ਪੰਜਾਬ ਹਰ ਮੈਦਾਨ 'ਚ ਪਿੱਛੇ ਵੱਲ ਧੱਕਿਆ ਜਾ ਰਿਹਾ : ਬਲਬੀਰ ਸਿੰਘ ਸਿੱਧੂ
'ਆਪ' ਸਰਕਾਰ ਦੀ ਗ਼ੈਰ ਜ਼ਿੰਮੇਵਾਰਾਨਾ ਕਾਰਗੁਜ਼ਾਰੀ ਕਾਰਨ ਪੰਜਾਬ ਹਰ ਮੈਦਾਨ 'ਚ ਪਿੱਛੇ ਵੱਲ ਧੱਕਿਆ ਜਾ ਰਿਹਾ ਹੈ: ਸਿੱਧੂ
ਐੱਸ.ਏ.ਐੱਸ ਨਗਰ, 14 ਅਗਸਤ 2025
ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ 'ਆਪ' ਸਰਕਾਰ ਦੀਆਂ ਗੰਭੀਰ ਲਾਪਰਵਾਹੀਆਂ ਅਤੇ ਅਣਗੰਭੀਰ ਕਾਰਗੁਜ਼ਾਰੀ ‘ਤੇ ਕੜੀ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟੈਂਡਰ ਜਾਰੀ ਕਰਨ ਵਿੱਚ ਲੰਬੀ ਦੇਰੀ ਦੇ ਕਾਰਨ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਮਨਜ਼ੂਰ ਕੀਤੇ ਗਏ 800 ਕਰੋੜ ਰੁਪਏ ਤੋਂ ਵੱਧ ਦੇ ਸੜਕ ਅਤੇ ਪੁਲ ਪ੍ਰਾਜੈਕਟ ਰੱਦ ਕਰ ਦਿੱਤੇ ਹਨ, ਜੋ ਪੰਜਾਬ ਦੇ ਵਿਕਾਸ ਵਿੱਚ ਵੱਡੀ ਰੁਕਾਵਟ ਹੈ।
ਸਿੱਧੂ ਨੇ ਕਿਹਾ ਕਿ ਇਹ ਪ੍ਰਾਜੈਕਟ 64 ਸੜਕਾਂ ਦੀ ਅੱਪਗ੍ਰੇਡਿੰਗ ਅਤੇ 38 ਨਵੇਂ ਪੁਲਾਂ ਦੀ ਨਿਰਮਾਣਕਾਰੀ ਦੇ ਸਨ, ਜੋ ਲੋਕਾਂ ਦੀ ਜ਼ਿੰਦਗੀ ਵਿੱਚ ਸੁਵਿਧਾ ਲਿਆਉਣ ਵਾਲੇ ਸਨ। ਪਰ 'ਆਪ' ਸਰਕਾਰ ਦੀਆਂ ਲਾਪਰਵਾਹੀਆਂ ਕਾਰਨ ਇਹ ਪ੍ਰਾਜੈਕਟ ਰੱਦ ਹੋ ਗਏ, ਜਿਸ ਨਾਲ ਸਿੱਧਾ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਵੀ RDF (Rural Development Fund) ਅਧੀਨ 7000 ਕਰੋੜ ਰੁਪਏ ਤੋਂ ਵੱਧ ਦੀਆਂ ਗ੍ਰਾਂਟਾਂ ਰੋਕੀਆਂ ਜਾ ਚੁੱਕੀਆਂ ਹਨ। ਇਹ ਸਾਫ਼ ਦਰਸਾਉਂਦਾ ਹੈ ਕਿ ਮੌਜੂਦਾ ਪੰਜਾਬ ਸਰਕਾਰ ਕਿਸ ਤਰ੍ਹਾਂ ਲੋਕ-ਵਿਰੋਧੀ ਅਤੇ ਵਿਕਾਸ-ਵਿਰੋਧੀ ਰਵੱਈਆ ਅਪਣਾ ਰਹੀ ਹੈ।
ਸਿੱਧੂ ਨੇ 'ਆਪ' ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ 'ਆਪ' ਸਰਕਾਰ ਦੀ ਗ਼ੈਰ ਜ਼ਿੰਮੇਵਾਰਾਨਾ ਕਾਰਗੁਜ਼ਾਰੀ ਦੇ ਚਲਦੇ ਪੰਜਾਬ ਹਰ ਮੈਦਾਨ 'ਚ ਪਿੱਛੇ ਵੱਲ ਧੱਕਿਆ ਜਾ ਰਿਹਾ ਹੈ। ਇਹ ਸਾਡੀ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨਾਲ ਖੇਡਣ ਵਾਂਗ ਹੈ।
ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਰੋਜ਼ ਨਵਾਂ ਕਰਜ਼ਾ ਲੈ ਰਹੀ ਹੈ। ਜਿਸ ਕਾਰਨ ਪੰਜਾਬ ਸਿਰ ਕਰਜ਼ੇ ਦਾ ਭਾਰੀ ਬੋਝ ਵਧਦਾ ਜਾ ਰਿਹਾ ਹੈ, ਪਰ ਅਸਲ ਵਿਕਾਸ ਕਿੱਥੇ ਹੈ? ਸਾਡੀਆਂ ਰਾਹਤਾਂ ਅਤੇ ਸੁਵਿਧਾਵਾਂ ਦੀ ਗੱਲ ਛੱਡੋ, ਇੱਥੇ ਤਾਂ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਸ਼ੋ-ਮੁਹੱਲਾ ਚੱਲ ਰਿਹਾ ਹੈ। ਜਨਤਾ ਦੇ ਪੈਸੇ ਨੂੰ ਖ਼ਾਲੀ ਵਿਗਿਆਪਨਾਂ ਅਤੇ ਫ਼ਜ਼ੂਲ ਖ਼ਰਚਿਆਂ 'ਚ ਬਰਬਾਦ ਕੀਤਾ ਜਾ ਰਿਹਾ ਹੈ। ਪੰਜਾਬ ਨੂੰ ਸੱਚਮੁੱਚ ਦੇਖਭਾਲ ਅਤੇ ਸੱਚੇ ਵਿਕਾਸ ਦੀ ਲੋੜ ਹੈ, ਨਾ ਕਿ ਸਿਰਫ਼ ਕਾਗ਼ਜ਼ਾਂ 'ਤੇ ਸੁਹਾਣੀਆਂ ਗੱਲਾਂ ਦੀ।
ਸਿੱਧੂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਦੇ ਇਹੀ ਹਾਲਾਤ ਰਹੇ ਤਾਂ ਪੰਜਾਬ ਦਾ ਭਵਿੱਖ ਗੰਭੀਰ ਖ਼ਤਰੇ ਵਿੱਚ ਆ ਜਾਵੇਗਾ। ਹੁਣ ਪੰਜਾਬ ਦੇ ਲੋਕ ਇਸ ਸਰਕਾਰ ਦੀ ਨਾਕਾਮੀ ਨੂੰ ਸਮਝ ਕੇ ਅਗਲੀਆਂ ਚੋਣਾਂ ਵਿੱਚ ਵੱਡੇ ਪੱਧਰ ਉੱਤੇ ਬਦਲਾਅ ਲਈ ਆਪਣੀ ਆਵਾਜ਼ ਚੁੱਕਣ।