੜ੍ਹ ਮਗਵਾ ਲਿਆ ਸੀ। ਜਾਣਕਾਰੀ ਅਨੁਸਾਰ ਕਈ ਜਿਲ੍ਹਿਆਂ ਵਿੱਚ ਪੁਰਾਣੇ ਗਰਾਮੋਫੋਨ ਸਨ ਜਦੋਂਕਿ ਕਿਧਰੇ ਪੁਰਾਣਾ ਮਿਊਜ਼ਿਕ ਸਿਸਟਮ ਹੁੰਦਾ ਸੀ। ਇੰਨ੍ਹਾਂ ’ਚ ਦਸਤਾਵੇਜ਼ੀ ਫੀਚਰ ਫਿਲਮਾਂ ਵੀ ਹਨ ਜਿਨ੍ਹਾਂ ਨੂੰ ਹੁਣ ਕੰਡਮ ਮੰਨਿਆ ਜਾਂਦਾ ਹੈ। ਲੱਗਭਗ 40 ਸਾਲ ਪਹਿਲਾਂ ਦਾ ਵਾਜਾ , ਢੋਲਕੀਆਂ ਅਤੇ ਤਬਲੇ ਵੀ ਹੁੰਦੇ ਸਨ। ਇਸੇ ਤਰਾਂ ਬੈਂਜੋ , ਲਾਊਡ ਸਪੀਕਰ ਯੂਨਿਟਾਂ , ਰੇਡੀਓ ਤੇ ਟੇਪ ਰਿਕਾਰਡਰ ਵੀ ਮਹਿਕਮੇ ਦੇ ਭੰਡਾਰਾਂ ’ਚ ਹੁੰਦੀਆਂ ਸਨ।
ਇੰਨ੍ਹਾਂ ਵਸਤਾਂ ਲਈ ਬਣੇ ਅਜਾਇਬ ਘਰ
ਲੇਖਕ ਅਮਨ ਦਾਤੇਵਾਸੀਆ ਦਾ ਕਹਿਣਾ ਸੀ ਕਿ ਜਿਸ ਤਰ੍ਹਾਂ ਦੇ ਰਵਾਇਤੀ ਸਾਜ਼ ਵਗੈਰਾ ਲੋਕ ਸੰਪਰਕ ਮਹਿਕਮੇ ਕੋਲ ਹੁੰਦੇ ਸਨ , ਜੇਕਰ ਉਹ ਮੌਜੂਦ ਹਨ ਤਾਂ ਉਨ੍ਹਾਂ ਨੂੰ ਇਕੱਠੇ ਕਰਕੇ ਦੁਰਲੱਭ ਵਸਤਾਂ ਦੇ ਤੌਰ ’ਤੇ ਅਜਾਇਬ ਘਰ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਕਰਨ ਨਾਲ ਨਵੀਂ ਪੀੜੀ ਪੁਰਾਣੇ ਸਾਜ਼ਾਂ ਤੇ ਗਰਾਮੋਫੋਨ ਵਗੈਰਾ ਤੋਂ ਵੀ ਜਾਣੂ ਹੋ ਸਕੇਗੀ ਅਤੇ ਪੰਜਾਬੀ ਵਿਰਾਸਤ ਦੇ ਇਹ ਨਮੂਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲੇ ਜਾ ਸਕਣਗੇ।