MLA ਰੰਧਾਵਾ ਨੇ ਰੱਖਿਆ ਦੱਪਰ-ਚਡਿਆਲਾ ਸੜਕ ਦਾ ਨੀਂਹ ਪੱਥਰ
ਮਲਕੀਤ ਸਿੰਘ ਮਲਕਪੁਰ
ਲਾਲੜੂ 10 ਮਾਰਚ 2025: ਦੱਪਰ ਤੋਂ ਚੰਡਿਆਲਾ ਤੱਕ 2.23 ਕਿਲੋਮੀਟਰ ਲੰਬੀ ਸੜਕ ਨੂੰ ਨਾਬਾਰਡ ਸਕੀਮ ਤਹਿਤ 1 ਕਰੋੜ 71 ਲੱਖ 45 ਹਜ਼ਾਰ ਰੁਪਏ ਦੀ ਲਾਗਤ ਨਾਲ 18 ਫੁੱਟ ਚੌੜਾ ਕੀਤਾ ਜਾਵੇਗਾ, ਜਿਸ ਦਾ ਨੀਂਹ ਪੱਥਰ ਅੱਜ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਰੱਖਿਆ ਗਿਆ। ਜ਼ਿਕਰਯੋਗ ਹੈ ਕਿ ਬੀਤੇ ਸਾਲਾਂ ਵਿੱਚ ਬਣੇ ਹੜ੍ਹਾਂ ਦੇ ਹਾਲਾਤਾਂ ਅਤੇ ਇਕ ਸਾਲ ਤੋਂ ਸ਼ੰਭੂ ਬੈਰੀਅਰ ਨੂੰ ਹਰਿਆਣਾ ਸਰਕਾਰ ਵੱਲੋਂ ਬੰਦ ਕੀਤੇ ਜਾਣ ਕਾਰਨ ਹਲ਼ਕੇ ਦੀਆਂ ਸੜਕਾਂ 'ਤੇ ਆਵਾਜਾਈ ਵਿੱਚ ਰਿਕਾਰਡ ਵਾਧਾ ਹੋਇਆ ਹੈ, ਜਿਸ ਕਾਰਨ ਸਥਾਨਕ ਲਿੰਕ ਸੜਕਾਂ ਟੁੱਟ ਗਈਆਂ ਹਨ। ਵਿਧਾਇਕ ਰੰਧਾਵਾ ਨੇ ਕਿਹਾ ਕਿ ਡੇਰਾਬੱਸੀ ਖੇਤਰ ਵਿੱਚ ਲਿੰਕ ਸੜਕਾਂ ਨੂੰ ਚੌੜਾ ਕਰਨ ਦਾ ਪੰਜਾਬ ਸਰਕਾਰ ਦਾ ਫੈਸਲਾ ਰਾਹਤ ਵਜੋਂ ਆਇਆ ਹੈ ਜੋ ਤੰਗ ਅਤੇ ਖਸਤਾ ਹਾਲਤ ਵਾਲੀਆਂ ਸੜਕਾਂ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਸਨ।
ਇਹ ਲਿੰਕ ਸੜਕ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿਚਕਾਰ ਇੱਕ ਮਹੱਤਵਪੂਰਨ ਸੰਪਰਕ ਹੈ, ਜਿਸਨੂੰ ਪਿਛਲੀਆਂ ਸਰਕਾਰਾਂ ਨੇ ਹਮੇਸਾਂ ਵਿਸਾਰਿਆ ਹੋਇਆ ਸੀ ਅਤੇ ਲਾਲੜੂ ਖੇਤਰ ਦੀਆਂ ਸੰਪਰਕ ਸੜਕਾਂ ਨੂੰ ਚੌੜਾ ਕਰਨ ਨਾਲ ਨਾ ਸਿਰਫ਼ ਸੰਪਰਕ ਵਿੱਚ ਸੁਧਾਰ ਹੋਵੇਗਾ, ਬਲਕਿ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਵੀ ਹੁਲਾਰਾ ਮਿਲੇਗਾ। ਇਸ ਬਦਲੇ ਵਿਧਾਇਕ ਰੰਧਾਵਾ ਨੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਦੀ ਵੀ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਸਬੰਧਤ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਇਹ ਕੰਮ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਅਤੇ ਉੱਚ-ਗੁਣਵੱਤਾ ਦੇ ਮਿਆਰਾਂ ਨਾਲ ਪੂਰਾ ਕੀਤਾ ਜਾਵੇ।ਇਸ ਪ੍ਰੋਜੈਕਟ ਨਾਲ ਡੇਰਾਬੱਸੀ ਦੇ ਵਸਨੀਕਾਂ ਨੂੰ ਬਹੁਤ ਰਾਹਤ ਮਿਲਣ ਦੀ ਉਮੀਦ ਹੈ ਅਤੇ ਇਹ ਖੇਤਰ ਵਿੱਚ ਹੋਰ ਵਿਕਾਸ ਲਈ ਰਾਹ ਪੱਧਰਾ ਕਰੇਗਾ। ਇਸ ਪ੍ਰੋਜੈਕਟ ਨੂੰ ਮਨਜ਼ੂਰੀ ਦੇਣ ਦਾ ਸਰਕਾਰ ਦਾ ਫੈਸਲਾ ਸਹੀ ਦਿਸ਼ਾ ਵਿੱਚ ਵਧੀਆ ਕਦਮ ਹੈ । ਇਸ ਮੌਕੇ ਸਰਪੰਚ ਸਾਹਿਬਾਨ, ਪਿੰਡ ਵਾਸੀ,ਐਕਸੀਅਨ ਤੇ ਐਸਡੀੳ ਮੰਡੀ ਬੋਰਡ ਹਾਜ਼ਰ ਸਨ।