ਫੇਫੜਿਆਂ ਦੀਆਂ ਬਿਮਾਰੀਆਂ ‘ਚ ਹਾਲੀਆ ਵਿਕਾਸ 'ਤੇ ਚੌਥੀ ਸਾਲਾਨਾ ਸੀ.ਐਮ.ਈ ਸਫਲਤਾਪੂਰਵਕ ਸੰਪੰਨ
- ਛਾਤੀ ਤੇ ਸਾਹ ਰੋਗਾਂ, ਮੈਡੀਸਿਨ ਤੇ ਐਨਸਥੀਸੀਆ ਮਾਹਿਰਾਂ ਨੇ ਨਵੀਨਤਮ ਖੋਜਾਂ ਦੇ ਮਰੀਜ਼ਾਂ ਨੂੰ ਲਾਭਾਂ ਬਾਰੇ ਨਿੱਠਕੇ ਕੀਤੀ ਚਰਚਾ
- ਤਪਦਿਕ ਦੇ 2025 ਤੱਕ ਖਾਤਮੇ ਲਈ ਟੀ.ਬੀ. ਪ੍ਰਬੰਧਨ ‘ਤੇ ਕੀਤੀ ਵਿਸ਼ੇਸ਼ ਚਰਚਾ
ਪਟਿਆਲਾ, 23 ਫਰਵਰੀ 2025 - ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਦੇ ਛਾਤੀ ਤੇ ਸਾਹ ਰੋਗਾਂ ਦੇ ਵਿਭਾਗ, ਟੀ.ਬੀ. ਹਸਪਤਾਲ ਵਲੋਂ ਕਰਵਾਈ ਗਈ ਡੇਢ ਦਿਨਾਂ ਸੀ.ਐਮ.ਈ ਸਫਲਤਾਪੂਰਵਕ ਸੰਪੰਨ ਹੋ ਗਈ। ਇਸ ਮੌਕੇ ਵੱਖ-ਵੱਖ ਸੰਸਥਾਵਾਂ ਤੋਂ ਪੁੱਜੇ 150 ਡੈਲੀਗੇਟਾਂ ਅਤੇ ਛਾਤੀ ਤੇ ਸਾਹ ਰੋਗਾਂ, ਮੈਡੀਸਿਨ ਤੇ ਐਨਸਥੀਸੀਆ ਮਾਹਿਰਾਂ ਨੇ ਫੇਫੜਿਆਂ ਦੀਆਂ ਬਿਮਾਰੀਆਂ ‘ਚ ਹਾਲੀਆ ਵਿਕਾਸ ਉਪਰ ਨਵੀਨਤਮ ਖੋਜਾਂ ਦੇ ਮਰੀਜ਼ਾਂ ਨੂੰ ਲਾਭਾਂ ਬਾਰੇ ਨਿੱਠਕੇ ਚਰਚਾ ਕੀਤੀ।
ਇਸ ਡੇਢ ਦਿਨਾਂ ਕਾਰਜਸ਼ਾਲਾ ਦੀ ਸ਼ੁਰੂਆਤ ਮੌਕੇ 22 ਫਰਵਰੀ ਨੂੰ ਛਾਤੀ ਤੇ ਸਾਹ ਰੋਗ ਮਾਹਿਰਾਂ ਅਤੇ ਇੰਟੈਂਸਿਵਿਸਟਾਂ ਨੇ ਨਾਨ-ਇਨਵੇਸਿਵ ਵੈਂਟੀਲੇਸ਼ਨ ਵਿਸ਼ੇ 'ਤੇ ਵਿਸ਼ੇਸ਼ ਚਰਚਾ ਕੀਤੀ। ਇਸ ਵਿੱਚ ਛਾਤੀ ਤੇ ਸਾਹ ਰੋਗ, ਮੈਡੀਸਿਨ ਅਤੇ ਐਨਸਥੀਸੀਆ ਮਾਹਿਰਾਂ ਨੇ ਵਿਹਾਰਕ ਸੈਸ਼ਨਾਂ ਵਿੱਚ ਹਿੱਸਾ ਲਿਆ।ਜਦਕਿ ਅੱਜ ਇਸ ਸੀ.ਐਮ.ਈ ਦੌਰਾਨ ਦਿੱਲੀ, ਪੀ.ਜੀ.ਆਈ ਚੰਡੀਗੜ੍ਹ ਤੇ ਸਰਕਾਰੀ ਮੈਡੀਕਲ ਕਾਲਜ ਚੰਡੀਗੜ੍ਹ, ਹਰਿਆਣਾ ਅਤੇ ਰਾਜਸਥਾਨ ਦੇ ਛਾਤੀ ਰੋਗਾਂ ਦੇ ਮਾਹਿਰਾਂ ਨੇ ਫੇਫੜਿਆਂ ਦੀਆਂ ਬਿਮਾਰੀਆਂ ਦੇ ਖੇਤਰ ਵਿੱਚ ਹਾਲੀਆ ਵਿਕਾਸ ਅਤੇ ਇਲਾਜ ਉਪਰ ਹੋਈਆਂ ਖੋਜਾਂ ਬਾਰੇ ਚਰਚਾ ਕੀਤੀ।
ਡਾ. ਦੀਪਕ ਤਲਵਾਰ ਨੇ ਨਵੀਆਂ ਜੈਵਿਕ ਦਵਾਈਆਂ ਅਤੇ ਸਾਹ ਨਾਲੀ ਤੇ ਫੇਫੜਿਆਂ ਦੇ ਦਮੇ ਵਿੱਚ ਉਨ੍ਹਾਂ ਦੀ ਵਰਤੋਂ ਬਾਰੇ ਜਾਣੂ ਕਰਵਾਇਆ। ਡਾ. ਜੀ.ਸੀ.ਖਿਲਨਾਨੀ ਦੀ ਅਗਵਾਈ ਹੇਠ ਮਾਹਿਰਾਂ ਦੇ ਇੱਕ ਪੈਨਲ ਵੱਲੋਂ ਨਮੂਨੀਆ ਵਿੱਚ ਐਂਟੀਬਾਇਓਟਿਕਸ ਦੀ ਤਰਕਸ਼ੀਲ ਵਰਤੋਂ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਡਾ. ਐਸ.ਕੇ. ਜਿੰਦਲ ਅਤੇ ਡਾ. ਆਸ਼ੂਤੋਸ਼ ਐਨ. ਅਗਰਵਾਲ ਨੇ ਸਿਗਰਟਨੋਸ਼ੀ ਨਾਲ ਸਬੰਧਤ ਬਿਮਾਰੀਆਂ ਜਿਵੇਂ ਕਿ ਪੁਰਾਣੀ ਸਾਹ ਦੀ ਬਿਮਾਰੀ, ਰੋਕਥਾਮ ਲਈ ਪਹੁੰਚ ਅਤੇ ਬਿਨ੍ਹਾਂ ਦਵਾਈਆਂ ਤੋਂ ਥੈਰੇਪੀ ਤੇ ਪ੍ਰਬੰਧਨ ਸਬੰਧੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਵਿੱਚ ਹਾਲ ਹੀ ਵਿੱਚ ਹੋਏ ਬਦਲਾਅ 'ਤੇ ਚਰਚਾ ਕੀਤੀ।
ਇਸ ਮੌਕੇ ਸਿਗਰਟਨੋਸ਼ੀ ਛੱਡਣ ਦੀ ਮਹੱਤਤਾ ਨੂੰ ਉਜਾਗਰ ਕੀਤਾ ਗਿਆ, ਅਤੇ ਮਰੀਜ਼ਾਂ ਨੂੰ ਸਿਗਰਟਨੋਸ਼ੀ ਛੱਡਣ ਵਿੱਚ ਮਦਦ ਕਰਨ ਦੇ ਤਰੀਕਿਆਂ 'ਤੇ ਵਿਸ਼ੇਸ਼ ਚਰਚਾ ਕੀਤੀ ਗਈ।
ਡਾ. ਕੇ.ਕੇ. ਚੋਪੜਾ ਅਤੇ ਡਾ. ਅਸ਼ਵਨੀ ਖੰਨਾ ਨੇ 2025 ਤੱਕ ਟੀਬੀ ਦੇ ਖਾਤਮੇ ਦੇ ਰਾਸ਼ਟਰੀ ਟੀਚੇ ਉਪਰ ਚਰਚਾ ਕਰਦਿਆਂ ਰਾਸ਼ਟਰੀ ਟੀਚੇ, ਟੀਬੀ ਦੇ ਖਾਤਮੇ ਦੇ ਪ੍ਰੋਗਰਾਮ ਤਹਿਤ ਉਪਲਬਧ ਟੀਬੀ ਲਈ ਨਵੀਂਆਂ ਇਲਾਜ ਪ੍ਰਣਾਲੀਆਂ ਅਤੇ ਫੇਫੜਿਆਂ ਤੋਂ ਬਾਹਰ ਦੀ ਤਪਦਿਕ ਦੇ ਸਥਾਨਾਂ ਅਤੇ ਟੀਬੀ ਦੇ ਪ੍ਰਬੰਧਨ ਉਪਰ ਵੀ ਇੱਕ ਵਿਸ਼ੇਸ਼ ਸੈਸ਼ਨ ਕਰਵਾਇਆ ਗਿਆ।
ਡਾ. ਸਹਿਜਲ ਧੂੜੀਆ ਨੇ ਖਾਂਸੀ ਜਾਂ ਸਾਹ ਲੈਣ ‘ਚ ਤਕਲੀਫ਼ (ਡੀਪੀਐਲਡੀ) ਰੋਗਾਂ 'ਤੇ ਇੱਕ ਭਾਸ਼ਣ ਦਿੰਦਿਆਂ ਕਿਹਾ ਕਿ ਜੇਕਰ ਇਸ ਬਿਮਾਰੀ ਦਾ ਜਲਦੀ ਇਲਾਜ ਕੀਤਾ ਜਾਵੇ ਤਾਂ ਇਹ ਰੋਗ ਨੂੰ ਘਟਾ ਸਕਦਾ ਹੈ ਅਤੇ ਜੀਵਨ ਜਿਉਣ ਦੀ ਗੁਣਵੱਤਾ ਵਿੱਚ ਸੁਧਾਰ ਲਿਆਂਦੇ ਜਾ ਸਕਦੇ ਹਨ। ਡਾ. ਸ਼ਿਵਾਨੀ ਸਵਾਮੀ ਨੇ ਨੀਂਦ ਦੇ ਵਿਕਾਰ 'ਤੇ ਭਾਸ਼ਣ ਦਿੰਦਿਆਂ ਦੱਸਿਆ ਕਿ ਜੇਕਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਸ ਦਾ ਸਰੀਰ ਦੇ ਸਾਰੇ ਅੰਗਾਂ ਉਪਰ'ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ।ਇਸ ਸੀ.ਐਮ.ਈ ਵਿੱਚ ਸ਼ਾਮਲ ਹੋਣ ਵਾਲਿਆਂ ਨੇ ਇਸ ਨੂੰ ਬਹੁਤ ਪ੍ਰਭਾਵਸ਼ਾਲੀ ਤੇ ਗਿਆਨ ਪ੍ਰਦਾਨ ਕਰਨ ਵਾਲੀ ਵਰਕਸ਼ਾਪ ਕਰਾਰ ਦਿੱਤਾ।