ਪੂਰੇ ਪੰਜਾਬ ਵਿੱਚੋਂ ਫਾਜ਼ਿਲਕਾ ਦੇ ਅਗਾਂਹਵਧੂ ਕਿਸਾਨ ਨੂੰ ਮਿਲੇਗਾ ਨਵੀਂ ਦਿੱਲੀ ਕਿਸਾਨ ਮੇਲੇ ਵਿੱਚ "ਨਵੀਨਤਾਕਾਰੀ (ਇਨੋਵੇਟਿਵ) ਕਿਸਾਨ ਪੁਰਸਕਾਰ"
- ਪੂਰੇ ਪੰਜਾਬ ਵਿੱਚੋਂ ਫਾਜ਼ਿਲਕਾ ਦੇ ਅਗਾਂਹਵਧੂ ਕਿਸਾਨ ਕਰਨੈਲ ਸਿੰਘ ਨੂੰ ਮਿਲੇਗਾ ਨਵੀਂ ਦਿੱਲੀ ਕਿਸਾਨ ਮੇਲੇ ਵਿੱਚ " ਨਵੀਨਤਾਕਾਰੀ(ਇਨੋਵੇਟਿਵ) ਕਿਸਾਨ ਪੁਰਸਕਾਰ"
ਫਾਜ਼ਿਲਕਾ 23 ਫਰਵਰੀ 2025....ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਘਟਿਆ ਵਾਲੀ ਬੋਦਲਾ ਦੇ ਅਗਾਂਹਵਧੂ ਕਿਸਾਨ ਕਰਨੈਲ ਸਿੰਘ ਨੂੰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ-ਭਾਰਤੀ ਖੇਤੀਬਾੜੀ ਖੋਜ ਸੰਸਥਾ (ਆਈਏਆਰਆਈ) ਪੂਸਾ ਵੱਲੋਂ ਆਯੋਜਿਤ ਕਿਸਾਨ ਮੇਲੇ ਦੌਰਾਨ 24 ਫਰਵਰੀ 2025 ਨੂੰ ਨਵੀਂ ਦਿੱਲੀ ਵਿੱਚ " ਨਵੀਨਤਾਕਾਰੀ (ਇਨੋਵੇਟਿਵ) ਕਿਸਾਨ ਪੁਰਸਕਾਰ" ਨਾਲ ਸਨਮਾਨਿਤ ਕੀਤਾ ਜਾਵੇਗਾ। ਕਰਨੈਲ ਸਿੰਘ ਪੰਜਾਬ ਦਾ ਇਕਲੌਤਾ ਕਿਸਾਨ ਹੈ ਜਿਸ ਨੂੰ ਇਸ ਪੁਰਸਕਾਰ ਲਈ ਚੁਣਿਆ ਗਿਆ ਹੈ।
ਫਾਜ਼ਿਲਕਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮੁਖੀ ਡਾ. ਅਰਵਿੰਦ ਅਹਲਾਵਤ ਨੇ ਕਰਨੈਲ ਸਿੰਘ ਨੂੰ ਨਵੀਨਤਾਕਾਰੀ (ਇਨੋਵੇਟਿਵ) ਕਿਸਾਨ ਪੁਰਸਕਾਰ ਲਈ ਚੁਣੇ ਜਾਣ 'ਤੇ ਵਧਾਈ ਦਿੰਦਿਆਂ ਕਿਹਾ ਕਿ ਕਰਨੈਲ ਸਿੰਘ ਨੂੰ ਮਿਲਿਆ ਇਹ ਸਨਮਾਨ ਪੂਰੇ ਪੰਜਾਬ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਲਈ ਮਾਣ ਵਾਲੀ ਗੱਲ ਹੈ ਅਤੇ ਇਹ ਸਨਮਾਨ ਹੋਰ ਕਿਸਾਨਾਂ ਨੂੰ ਵੀ ਨਵੀਆਂ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕਰੇਗਾ।ਉਨ੍ਹਾਂ ਦੱਸਿਆ ਕਿ ਇਸ ਕਿਸਾਨ ਮੇਲੇ ਵਿੱਚ ਦੇਸ਼ ਭਰ ਤੋਂ ਉੱਨਤ ਕਿਸਾਨ, ਖੇਤੀਬਾੜੀ ਵਿਗਿਆਨੀ ਅਤੇ ਮਾਹਿਰ ਹਿੱਸਾ ਲੈਣਗੇ ਤੇ ਇਸ ਮੇਲੇ ਵਿੱਚ 34 ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ ਪਰ ਪੰਜਾਬ ਦਾ ਇੱਕੋ ਇੱਕ ਕਿਸਾਨ ਕਰਨੈਲ ਸਿੰਘ ਹੈ।
ਉਨ੍ਹਾਂ ਦੱਸਿਆ ਕਿ ਕਰਨੈਲ ਸਿੰਘ ਦੀ ਇਸ ਪ੍ਰਾਪਤੀ ਨੇ ਪੂਰੇ ਫਾਜ਼ਿਲਕਾ ਜ਼ਿਲ੍ਹੇ ਅਤੇ ਪੰਜਾਬ ਦੇ ਕਿਸਾਨਾਂ ਵਿੱਚ ਮਾਣ ਅਤੇ ਉਤਸ਼ਾਹ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਉਨ੍ਹਾਂ ਦੀਆਂ ਕਾਢਾਂ ਅਤੇ ਪ੍ਰੇਰਨਾਦਾਇਕ ਕੋਸ਼ਿਸ਼ਾਂ ਆਉਣ ਵਾਲੇ ਸਮੇਂ ਵਿੱਚ ਖੇਤੀਬਾੜੀ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ। ਉਨ੍ਹਾਂ ਦੱਸਿਆ ਕਿ ਅਗਾਂਹਵਧੂ ਕਿਸਾਨ ਕਰਨੈਲ ਸਿੰਘ ਆਪਣੀ ਨਵੀਨਤਾ ਯੋਗਤਾ, ਖੇਤੀਬਾੜੀ ਤਕਨੀਕਾਂ ਵਿੱਚ ਸੁਧਾਰ ਅਤੇ ਵਾਤਾਵਰਣ ਅਨੁਕੂਲ ਖੇਤੀ ਅਭਿਆਸਾਂ ਲਈ ਜਾਣੇ ਜਾਂਦੇ ਹਨ। ਰਵਾਇਤੀ ਖੇਤੀ ਦੇ ਨਾਲ-ਨਾਲ, ਉਹ ਮੱਛੀ ਪਾਲਣ ਅਤੇ ਸਬਜ਼ੀਆਂ ਦੇ ਉਤਪਾਦਨ ਵਿੱਚ ਵੀ ਮੋਹਰੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਪਰਾਲੀ ਪ੍ਰਬੰਧਨ ਦੇ ਖੇਤਰ ਵਿੱਚ ਹੈ। ਉਨ੍ਹਾਂ ਨੇ ਪਰਾਲੀ ਨੂੰ ਸਾੜੇ ਬਿਨਾਂ ਉਸ ਦੇ ਸਹੀ ਨਿਪਟਾਰੇ ਦਾ ਤਰੀਕਾ ਅਪਣਾਇਆ ਹੈ, ਜਿਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਮਦਦ ਮਿਲੀ ਹੈ।
ਦੱਸਣਯੋਗ ਹੈ ਕਿ ਉਹ ਹੋਰ ਕਿਸਾਨਾਂ ਨੂੰ ਜਾਗਰੂਕ ਕਰਨ ਵਿੱਚ ਵੀ ਸਰਗਰਮ ਭੂਮਿਕਾ ਨਿਭਾ ਰਿਹਾ ਹੈ ਅਤੇ ਹੁਣ ਤੱਕ ਉਹ 700 ਤੋਂ ਵੱਧ ਕਿਸਾਨਾਂ ਨੂੰ ਆਧੁਨਿਕ ਖੇਤੀਬਾੜੀ ਤਕਨੀਕਾਂ ਬਾਰੇ ਜਾਣਕਾਰੀ ਦੇ ਚੁੱਕਾ ਹੈ। ਇਸ ਕਾਰਜ ਵਿੱਚ ਕਿਸਾਨ ਦੇ ਛੋਟੇ ਭਰਾਵਾਂ ਅਤੇ ਪਰਿਵਾਰ ਦਾ ਵੀ ਬਹੁਤ ਯੋਗਦਾਨ ਰਿਹਾ ਹੈ ਇਸ ਤੋਂ ਇਲਾਵਾ ਉਸਨੇ ਕੈਨੋਲਾ ਸਰ੍ਹੋਂ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਇਸ ਤੋਂ ਤੇਲ ਕੱਢਣ ਅਤੇ ਇਸਦੀ ਮਾਰਕੀਟਿੰਗ (ਬ੍ਰਾਂਡਿੰਗ ਅਤੇ ਵਿਕਰੀ) ਦੀ ਪ੍ਰਕਿਰਿਆ ਨੂੰ ਵੀ ਸਫਲਤਾਪੂਰਵਕ ਅਪਣਾਇਆ ਹੈ।
ਕਰਨੈਲ ਸਿੰਘ ਨਾ ਸਿਰਫ਼ ਇੱਕ ਸਫਲ ਕਿਸਾਨ ਹੈ, ਸਗੋਂ ਇੱਕ ਪ੍ਰੇਰਕ ਵੀ ਹੈ। ਉਸਨੇ ਕਿਸਾਨਾਂ ਲਈ ਕੇਵੀਕੇ ਸੀਫੇਟ ਕਿਸਾਨ ਕਲੱਬ" ਸਥਾਪਤ ਕਰਨ ਲਈ ਸਹਿਯੋਗ ਕੀਤਾ ਹੈ, ਜਿੱਥੇ ਉਹ ਕਿਸਾਨਾਂ ਨੂੰ ਨਵੀਆਂ ਖੇਤੀਬਾੜੀ ਤਕਨੀਕਾਂ, ਜੈਵਿਕ ਖੇਤੀ, ਪਾਣੀ ਦੀ ਸੰਭਾਲ ਅਤੇ ਸੁਧਰੇ ਹੋਏ ਬੀਜਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੰਦੇ ਹਨ। ਉਨ੍ਹਾਂ ਦੀ ਅਗਵਾਈ ਹੇਠ ਬਹੁਤ ਸਾਰੇ ਕਿਸਾਨ ਉੱਨਤ ਤਕਨੀਕਾਂ ਅਪਣਾ ਕੇ ਆਪਣੀ ਆਮਦਨ ਵਧਾ ਰਹੇ ਹਨ।