ਪੀਏਯੂ ਦੇ ਵਿਗਿਆਨੀਆਂ ਦੀ ਮਿਹਨਤ ਨੂੰ ਪਿਆ ਬੂਰ, ਲਬਾ ਲਬ ਫਲਾਂ ਨਾਲ ਭਰੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੀ ਬੇਰੀ
- ਧਾਰਮਿਕ ਅਸਥਾਨਾਂ ਦੀਆਂ ਇਤਿਹਾਸਿਕ ਅਤੇ ਵਿਰਾਸਤੀ ਬੇਰੀਆਂ ਦੀ ਹਿਫਾਜ਼ਤ ਕਰ ਰਹੀ ਹੈ PAU ਦੇ ਵਿਗਿਆਨੀਆਂ ਦੀ ਵਿਸ਼ੇਸ਼ ਟੀਮ
- ਵਿਗਿਆਨੀਆਂ ਨੇ ਪਵਿੱਤਰ ਬੇਰੀਆਂ ਦੀ ਸਾਂਭ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਦਿੱਤੀ ਜਾਣਕਾਰੀ, ਸੰਗਤਾਂ ਨੂੰ ਕੀਤੀ ਖਾਸ ਅਪੀਲ
- ਬੇਰੀ ਚੋਂ ਨਿਕਲਦਾ ਲਾਲ ਰੰਗ ਦਾ ਪਦਾਰਥ ਖੂਨ ਨਹੀਂ, ਸੰਗਤਾਂ ਉਲਝਣ ਵਿੱਚ ਨਾ ਪੈਣ : ਵਿਗਿਆਨੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 18 ਮਾਰਚ 2025 - ਪੁਰਾਤਨ ਤੇ ਇਤਿਹਾਸਿਕ ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਕਈ ਗੁਰਦੁਆਰਾ ਸਾਹਿਬ ਮੌਜੂਦ ਹਨ। ਇਨ੍ਹਾਂ 'ਚੋਂ ਪ੍ਰਮੁੱਖ ਗੁਰਦੁਆਰਾ ਸ੍ਰੀ ਬੇਰ ਸਾਹਿਬ ਵੇਈਂ ਨਦੀ ਦੇ ਕਿਨਾਰੇ 'ਤੇ ਸਥਿਤ ਹੈ। ਇੱਥੇ ਪੁਰਾਤਨ ਬੇਰੀ ਅੱਜ ਵੀ ਮੌਜੂਦ ਹੈ ਜਿਸਦੇ ਨਾਮ ਤੋਂ ਗੁਰਦੁਆਰਾ ਬੇਰ ਸਾਹਿਬ ਪ੍ਰਸਿੱਧ ਹੋਇਆ । ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਸ਼ਨਾਨ ਸਮੇਂ ਦਾਤਣ ਜ਼ਮੀਨ ਵਿਚ ਗੱਡ ਦਿੱਤੀ ਸੀ ਜਿਸ ਨਾਲ ਇਹ ਬੇਰੀ ਦਾ ਦਰੱਖ਼ਤ ਪੈਦਾ ਹੋਇਆ।
ਪਿਛਲੇ ਸਮੇਂ ਦੌਰਾਨ ਇਹ ਬੇਰੀ ਦਾ ਰੁੱਖ ਕਾਫੀ ਸਮੱਸਿਆਵਾਂ ਦੇ ਨਾਲ ਘਿਰ ਗਿਆ ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਇਸਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਦਿੱਤੀ ਗਈ। ਲਗਭਗ ਪਿਛਲੇ 10-12 ਸਾਲਾਂ ਤੋਂ ਪੀਏਯੂ ਦੇ ਵਿਗਿਆਨੀਆਂ ਦੀ ਵਿਸ਼ੇਸ਼ ਟੀਮ ਦੇ ਸਖਤ ਮਿਹਨਤ ਸਦਕਾ ਅੱਜ ਇਹ ਪਵਿੱਤਰ ਬੇਰੀ ਮੁੜ ਸੁਰਜੀਤ ਹੋ ਚੁੱਕੀ ਹੈ। ਇਹ ਬੇਰੀ ਮੁੜ ਤੋਂ ਹਰੀ ਭਰੀ ਹੋ ਗਈ ਹੈ ਅਤੇ ਫਲਾਂ ਦੇ ਨਾਲ ਲਬਾ ਲਬ ਭਰ ਚੁੱਕੀ ਹੈ।
ਪੀ ਏ ਯੂ ਦੇ ਸਾਇੰਸਦਾਨਾਂ ਦੇ ਵਫਦ ਨੇ ਦੱਸਿਆ ਕਿ 2013 ਤੋਂ ਸਾਡੇ ਸਾਇੰਸਦਾਨ ਡਾ. ਸੰਦੀਪ, ਡਾ. ਕਰਮਵੀਰ , ਡਾ. ਜਸਵਿੰਦਰ ਸਿੰਘ ਆਦਿ ਧਾਰਮਿਕ ਅਸਥਾਨਾਂ ਇਤਿਹਾਸਿਕ ਬੇਰੀਆਂ ਦੀ ਸਾਂਭ ਸੰਭਾਲ ਕਰ ਰਹੇ ਹਨ। ਇਸ ਵਾਸਤੇ ਯੂਨੀਵਰਸਿਟੀ ਨੂੰ ਸ਼੍ਰੋਮਣੀ ਕਮੇਟੀ ਵਲੋਂ ਸੰਪਰਕ ਕੀਤਾ ਗਿਆ ਸੀ। ਤਾਂ ਜੋ ਇਹਨਾਂ ਬੇਰੀਆਂ ਦੀ ਇਤਿਹਾਸਿਕ ਪਿਛੋਕੜ ਤੇ ਵਿਰਾਸਤ ਨੂੰ ਬਰਕਰਾਰ ਰੱਖਿਆ ਜਾ ਸਕੇ। ਉਦੋਂ ਤੋਂ ਅੱਜ ਤੱਕ ਲਗਾਤਾਰ ਹਰ ਸਾਲ ਦੇ ਵਿੱਚ ਤਕਰੀਬਨ 4-5 ਵਾਰ ਦੌਰਾ ਕਰਕੇ ਸਮੇਂ ਸਮੇਂ ਸਿਰ ਬੇਰੀਆਂ ਦੀ ਸੁਰੱਖਿਆ ਲਈ ਜੋ ਵੀ ਜਰੂਰਤ ਹੁੰਦੀ ਹੈ। ਬਿਨਾਂ ਕੈਮੀਕਲ ਤੋਂ ਬਿਨਾਂ ਕਿਸੇ ਜਿਆਦਾ ਸਪਰੇ ਤੋਂ ਕੁਦਰਤੀ ਤਰੀਕੇ ਦੇ ਨਾਲ ਪੂਰੀ ਕੀਤੀ ਜਾਂਦੀ ਹੈ। ਸਾਡੇ ਸਾਇੰਸਦਾਨਾਂ ਦੀ ਮਿਹਨਤ ਰੰਗ ਲਿਆਈ ਹੈ ਕਿ ਬਹੁਤ ਸਾਰੇ ਧਾਰਮਿਕ ਅਸਥਾਨਾਂ ਵਿਖੇ ਸਥਿਤ ਇਤਿਹਾਸਿਕ ਬੇਰੀਆਂ ਨੂੰ ਬਹੁਤ ਹੀ ਜਿਆਦਾ ਫਲ ਲੱਗਿਆ ਮਿਲੇਗਾ।
ਵਿਗਿਆਨੀਆਂ ਦੇ ਵਫਦ ਨੇ ਦੱਸਿਆ ਕਿ ਅੱਜ ਅਸੀਂ ਕਿਸੇ ਇੱਥੇ ਕੈਮੀਕਲ ਦਾ ਸਪਰੇ ਨਹੀਂ ਕੀਤਾ ਸਿਰਫ ਸੁੱਕੀਆਂ ਟਾਹਣੀਆਂ ਦੀ ਕਾਂਟ ਸ਼ਾਂਟ ਹੀ ਕੀਤੀ ਗਈ ਹੈ। ਹੁਣ ਇੱਥੇ ਬੇਰੀ ਦੀ ਜ਼ਮੀਨ ਨੂੰ ਗੁਡਾਈ ਦੀ ਜ਼ਰੂਰਤ ਹੈ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਲਗਾਉਣ ਦੀ ਜਰੂਰਤ ਹੈ। ਵਿਗਿਆਨੀਆਂ ਨੇ ਦੱਸਿਆ ਕਿ ਕਈ ਵਾਰੀ ਕਿ ਜਦੋਂ ਸੰਗਤ ਆਉਂਦੀ ਹੈ ਤਾਂ ਸ਼ਰਧਾ ਵੱਸ ਉਨਾਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਬੇਰੀ ਨੂੰ ਹੱਥ ਲਾ ਲਈਏ। ਉਹ ਹੱਥ ਪ੍ਰਸ਼ਾਦ ਵਾਲੇ ਹੁੰਦੇ ਹਨ। ਉਹਦੇ ਨਾਲ ਨੁਕਸਾਨ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਧੁੱਪ ਜੜਾਂ ਨੂੰ ਘੱਟ ਲੱਗਦੀ ਹੈ ਜਿਸ ਕਾਰਨ ਵੀ ਕਈ ਵਾਰ ਬਿਮਾਰੀ ਲੱਗ ਜਾਂਦੀ ਹੈ। ਜਦੋਂ ਤੱਕ ਰੁੱਖ ਨੂੰ ਬਿਮਾਰੀ ਦਾ ਕਾਰਨ ਨਾ ਪਤਾ ਲੱਗੇ ਤਾਂ ਤੱਕ ਉਸਦਾ ਇਲਾਜ ਠੀਕ ਢੰਗ ਨਾਲ ਕਰਨਾ ਸੰਭਵ ਨਹੀਂ ਹੁੰਦਾ। ਅਸੀਂ ਲੈਬ ਵਿੱਚ ਤਿਆਰ ਨਿਮ ਜਾਂ ਧਰੇਕ ਦੀ ਦਵਾਈ ਨਾਲ ਲੈ ਕੇ ਆਉਂਦੇ ਹੁੰਦੇ ਹਾਂ। ਜਿਸ ਨੂੰ ਕਈ ਕੀਟਾਂ ਤੋਂ ਰੋਕ ਥਾਮ ਲਈ ਵਰਤਿਆ ਜਾ ਸਕਦਾ।
ਬੇਰੀਆਂ ਚੋਂ ਨਿਕਲਦਾ ਲਾਲ ਰੰਗ ਦਾ ਪਦਾਰਥ ਖੂਨ ਨਹੀਂ : ਵਿਗਿਆਨੀ
ਪੀਏਯੂ ਦੇ ਵਿਗਿਆਨੀਆਂ ਨੇ ਦੱਸਿਆ ਕਿ ਜਿਹੜਾ ਲਾਲ ਰੰਗ ਦਾ ਬੇਰੀ ਚੋਂ ਨਿਕਲਦਾ ਹੈ ਉਹ ਖੂਨ ਨਹੀਂ ਹੈ। ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ ਕਿ ਡਾਕਖਾਨਿਆਂ ਜਾਂ ਸਰਕਾਰੀ ਦਫਤਰਾਂ ਚ ਜਿਹੜੀਆਂ ਮੋਹਰਾਂ ਲੱਗਦੀਆਂ ਜਾਂ ਲਿਫਾਫਾ ਬੰਦ ਕਰਨ ਦੇ ਲਈ ਲਾਖ ਦਾ ਇਸਤੇਮਾਲ ਕਰਦੇ ਹਨ। ਉਹ ਲਾਖ ਦਾ ਕੀੜਾ ਹੈ ਜੋ ਆਮ ਤੌਰ ਤੇ ਬੇਰੀ ਦੇ ਰੁੱਖ ਉੱਤੇ ਹੀ ਆਉਂਦਾ ਹੈ। ਸਾਨੂੰ ਕੋਈ ਕਿਸੇ ਤਰ੍ਹਾਂ ਦਾ ਵਹਿਮ ਭਰਮ ਪਾਲਣ ਦੀ ਲੋੜ ਨਹੀਂ ਕਿ ਬੇਰੀ ਦੇ ਵਿੱਚੋਂ ਖੂਨ ਨਿਕਲ ਰਿਹਾ ਹੈ। ਬੇਰੀਆਂ ਦਾ ਇੱਕ ਸੁਭਾਅ ਹੈ ਕਿ ਜਦੋਂ ਟਾਹਣੀ ਪੁਰਾਣੀ ਹੋ ਜਾਂਦੀ ਹੈ ਤਾਂ ਅੰਦਰੋਂ ਖੋਖਲੀ ਹੋ ਜਾਂਦੀ ਹੈ। ਬਰਸਾਤ ਦਾ ਪਾਣੀ ਜਾਂ ਉੱਪਰ ਕੀਤੀ ਸਪਰੇ ਆਦਿ ਇਹਨਾਂ ਖੋਡਾਂ ਚ ਭਰ ਜਾਂਦੀ ਹੈ। ਕੁਝ ਸਾਲਾਂ ਬਾਅਦ ਇਸਦਾ ਕੁਦਰਤੀ ਸੈਪ ਜਿਸਨੂੰ ਅਸੀਂ ਰਸ ਕਹਿੰਦੇ ਹਾਂ, ਬੂਟੇ ਦੇ ਸੰਪਰਕ ਚ ਆਉਂਦਾ ਤੇ ਇਹਦੇ ਵਿੱਚ ਇੱਕ ਫਨੋਲ ਨਾਂ ਦਾ ਕੰਪਾਉਂਡ ਪੈਦਾ ਹੁੰਦਾ ਹੈ। ਜਿਹੜਾ ਆਕਸੀਡਾਈਜ਼ ਹੋ ਜਾਂਦਾ, ਆਕਸੀਜਨ ਮਿਲਣ ਤੋ ਪਹਿਲਾ ਜੋ ਫਨੋਲ ਪਹਿਲਾਂ ਪਾਣੀ ਵਰਗਾ ਪਾਰਦਰਸ਼ੀ ਹੁੰਦਾ ਹੈ। ਉਹ ਲਾਲ ਰੰਗ ਦਾ ਹੋ ਜਾਂਦਾ, ਜਿਸ ਮਗਰੋਂ ਪਾਣੀ ਨੂੰ ਕਿਸੇ ਵੀ ਜਗ੍ਹਾ ਤੋਂ ਨਿਕਲਣ ਦਾ ਰਸਤਾ ਮਿਲਦਾ ਹੈ ਤਾਂ ਇਹਦੇ ਚੋਂ ਨਿਕਲਣ ਵਾਲਾ ਲਾਲ ਰੰਗ ਦਾ ਪਦਾਰਥ ਖੂਨ ਪ੍ਰਤੀਤ ਹੁੰਦਾ ਹੈ ਪਰ ਉਹ ਅਸਲ ਵਿੱਚ ਬੂਟੇ ਦਾ ਰਸ ਤੇ ਪਾਣੀ ਰਲ ਕੇ ਇੱਕ ਕਿਰਿਆ ਮੁਕੰਮਲ ਹੁੰਦੀ ਹੈ। ਜਿਹਦੇ ਕਰਕੇ ਫ਼ਨੋਲ ਲਾਲ ਰੰਗ ਦਾ ਕੰਪਾਉਂਡ ਬਣਾਉਂਦਾ ਜੋ ਸਾਨੂੰ ਲਹੂ ਵਰਗਾ ਲੱਗਦਾ ਹੈ, ਪਰ ਹੈ ਨਹੀਂ।