ਮੰਗੂਵਾਲ 'ਚ ਨਕਸਲੀ ਲਹਿਰ ਦੇ ਸ਼ਹੀਦਾਂ ਦੀ ਯਾਦ ਵਿੱਚ ਸਿਆਸੀ ਕਾਨਫਰੰਸ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 23 ਫਰਵਰੀ,2025 - ਅੱਜ ਭਾਰਤੀ ਕਮਿਊਨਿਸਟ ਪਾਰਟੀ(ਐਮ.ਐਲ) ਨਿਊਡੈਮੋਕ੍ਰੇਸੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਪਿੰਡ ਮੰਗੂਵਾਲ ਵਿਖੇ ਇਸ ਪਿੰਡ ਦੇ ਨਕਸਲੀ ਲਹਿਰ ਦੇ ਸ਼ਹੀਦਾਂ ਰਾਮ ਕਿਸ਼ਨ,ਇਕਬਾਲ ਸਿੰਘ ਅਤੇ ਸੋਹਣ ਲਾਲ ਜੋਸ਼ੀ ਦੀ ਯਾਦ ਵਿੱਚ ਸਿਆਸੀ ਕਾਨਫਰੰਸ ਕੀਤੀ ਗਈ।ਇਸਤੋਂ ਪਹਿਲਾਂ ਸ਼ਹੀਦਾਂ ਦੀ ਯਾਦਗਾਰ ਉੱਤੇ ਪਾਰਟੀ ਦੇ ਸੀਨੀਅਰ ਸੂਬਾਈ ਆਗੂ ਕਾਮਰੇਡ ਦਰਸ਼ਨ ਸਿੰਘ ਖੱਟਕੜ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।ਇਸ ਉਪਰੰਤ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਮਰੇਡ ਦਰਸ਼ਨ ਸਿੰਘ ਖੱਟਕੜ ਅਤੇ ਕਾਮਰੇਡ ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ 1967 ਵਿੱਚ ਪੱਛਮੀ ਬੰਗਾਲ ਦੇ ਕਸਬਾ ਨਕਸਲਬਾੜੀ ਤੋਂ ਉੱਠੀ ਉਹ ਇਨਕਲਾਬੀ ਲਹਿਰ ਸੀ ਜਿਸਨੇ ਸਥਾਪਤੀ ਦੀਆਂ ਜੜ੍ਹਾਂ ਹਿਲਾ ਦਿੱਤੀਆਂ।
ਇਸ ਲਹਿਰ ਦਾ ਪਸਾਰਾ ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿੱਚ ਹੋਇਆ ਜਿਹਨਾਂ ਵਿੱਚ ਪੰਜਾਬ ਵੀ ਸ਼ਾਮਲ ਸੀ।ਇਨਕਲਾਬ ਦੀ ਸਿਧਾਂਤਕ ਪਹੁੰਚ ਅਤੇ ਰੋਹ ਨੂੰ ਲੈਕੇ ਪਿੰਡ ਮੰਗੂਵਾਲ ਦੇ ਨੌਜਵਾਨ ਵੀ ਇਸ ਲਹਿਰ ਵਿੱਚ ਕੁੱਦ ਪਏ।ਇਸ ਲਹਿਰ ਵਿੱਚ ਪਿੰਡ ਦੇ ਉਕਤ ਤਿੰਨ ਨੌਜਵਾਨ ਸ਼ਹਾਦਤ ਦਾ ਜਾਮ ਪੀ ਗਏ ਅਤੇ ਬਾਕੀ ਨੌਜਵਾਨ ਇਨਕਲਾਬ ਦੇ ਰਸਤੇ ਤੇ ਅੱਗੇ ਵਧਦੇ ਗਏ।ਆਗੂਆਂ ਨੇ ਕਿਹਾ ਕਿ ਦੇਸ਼ ਵਿੱਚ ਆਮ ਲੋਕਾਂ ਸਾਹਮਣੇ ਬਹੁਤ ਹੀ ਭਿਅੰਕਰ ਸਮੱਸਿਆਵਾਂ ਮੂੰਹ ਅੱਡੀ ਖੜੀਆਂ ਹਨ।ਜਿਹਨਾਂ ਦਾ ਹੱਲ ਨਕਸਲਬਾੜੀ ਦੀ ਬਲਦੀ ਮਸ਼ਾਲ ਦੀ ਰੌਸ਼ਨੀ ਵਿੱਚ ਚੱਲਕੇ ਹੀ ਹੋ ਸਕਦਾ ਹੈ।
ਉਹਨਾਂ ਕਿਹਾ ਕਿ ਭਾਰਤ ਦੀ ਆਰ ਐਸ ਐਸ-ਭਾਜਪਾ ਸਰਕਾਰ ਫਿਰਕੂ ਪਾੜਾ ਪਾਕੇ ਹਿੰਦੂ ਰਾਸ਼ਟਰ ਦੀ ਸਥਾਪਨਾ ਲਈ ਸਰਗਰਮ ਹੈ।ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ।ਮੋਦੀ ਸਰਕਾਰ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਆਖੇ ਉੱਤੇ ਜੰਗਲਾਂ ਵਿੱਚ ਰਹਿ ਰਹੇ ਆਦਿਵਾਸੀਆਂ ਨੂੰ ਮਾਓਵਾਦੀ ਆਖਕੇ ਇਸ ਲਈ ਉਜਾੜ ਅਤੇ ਖਤਮ ਕਰ ਰਹੀ ਹੈ ਤਾਂਕਿ ਜੰਗਲਾਂ ਅਤੇ ਪਹਾੜਾਂ ਦੇ ਖਣਿਜ ਪਦਾਰਥਾਂ ਨੂੰ ਕਾਰਪੋਰੇਟਾਂ ਕੋਲ ਲੁਟਾਇਆ ਜਾ ਸਕੇ।ਉਹਨਾਂ ਕਿਹਾ ਕਿ ਦੁਨਿਆਂ ਅਤੇ ਦੇਸ਼ ਦੇ ਹਾਲਾਤ ਇਨਕਲਾਬੀ ਲਹਿਰਾਂ ਦੇ ਅਨਕੂਲ ਹਨ ਇਸ ਲਈ ਸਾਨੂੰ ਸਰਕਾਰਾਂ ਬਦਲਣ ਦੀ ਥਾਂ ਸਿਸਟਮ ਬਦਲਣ ਲਈ ਇਨਕਲਾਬੀ ਯਤਨ ਕਰਨ ਦੀ ਲੋੜ ਹੈ।
ਇਸ ਮੌਕੇ ਮਾਨਵਤਾ ਕਲਾ ਕੇਂਦਰ ਨਗਰ ਵੱਲੋਂ ਇਨਕਲਾਬੀ ਨਾਟਕ ਅਤੇ ਕੋਰੀਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ।ਪ੍ਰੇਮ ਯਮਲਾ ਨੇ ਗੀਤ ਪੇਸ਼ ਕੀਤੇ।ਮੰਚ ਸੰਚਾਲਨ ਹਰੀ ਰਾਮ ਰਸੂਲਪੁਰੀ ਨੇ ਕੀਤਾ।ਇਸ ਪ੍ਰੋਗਰਾਮ ਦੀ ਸਫਲਤਾ ਲਈ ਪਿੰਡ ਨਾਲ ਸਬੰਧਤ ਐਨ.ਆਰ.ਆਈ ਅਤੇ ਪਿੰਡ ਵਾਸੀਆਂ ਨੇ ਯੋਗਦਾਨ ਪਾਇਆ।