Canada: ਗੁਲਾਟੀ ਪਬਲਿਸ਼ਰਜ਼ ਵੱਲੋਂ ਨਾਵਲਕਾਰ ਜਰਨੈਲ ਸਿੰਘ ਸੇਖਾ ਨੂੰ ਪੰਜ ਨਵ-ਪ੍ਰਕਾਸ਼ਿਤ ਕਿਤਾਬਾਂ ਭੇਟ ਕੀਤੀਆਂ
ਹਰਦਮ ਮਾਨ
ਸਰੀ, 14 ਅਗਸਤ 2025 -ਗੁਲਾਟੀ ਪਬਲਿਸ਼ਰਜ਼ ਲਿਮਿਟਡ ਸਰੀ ਵੱਲੋਂ ਬੀਤੇ ਦਿਨ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੂੰ ਪੰਜ ਨਵੀਆਂ ਪ੍ਰਕਾਸ਼ਿਤ ਹੋਈਆਂ ਕਿਤਾਬਾਂ ਭੇਟ ਕੀਤੀਆਂ ਗਈਆਂ। ਜਰਨੈਲ ਸਿੰਘ ਸੇਖਾ ਪਿਛਲੇ ਕੁਝ ਮਹੀਨਿਆਂ ਦੀ ਬਿਮਾਰੀ ਤੋਂ ਬਾਅਦ ਪਹਿਲੀ ਵਾਰ ਗੁਲਾਟੀ ਪਬਲਿਸ਼ਰਜ਼ ਸਟੋਰ ‘ਤੇ ਆਏ ਸਨ। ਇਸ ਮੌਕੇ ਉਹਨਾਂ ਦੇ ਨਾਲ ਪੰਜਾਬੀ ਸ਼ਾਇਰ ਮੋਹਨ ਗਿੱਲ ਵੀ ਮੌਜੂਦ ਸਨ।
ਗੁਲਾਟੀ ਪਬਲਿਸ਼ਰਜ਼ ਦੇ ਸੰਚਾਲਕ ਸਤੀਸ਼ ਗੁਲਾਟੀ ਨੇ ਸ. ਸੇਖਾ ਨੂੰ ਜੀ ਆਇਆਂ ਆਖਿਆ ਅਤੇ ਉਨ੍ਹਾਂ ਦੇ ਸਿਹਤਯਾਬ ਹੋਣ ‘ਤੇ ਖੁਸ਼ੀ ਪ੍ਰਗਟ ਕੀਤੀ। ਇਸ ਮੌਕੇ ਪੰਜਾਬੀ ਸਾਹਿਤ ਬਾਰੇ ਅਤੇ ਪੰਜਾਬ ਬਾਰੇ ਵੀ ਵਿਚਾਰ ਚਰਚਾ ਹੋਈ। ਸਤੀਸ਼ ਗੁਲਾਟੀ ਨੇ ਇਨ੍ਹਾਂ ਦਿਨਾਂ ਵਿਚ ਪ੍ਰਕਾਸ਼ਿਤ ਹੋਈਆਂ ਕੁਝ ਨਵੀਆਂ ਪੁਸਤਕਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਹਨਾਂ ਪੁਸਤਕਾਂ ਵਿਚ ਸੁਰਿੰਦਰ ਸਿੰਘਾ ਦੀ ਪੁਸਤਕ ‘ਇੰਡੋ ਕਨੇਡੀਅਨ ਪ੍ਰਵਾਸੀਆਂ ਦਾ ਸੰਘਰਸ਼ਨਾਮਾ’, ਸੁਰਜੀਤ ਬਰਾੜ ਦਾ ਨਵਾਂ ਨਾਵਲ ‘ਕਾਲੀ ਕੰਬਲੀ’, ਮੰਗਾ ਬਾਸੀ ਦੀ ਕਾਵਿਕ ਪੁਸਤਕ ‘ਸੁਣ ਨੀਂ ਜਿੰਦੇ ਮੇਰੀਏ’, ਕਿਰਪਾਲ ਕਜ਼ਾਕ ਦਾ ਨਾਵਲ ‘ਇਤਿ ਕਥਾ’ ਅਤੇ ਜਰਨੈਲ ਸਿੰਘ ਸੇਖਾ ਦੀ ਪੁਸਤਕ ‘ਚੇਤੇ ਵਿੱਚ ਉਕਰੇ ਚਿਹਰੇ’ ਸ਼ਾਮਲ ਹਨ। ਉਨ੍ਹਾਂ ਬਾਅਦ ਵਿਚ ਇਹ ਪੰਜ ਪੁਸਤਕਾਂ ਸ. ਸੇਖਾ ਨੂੰ ਭੇਟ ਕੀਤੀਆਂ।
ਸ਼ਾਇਰ ਮੋਹਨ ਗਿੱਲ ਅਤੇ ਹਰਦਮ ਮਾਨ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਜਰਨੈਲ ਸਿੰਘ ਸੇਖਾ ਤੰਦਰੁਸਤ ਹੋ ਕੇ ਸਾਹਿਤਕ ਹਲਕਿਆਂ ਵਿਚ ਪਹਿਲਾਂ ਵਾਂਗ ਵਿਚਰਨ ਦੇ ਸਮਰੱਥ ਹੋ ਗਏ ਹਨ। ਜਰਨੈਲ ਸਿੰਘ ਸੇਖਾ ਨੇ ਪੁਸਤਕਾਂ ਲਈ ਸਤੀਸ਼ ਗੁਲਾਟੀ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਿਹਤਯਾਬੀ ਲਈ ਦੁਆਵਾਂ ਕਰਨ ਵਾਲੇ ਸਾਰੇ ਹੀ ਦੋਸਤਾਂ, ਮਿੱਤਰਾਂ, ਸਿਨੇਹੀਆਂ ਅਤੇ ਪਾਠਕਾਂ ਦੇ ਉਹ ਬੇਹੱਦ ਸ਼ੁਕਰਗੁਜ਼ਾਰ ਹਨ।