← ਪਿਛੇ ਪਰਤੋ
Babushahi Special: ਸੋਲਾਂ ਸਾਲ ਬਾਅਦ ਵੀ ਬਾਦਲਾਂ ਦੇ ਹੋਟਲ ’ਚ ਨਾ ਖੜਕੇ ਭਾਂਡੇ
ਅਸ਼ੋਕ ਵਰਮਾ
ਬਠਿੰਡਾ, 23 ਫਰਵਰੀ 2025: ਤੱਤਕਾਲੀ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਡਰੀਮ ਪ੍ਰਜੈਕਟ ਬਠਿੰਡਾ ਦੀਆਂ ਝੀਲਾਂ ਤੇ ਉਸਾਰੇ ਜਾਣ ਵਾਲੇ ਪੰਜ ਤਾਰਾ ਹੋਟਲ ਪ੍ਰਤੀ ਤਰਸੇਵਾਂ ਬਰਕਰਾਰ ਹੈ। ਅੱਜ ਤੋਂ ਸੋਲਾਂ ਸਾਲ ਪਹਿਲਾਂ ਉਸ ਵਕਤ ਦੀ ਅਕਾਲੀ ਭਾਜਪਾ ਗਠਜੋੜ ਸਰਕਾਰ ਦੇ ਰਾਜ ਭਾਗ ਦੌਰਾਨ 22 ਫਰਵਰੀ 2009 ਨੂੰ ਪੂਰੇ ਢੋਲ ਢਮੱਕੇ ਨਾਲ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੱਥੀ ਇਸ ਫਾਈਵ ਸਟਾਰ ਹੋਟਲ ਦਾ ਨੀਂਹ ਪੱਥਰ ਰੱਖਿਆ ਸੀ ਜੋ ਸਿਰਫ ਪੱਥਰ ਬਣਕੇ ਹੀ ਰਹਿ ਗਿਆ ਹੈ। ਇਹ ਜਗ੍ਹਾ ਨਸ਼ੇੜੀਆਂ ਦਾ ਅੱਡਾ ਅਤੇ ਝਾੜੀਆਂ ’ਚ ਘਿਰੀ ਹੋਈ ਸੀ ਜਿਸ ਨੂੰ ਅੱਜ ਨਿਰੰਕਾਰੀ ਮਿਸ਼ਨ ਦੇ ਸੇਵਾਦਾਰਾਂ ਵੱਲੋਂ ਸਾਫ ਕੀਤਾ ਗਿਆ ਹੈ। ਹੁਣ ਤਾਂ ਇਸ ਮੁੱਦੇ ਤੇ ਪਾਵਰਕੌਮ ਦੇ ਅਫਸਰ ਕੁੱਝ ਵੀ ਕਹਿਣ ਤੋਂ ਕੰਨੀ ਕਤਰਾਉਂਦੇ ਨਜ਼ਰ ਆ ਰਹੇ ਹਨ । ਇੱਕ ਸੇਵਾਮੁਕਤ ਇੰਜਨੀਅਰ ਦਾ ਕਹਿਣਾ ਸੀ ਕਿ ਜੇਕਰ ਇਹ ਪ੍ਰਜੈਕਟ ਮੁਕੰਮਲ ਹੋ ਜਾਂਦਾ ਤਾਂ ਝੀਲਾਂ ਨੇ ਇੱਕ ਨਿਵੇਕਲੇ ਸੈਰ ਸਪਾਟਾ ਸਥਾਨ ਵਜੋਂ ਵਿਕਸਤ ਹੋ ਜਾਣਾ ਸੀ। ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਉਦੋਂ ਦੀ ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਦੀਆਂ ਝੀਲਾਂ ਨੂੰ ਸੈਰਗਾਹ ਦੇ ਤੌਰ ’ਤੇ ਵਿਕਸਤ ਕਰਨ ਦੀ ਯੋਜਨਾ ਬਣਾਈ ਸੀ। ਸਰਕਾਰ ਦੀ ਇਸ ਸਕੀਮ ਤਹਿਤ ਹੀ ਝੀਲ ਨੰਬਰ ਦੋ ਅਤੇ ਤਿੰਨ ਦੇ ਵਿਚਕਾਰ ਪ੍ਰਾਈਮ ਲੋਕੇਸ਼ਨ ’ਤੇ ਇਸ ਹੋਟਲ ਦੀ ਉਸਾਰੀ ਕਰਨ ਦਾ ਫੈਸਲਾ ਹੋਇਆ ਸੀ। ਮੰਨਿਆ ਜਾ ਰਿਹਾ ਸੀ ਕਿ ਇਸ ਥਾਂ ਤੇ ਬਣਿਆ ਹੋਟਲ ਮਨਮੋਹਕ ਹੋਵੇਗਾ ਜਿੱਥੇ ਠਹਿਰਨ ਲਈ ਲੋਕ ਆਪਣੇ ਆਪ ਖਿੱਚੇ ਚਲੇ ਆਉਣਗੇ। ਪੰਜਾਬ ਰਾਜ ਬਿਜਲੀ ਬੋਰਡ ਤੇ ਇੱਕ ਪ੍ਰਾਈਵੇਟ ਕੰਪਨੀ ਦਾ ਇਹ ਸਾਂਝਾ ਪ੍ਰਜੈਕਟ ਸੀ ਜਿਸ ਦੀ ਉਸਾਰੀ ਦਾ ਕਾਰਜ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵੱਲੋਂ ਕਰਾਇਆ ਜਾਣਾ ਸੀ । ਡੀ.ਬੀ.ਓ.ਟੀ ਦੇ ਆਧਾਰ ‘ਤੇ ਤਿਆਰ ਕੀਤੇ ਇਸ ਪ੍ਰਜੈਕਟ ਲਈ ਤੱਤਕਾਲੀ ਪੰਜਾਬ ਰਾਜ ਬਿਜਲੀ ਬੋਰਡ ( ਹੁਣ ਪਾਵਰਕੌਮ) ਵੱਲੋਂ ਥਰਮਲ ਪਲਾਂਟ ਦੀਆਂ ਝੀਲਾਂ ਦੇ ਐਨ ਵਿਚਕਾਰ 3.15 ਏਕੜ ਜ਼ਮੀਨ ਦਿੱਤੀ ਗਈ ਸੀ। ਵੇਰਵਿਆਂ ਅਨੁਸਾਰ ਇਸ ਪ੍ਰਾਜੈਕਟ ਦਾ ਸਮੁੱਚਾ ਖਰਚਾ ਪ੍ਰਾਈਵੇਟ ਕੰਪਨੀ ਵੱਲੋਂ ਕੀਤਾ ਜਾਣਾ ਸੀ। ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਨੇ ਇਹ ਪ੍ਰਜੈਕਟ ਇੱਕ ਨਾਮੀ ਹਾਸਪੈਟਿਲਟੀ ਕੰਪਨੀ ਨੂੰ ਇਹ ਪ੍ਰਾਜੈਕਟ ਅਲਾਟ ਕੀਤਾ ਸੀ। ਹੁਣ ਸੋਲਾਂ ਸਾਲਾਂ ਬਾਅਦ ਵੀ ਇਸ ਹੋਟਲ ਦੀ ਉਸਾਰੀ ਸ਼ੁਰੂ ਨਹੀਂ ਕਰਵਾਈ ਜਾ ਸਕੀ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਉਸ ਵਕਤ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਠਿੰਡਾ ’ਚ ਆਲੀਸ਼ਾਨ ਫਾਈਵ ਸਟਾਰ ਹੋਟਲ ਬਨਾਉਣ ਦੀ ਗੱਲ ਸਟੇਜਾਂ ਤੋਂ ਵੀ ਜ਼ੋਰ ਸ਼ੋਰ ਨਾਲ ਕਰਦੇ ਸਨ ਜਿਨ੍ਹਾਂ ਬਾਅਦ ’ਚ ਪੂਰੀ ਤਰਾਂ ਚੁੱਪ ਵੱਟ ਲਈ । ਬਿਜਲੀ ਬੋਰਡ ਭੰਗ ਕਰਨ ਉਪਰੰਤ ਪਾਵਰਕੌਮ ਦੇ ਹੋਂਦ ’ਚ ਆਉਣ ਦੇ ਬਾਵਜੂਦ ਵੀ ਇਸ ਪ੍ਰਜੈਕਟ ਦੇ ਭਾਗ ਨਹੀਂ ਜਾਗ ਸਕੇ ਹਨ। ਇਸ ਸਥਾਨ ਤੇ ਤਾਂ ਹੁਣ ਨੀਂਹ ਪੱਥਰ ਹੀ ਖਲੋਤਾ ਹੈ ਜਿਸ ਦੀ ਅੱਜ ਸਫਾਈ ਕਰਨ ਕਾਰਨ ਵਕਤ ਦੀ ਗਰਦਿਸ਼ ’ਚ ਗੁੰਮ ਹੋਏ ਹੋਟਲ ਦੀ ਮੁੜ ਚਰਚਾ ਭਖੀ ਹੈ। ਪਾਵਰਕੌਮ ਦੇ ਇੱਕ ਸੇਵਾਮੁਕਤ ਚੀਫ ਇੰਜਨੀਅਰ ਦਾ ਕਹਿਣਾ ਸੀ ਕਿ ਉਦੋਂ ਵਕਤ ਅਫਸਰ ਐਨੇ ਜਿਆਦਾ ਉਤਸ਼ਾਹਿਤ ਸਨ ਕਿ ਪ੍ਰਜੈਕਟ ਫਾਈਨਲ ਹੋਣ ਤੋਂ ਪਹਿਲਾਂ ਹੀ ਹੋਟਲ ਵਾਲੀ ਥਾਂ ਤੋਂ ਦਰਖ਼ਤ ਕੱਟਣ ਲਈ ਜੰਗਲਾਤ ਵਿਭਾਗ ਤੋਂ ਐਨਓਸੀ ਲੈ ਲਈ ਸੀ। ਉਨ੍ਹਾਂ ਦੱਸਿਆ ਕਿ ਅਸਲ ’ਚ ਕੰਪਨੀ ਪਾਵਰਕੌਮ ਦੀ ਜਮੀਨ ’ਤੇ ਕਰਜਾ ਲੈ ਕੇ ਹੋਟਲ ਬਨਾਉਣਾ ਚਾਹੁੰਦੀ ਸੀ ਪਰ ਸ਼ਰਤਾਂ ਮੁਤਾਬਕ ਇਸ ਜਮੀਨ ਨੂੰ ਗਹਿਣੇ ਨਹੀਂ ਰੱਖਿਆ ਜਾ ਸਕਦਾ ਸੀ। ਉਨ੍ਹਾਂ ਦੱਸਿਆ ਕਿ ਉਸ ਵਕਤ ਤਾਂ ਹਰ ਕੋਈ ਪੱਬਾਂ ਭਾਰ ਸੀ ਪਰ ਮਗਰੋਂ ਕੰਪਨੀ ਦੀ ਸੁਸਤੀ ਕਾਰਨ ਪ੍ਰਜੈਕਟ ਨੂੰ ਅਜਿਹੀ ਮਾਰ ਪਈ ਕਿ ਮੁੜ ਕੰਮ ਲੀਹੇ ਨਹੀਂ ਪੈ ਸਕਿਆ ਹੈ। ਸੂਤਰ ਦੱਸਦੇ ਹਨ ਕਿ ਪ੍ਰਜੈਕਟ ਲੈਣ ਵਾਲੀ ਕੰਪਨੀ ਨੇ ਪਾਵਰਕੌਮ ਕੋਲ ਹਰ ਸਾਲ 40 ਲੱਖ ਰੁਪਏ ਕਨਸੈਸ਼ਨ ਫੀਸ ਜਮ੍ਹਾਂ ਕਰਵਾਉਣੀ ਸੀ ਜਿਸ ’ਚ ਸ਼ਰਤਾਂ ਮੁਤਾਬਿਕ ਹਰ ਸਾਲ 6 ਫੀਸਦੀ ਦਾ ਵਾਧਾ ਕੀਤਾ ਜਾਣਾ ਸੀ। ਸੂਤਰ ਆਖਦੇ ਹਨ ਹਨ ਕਿ ਪਹਿਲੇ ਅਤੇ ਦੂਜੇ ਸਾਲ ਤਾਂ ਕੰਪਨੀ ਨੇ ਨਿਯਮਾਂ ਅਤੇ ਸ਼ਰਤਾਂ ਦੇ ਅਧਾਰ ਤੇ ਦੋ ਵਾਰ ਬਣਦੀ ਫੀਸ ਦੀ ਰਾਸ਼ੀ ਜਮ੍ਹਾ ਕਰਵਾਈ ਪਰ ਬਾਅਦ ’ਚ ਇਹ ਪੈਸੇ ਜਮ੍ਹਾਂ ਕਰਵਾਉਣ ਤੋਂ ਪਾਸਾ ਵੱਟ ਲਿਆ। ਸਰਕਾਰੀ ਤੌਰ ਤੇ ਕੀਤੀਆਂ ਕੋਸ਼ਿਸਾਂ ਵੀ ਹੋਟਲ ਦੀ ਉਸਾਰੀ ਸ਼ੁਰੂ ਕਰਵਾਉਣ ’ਚ ਅਸਫਲ ਰਹੀਆਂ ਤਾਂ ਅਧਿਕਾਰੀ ਵੀ ਹੌਲੀ ਹੌਲੀ ਚੁੱਪ ਵੱਟ ਗਏ। ਸੂਤਰਾਂ ਨੇ ਦੱਸਿਆ ਕਿ ਯਤਨਾਂ ਦੇ ਬਾਵਜੂਦ ਵੀ ਕੰਪਨੀ ਸ਼ਰਤਾਂ ਮੁਤਾਬਕ ਹੋਟਲ ਦੀ ਉਸਾਰੀ ਕਰਨ ਲਈ ਤਿਆਰ ਨਹੀਂ ਹੋਈ ਉਲਟਾ ਸ਼ਰਤਾਂ ’ਚ ਤਬਦੀਲੀ ਕਰਨ ਲਈ ਜੋਰ ਦਿੱਤਾ ਜਾਣ ਲੱਗਾ ਜਿਸ ’ਚ ਇਨਕਾਰ ਹੋਣ ਕਾਰਨ ਵੀ ਹੋਟਲ ਦੀ ਉਸਾਰੀ ਵਾਲਾ ਮਾਮਲਾ ਖਟਾਈ ’ਚ ਪੈ ਗਿਆ । ਸਰਕਾਰੀ ਸੂਤਰਾਂ ਨੇ ਕਿਹਾ ਕਿ ਪਾਵਰਕੌਮ ਤਾਂ ਜਗਾ ਦੇ ਸਕਦਾ ਸੀ ਜਦੋਂ ਕੰਪਨੀ ਭੱਜ ਗਈ ਤਾਂ ਹੋਰ ਕੀਤਾ ਵੀ ਕੀ ਜਾ ਸਕਦਾ ਹੈ। ਸਿਆਸੀ ਲਾਹੇ ਲਈ ਪੈਂਤੜਾ ਨਾਗਰਿਕ ਚੇਤਨਾ ਮੰਚ ਦੇ ਪ੍ਰਧਾਨ ਸ ਬੱਗਾ ਸਿੰਘ ਦਾ ਕਹਿਣਾ ਸੀ ਕਿ ਅਸਲ ’ਚ ਸਿਆਸੀ ਧਿਰਾਂ ਦਾ ਇਹ ਪੈਤੜਾ ਹੈ ਕਿ ਉਹ ਵੋਟਾਂ ਖਾਤਰ ਨੀਂਹ ਪੱਥਰ ਰੱਖਕੇ ਲੋਕਾਂ ਨੂੰ ਗੁੰਮਰਾਹ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਕੱਲੇ ਇਹੀ ਨਹੀਂ ਹੋਰ ਵੀ ਕਾਫੀ ਪ੍ਰਜੈਕਟ ਨੀਂਹ ਪੱਥਰਾਂ ਤੱਕ ਸੀਮਤ ਹੋਕੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਸਿਆਸਤਦਾਨਾਂ ਦੀ ਇਸ ਨੀਤੀ ਪ੍ਰਤੀ ਚੌਕਸ ਰਹਿਣਾ ਪਵੇਗਾ।
Total Responses : 557