Babushahi Special: ਕਹਿਣਾ ਮੋੜਨਾ ਨੀਂ ਡੱਕਾ ਤੋੜਨਾ ਨੀਂ ਬਣੀ ਕੁੱਤਿਆਂ ਤੇ ਪਸ਼ੂਆਂ ਦੀ ਸਮੱਸਿਆ
ਅਸ਼ੋਕ ਵਰਮਾ
ਬਠਿੰਡਾ,17 ਮਾਰਚ2025: ਬਠਿੰਡਾ ਪੱਟੀ ’ਚ ਹੁਣ ਨਾ ਟਿੱਬੇ ਰਹੇ ਹਨ ਅਤੇ ਮਾਰੂਥਲ ਦਾ ਜਹਾਜ ਊਠ ਤਾਂ ਟਾਵਾਂ ਟਾਵਾਂ ਹੀ ਬਚਿਆ ਹੈ। ਬੱਸ ਹੁਣ ਤਾਂ ਹਰ ਪਾਸੇ ਫੰਡਰ ਜਾਨਵਰਾਂ ਤੇ ਅਵਾਰਾ ਕੁੱਤਿਆਂ ਦੀ ਹਕੂਮਤ ਹੈ। ਸਰਕਾਰਾਂ ਵੱਲੋਂ ਕੀਤੇ ਜਾਂਦੇ ਦਾਅਵਿਆਂ ਤੇ ਵਾਅਦਿਆਂ ਦਰਮਿਆਨ ਇਹ ਸਮੱਸਿਆ ‘ਕਹਿਣਾ ਮੋੜਨਾ ਨਹੀਂ ਡੱਕਾ ਤੋੜਨਾ ਨਹੀਂ ਬਣਕੇ ਰਹਿ ਗਈ ਹੈ। ਇਸ ਮਾਮਲੇ ’ਚ ਤੱਥ ਜੋ ਤਸਵੀਰ ਦਿਖਾਉਂਦੇ ਹਨ ਉਹ ਹੈਰਾਨ ਕਰ ਦੇਣ ਵਾਲੀ ਹੈ। ਇਹ ਸਮੱਸਿਆ ਪੂਰੇ ਬਠਿੰਡਾ ਜਿਲ੍ਹੇ ਦੀ ਹੈ ਜਦੋਂਕਿ ਇਕੱਲੇ ਸ਼ਹਿਰ ਦੀ ਤਸਵੀਰ ਹੋਰ ਵੀ ਭਿਆਨਕ ਹੈ। ਸ਼ਹਿਰ ’ਚ ਹਰ ਪੰਜ ਘਰਾਂ ਬਾਅਦ ਇੱਕ ਲਾਵਾਰਿਸ ਗਊ ਜਾਂ ਢੱਠਾ ਦਿਖਾਈ ਦਿੰਦਾ ਹੈ। ਸ਼ਹਿਰ ਵਿੱਚ ਤਾਂ ਹਰ ਗਲੀ ’ਚ ਖਤਰਨਾਕ ਕੁੱਤੇ ਹਕੂਮਤ ਕਰਦੇ ਹਨ। ਜਾਣਕਾਰੀ ਅਨੁਸਾਰ ਕੁੱਤਿਆਂ ਦੀ ਗਿਣਤੀ ਇਸ ਕਰਕੇ ਵਧੀ ਹੈ ਕਿ ਜਾਨਵਰਾਂ ਨੂੰ ਮਾਰਨ ਦੀ ਮਨਾਹੀ ਹੈ।

ਉੱਪਰੋਂ ਸ਼ਹਿਰ ’ਚ ਕੁੱਤਿਆਂ ਦੀ ਨਸਬੰਦੀ ਦਾ ਕੰਮ ਪਿਛਲੇ ਕਈ ਸਾਲਾਂ ਤੋਂ ਕੀੜੀ ਦੀ ਚਾਲ ਚੱਲ ਰਿਹਾ ਹੈ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਕਈ ਸਾਲ ਪਹਿਲਾਂ ਜਦੋਂ ਅਵਾਰਾ ਕੁੱਤੇ ਨੇ ਤੱਤਕਾਲੀ ਐਸਐਸਪੀ ਨੂੰ ਵੱਢ ਲਿਆ ਸੀ ਤਾਂ ਕੁੱਤਿਆਂ ਦੀ ਫੜ੍ਹੋ ਫੜਾਈ ਤੇਜ ਹੋਈ ਜੋ ਮਗਰੋਂ ਮੱਠੀ ਪੈ ਗਈ। ਸ਼ਹਿਰ ਦੇ ਮੇਅਰ ਨੂੰ ਵੱਢਣ ਤੋਂ ਬਾਅਦ ਅਵਾਰਾ ਕੁੱਤਿਆਂ ਨੂੰ ਸੰਗਲ ਲਾਉਣ ਦੀ ਗੱਲ ਜੋਰ ਸ਼ੋਰ ਨਾਲ ਤੁਰੀ ਸੀ ਪਰ ਨਤੀਜਾ ‘ਵਹੀ ਢਾਕ ਕੇ ਤੀਨ ਪਾਤ ਰਿਹਾ। ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਹੁਣ ਤਾਂ ਇਹ ਕੁੱਤੇ ਕਾਫੀ ਖੂੰਖਾਰ ਹੋ ਗਏ ਹਨ ਅਤੇ ਹਮਲੇ ਵੀ ਕਰਨ ਲੱਗੇ ਹਨ। ਸਿਵਲ ਹਸਪਤਾਲ ਬਠਿੰਡਾ ’ਚ ਕੁੱਤਿਆਂ ਦੇ ਕੱਟਣ ਪਿੱਛੋਂ ਟੀਕੇ ਲੁਆਉਣ ਲਈ ਆਉਣ ਵਾਲਿਆਂ ਦੀ ਸੂਚੀ ਕਾਫੀ ਲੰਬੀ ਹੈ।
ਸੂਤਰ ਦੱਸਦੇ ਹਨ ਕਿ ਬਠਿੰਡਾ ਜਿਲ੍ਹੇ ’ਚ ਹਰ ਮਹੀਨੇ ਕੁੱਤਿਆਂ ਵੱਲੋਂ ਔਸਤਨ ਸੌ ਵਿਅਕਤੀਆਂ ਨੂੰ ਕੱਟਿਆ ਜਾਂਦਾ ਹੈ ਜਦੋਂ ਕਿ ਕੱਲੇ ਸ਼ਹਿਰ ਦੀ ਗਿਣਤੀ 4 ਦਰਜਨ ਤੋਂ ਵੱਧ ਹੀ ਹੈ। ਇਹ ਉਹ ਹਨ ਜੋ ਇਲਾਜ ਲਈ ਸਿਵਲ ਹਸਪਤਾਲ ਆਉਂਦੇ ਹਨ ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ’ਚ ਟੀਕੇ ਲੁਆਉਣ ਵਾਲਿਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ। ਕਈ ਮਹੀਨੇ ਪਹਿਲਾਂ ਲਾਈਨੋਪਾਰ ਦੀ ਇੱਕ ਬਸਤੀ ’ਚ ਇੱਕ ਹੀ ਅਵਾਰਾ ਕੁੱਤੇ ਨੇ ਅੱਧੀ ਦਰਜਨ ਲੋਕਾਂ ਨੂੰ ਵੱਢ ਲਿਆ ਸੀ। ਇਹੋ ਕੁੱਤਾ ਇੱਕ ਬੱਚੇ ਨੂੰ ਵੱਢਣ ਦੀ ਤਿਆਰੀ ’ਚ ਸੀ ਪਰ ਡਾਂਗਾਂ ਨਾਲ ਲੈਸ ਮੁੰਡਿਆਂ ਨੇ ਉਸ ਨੂੰ ਭਜਾ ਦਿੱਤਾ। ਇਕੱਲੇ ਲਾਈਨੋਪਾਰ ਹੀ ਨਹੀਂ ਬਲਕਿ ਸ਼ਹਿਰ ਦੀਆਂ ਪਾਸ਼ ਕਲੋਨੀਆਂ, ਸਿਵਲ ਲਾਈਨਜ਼ ਅਤੇ ਸਮੂਹ ਮਾਡਲ ਟਾਊਨ ਵੀ ਅਵਾਰਾ ਕੁੱਤਿਆਂ ਦੇ ਪੱਖ ਤੋਂ ਹੌਟ ਸਪੌਟ ਬਣੇ ਹੋਏ ਹਨ।
ਬਠਿੰਡਾ ’ਚ ਤਾਇਨਾਤ ਪੰਜਾਬ ਪੁਲਿਸ ਦੇ ਇੱਕ ਡੀਐਸਪੀ ਨੇ ਦੱਸਿਆ ਕਿ ਕੁੱਤਿਆਂ ਦੀ ਸਰਦਾਰੀ ਦਾ ਇਹ ਹਾਲ ਹੈ ਕਿ ਕਈ ਖੇਤਰਾਂ ’ਚ ਕੱਲੇ ਕਾਹਰੇ ਨੂੰ ਲੰਘਣਾ ਮੁਸ਼ਕਿਲ ਬਣਿਆ ਹੋਇਆ ਹੈ। ਇਹ ਹਾਲ ਇੰਨ੍ਹਾਂ ਅਵਾਰਾ ਪਸ਼ੂਆਂ ਦਾ ਹੈ ਜਿੰਨ੍ਹਾਂ ਨੇ ਸ਼ਹਿਰ ਦੀਆਂ ਦਰਜਨਾਂ ਥਾਵਾਂ ਤੇ ਤਰਥੱਲੀ ਮਚਾ ਰੱਖੀ ਹੈ। ਸੂਚਨਾ ਦੇ ਅਧਿਕਾਰ ਤਹਿਤ ਹਾਸਲ ਜਾਣਕਾਰੀ ਦੇ ਤੱਥ ਹਨ ਕਿ ਬਠਿੰਡਾ ਜਿਲ੍ਹੇ ਦੀਆਂ ਗਊਸ਼ਾਲਾਵਾਂ ’ਚ 24 ਹਜਾਰ 383 ਪਸ਼ੂ ਡੱਕਣ ਦੇ ਬਾਵਜੂਦ ਅਵਾਰਾ ਪਸ਼ੂਆਂ ਦੀ ਗਿਣਤੀ ਘਟ ਨਹੀਂ ਸਕੀ ਹੈ। ਦੇਖਣ ’ਚ ਆਇਆ ਹੈ ਸ਼ਹਿਰ ਵਿੱਚ ਖਤਰਨਾਕ ਢੱਠਿਆਂ ਦੀ ਗਿਣਤੀ ’ਚ ਕਾਫੀ ਵਾਧਾ ਹੋਇਆ ਹੈ ਜੋ ਟਰੈਫਿਕ ’ਚ ਹੀ ਵਿਘਨ ਨਹੀਂ ਪਾਉਂਦੇ ਸਗੋਂ ਲੋਕਾਂ ’ਤੇ ਹਮਲੇ ਵੀ ਕਰਦੇ ਹਨ। ਅਵਾਰਾ ਪਸ਼ੂਆਂ ਕਾਰਨ ਮੌਤਾਂ ਵੀ ਹੋਈਆਂ ਹਨ ਅਤੇ ਹਾਦਸੇ ਵੀ ਵਾਪਰਦੇ ਰਹਿੰਦੇ ਹਨ।
ਸਮੱਸਿਆ ਪੁਰਾਣੀ ਪਰ ਹੱਲ ਨਹੀਂ
ਸਾਲ 2010 ’ਚ ਬਠਿੰਡਾ ਨੂੰ ‘ਆਵਾਰਾ ਪਸ਼ੂ ਰਹਿਤ’ ਸ਼ਹਿਰ ਬਨਾਉਣ ਦੇ ਮੰਤਵ ਨਾਲ ਪ੍ਰਸ਼ਾਸਨ ਨੇ ਇਹ ਜਿੰਮੇਵਾਰੀ ‘ਕੈਟਲ ਕੈਚਰ’ ਟੀਮ ਨੂੰ ਦਿੱਤੀ ਸੀ। ਨਗਰ ਨਿਗਮ ਬਠਿੰਡਾ ਦੀ ਯੋਜਨਾ ਨੂੰ ਪੜਾਅਵਾਰ ਲਾਗੂ ਕੀਤਾ ਜਾਣਾ ਸੀ । ਪ੍ਰਸ਼ਾਸਨ ਦੀ ਪਹਿਲਕਦਮੀ ਤਾਂ ਚੰਗੀ ਸੀ ਪ੍ਰੰਤੂ ਅਮਲੀ ਰੂਪ ਵਿੱਚ ਇਹ ਬਹੁਤੀ ਕਾਰਗਰ ਸਾਬਤ ਨਾਂ ਹੋ ਸਕੀ ਜਿਸ ਦਾ ਕਾਰਨ ਲੋਕਾਂ ਵੱਲੋਂ ਰਾਤ ਬਰਾਤੇ ਸ਼ਹਿਰ ’ਚ ਪਸ਼ੂ ਛੱਡਣਾ ਸੀ। ਹੁਣ ਵੀ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਆਵਾਰਾ ਢੱਠਿਆਂ ਦਾ ਰਾਜ ਰਹਿੰਦਾ ਹੈ। ਕਿਲਾ ਮੁਹੱਲਾ ਨਿਵਾਸੀ ਰਣਜੀਤ ਸਿੰਘ ਦਾ ਕਹਿਣਾ ਸੀ ਕਿ ਔਰਤਾਂ ਤੇ ਸਕੂਲੀ ਬੱਚਿਆਂ ਲਈ ਆਵਾਰਾ ਢੱਠੇ ਮੁਸੀਬਤ ਹਨ।
ਪੱਕਾ ਹੱਲ ਕੱਢੇ ਪ੍ਰਸ਼ਾਸ਼ਨ
ਗਾਹਕ ਜੋਗਾ ਸੰਸਥਾ ਦੇ ਜਰਨਲ ਸਕੱਤਰ ਸੰਜੀਵ ਗੋਇਲ ਬਠਿੰਡਾ ਦਾ ਕਹਿਣਾ ਸੀ ਕਿ ਸ਼ਹਿਰ ’ਚ ਆਵਾਰਾ ਕੁੱਤਿਆਂ ਤੇ ਲਾਵਾਰਿਸ਼ ਪਸ਼ੂਆਂ ਦੀ ਗਿਣਤੀ ਕਾਫੀ ਵਧ ਗਈ ਹੈ। ਉਨ੍ਹਾਂ ਆਖਿਆ ਕਿ ਇੰਨ੍ਹਾਂ ਕਰਕੇ ਲੋਕਾਂ ਨੂੰ ਸੜਕ ਹਾਦਸਿਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਕੁੱਤੇ ਦੇ ਵੱਢੇ ਲੋਕ ਟੀਕੇ ਲਵਾਉਣ ਲਈ ਮਜਬੂਰ ਹਨ। ਉਨ੍ਹਾਂ ਜਿਲ੍ਹਾ ਪ੍ਰਸ਼ਾਸ਼ਨ ਤੋਂ ਇਸ ਸਮੱਸਿਆ ਦਾ ਢੁੱਕਵਾਂ ਅਤੇ ਪੱਕਾ ਹੱਲ ਕਰਨ ਦੀ ਮੰਗ ਕੀਤੀ।
ਹੁਣ ਦਿੱਲੀ ਦੂਰ ਨਹੀਂ-ਡੀਸੀ ਬਠਿੰਡਾ
ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦਾ ਕਹਿਣਾ ਸੀ ਕਿ ਆਉਣ ਵਾਲੇ 15-20 ਦਿਨਾਂ ਦੌਰਾਨ ਸ਼ਹਿਰ ਨੂੰ ਅਵਾਰਾ ਪਸ਼ੂਆਂ ਤੋਂ ਮੁਕਤ ਕਰ ਦਿੱਤਾ ਜਾਏਗਾ। ਉਨ੍ਹਾਂ ਦੱਸਿਆ ਕਿ ਝੁੰਬਾ ਵਾਲੀ ਗਊਸ਼ਾਲਾ ਦਾ ਕੰਮ ਮੁਕੰਮਲ ਹੋ ਗਿਆ ਹੈ ਜਿਸ ਨਾਲ ਵੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸੇ ਤਰਾਂ ਹੀ ਅਵਾਰਾ ਕੁੱਤਿਆਂ ਦੀ ਨਸਬੰਦੀ ਦਾ 50 ਫੀਸਦੀ ਕੰਮ ਮੁਕੰਮਲ ਹੋ ਚੁੱਕਿਆ ਹੈ ਅਤੇ ਬਾਕੀਆਂ ਦੀ ਇਸ ਸਾਲ ਦੇ ਅੰਦਰ ਅੰਦਰ ਕਰ ਦਿੱਤੀ ਜਾਏਗੀ। ਉਨ੍ਹਾਂ ਕਿਹਾ ਕਿ ਇਸੇ ਤਰਾਂ ਹੀ ਬਠਿੰਡਾ ਜਿਲ੍ਹੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਪੱਕਾ ਹੱਲ ਕੱਢਿਆ ਜਾਏਗਾ।