ਅਕਾਲੀ ਦਲ ਨੇ ਹਿਮਾਚਲ ਤੇ ਹੋਰ ਪਹਾੜੀ ਰਾਜਾਂ ’ਚ ਸਿੱਖ ਸ਼ਰਧਾਲੂਆਂ ਤੇ ਸੈਲਾਨੀਆਂ ’ਤੇ ਹਮਲੇ ਦੀਆਂ ਵਾਰ-ਵਾਰ ਘਟਨਾਵਾਂ ਵਾਪਰਨ ਦੀ ਕੀਤੀ ਨਿਖੇਧੀ
- ਕੇਂਦਰੀ ਗ੍ਰਹਿ ਮੰਤਰੀ ਪਹਾੜੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਤੁਰੰਤ ਮੀਟਿੰਗ ਕਰਨ: ਡਾ. ਦਲਜੀਤ ਸਿੰਘ ਚੀਮਾ
ਚੰਡੀਗੜ੍ਹ, 19 ਮਾਰਚ 2024: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਹਿਮਾਚਲ ਪ੍ਰਦੇਸ਼ ਤੇ ਹੋਰ ਪਹਾੜੀ ਰਾਜਾਂ ਵਿਚ ਬੇਰੁਖ ਭੀੜਾਂ ਵੱਲੋਂ ਪੰਜਾਬ ਤੋਂ ਸਿੱਖ ਸ਼ਰਧਾਲੂਆਂ ਤੇ ਹੋਰ ਸੈਲਾਨੀਆਂ ’ਤੇ ਵਾਰ-ਵਾਰ ਹਮਲੇ ਕੀਤੇ ਜਾਣ ਦੀ ਸਖ਼ਤ ਨਿਖੇਧੀ ਕੀਤੀ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜ ਵਿਰੋਧੀ ਅਨਸਰਾਂ ਤੇ ਏਜੰਸੀਆਂ ਵੱਲੋਂ ਨਿਰੰਤਰ ਕੀਤੇ ਜਾਂਦੇ ਦੁਸ਼ਪ੍ਰਚਾਰ ਤੇ ਸਿੱਖ ਭਾਈਚਾਰੇ ਖਿਲਾਫ ਨਫਰਤੀ ਮੁਹਿੰਮ ਦਾ ਨਤੀਜਾ ਹੈ ਜਿਸਦਾ ਇਕੋ ਇਕ ਮਕਸਦ ਖਿੱਤੇ ਵਿਚ ਸ਼ਾਂਤੀ ਤੇ ਆਪਸੀ ਭਾਈਚਾਰਕ ਨੂੰ ਭੰਗ ਕਰਨਾ ਹੈ ਤਾਂ ਜੋ ਮਾੜੇ ਸਿਆਸੀ ਮਨਸੂਬਿਆਂ ਦੀ ਪੂਰਤੀ ਕੀਤੀ ਜਾ ਸਕੇ।
ਡਾ. ਚੀਮਾ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਸੰਵੇਦਨਸ਼ੀਲ ਮਾਮਲੇ ’ਤੇ ਸਾਰੇ ਪਹਾੜੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨ ਕਿਉਂਕਿ ਜੋ ਕੁਝ ਵਾਪਰ ਰਿਹਾ ਹੈ, ਉਹ ਬਹੁਤ ਹੀ ਭੜਕਾਊ ਹੈ ਤੇ ਇਸ ਨਾਲ ਗੁਆਂਢੀ ਰਾਜਾਂ ਵਿਚਾਲੇ ਚੰਗੇ ਸੰਬੰਧਾਂ ’ਤੇ ਮਾੜਾ ਅਸਰ ਪੈ ਰਿਹਾ ਹੈ। ਉਹਨਾਂ ਕਿਹਾ ਕਿ ਸਾਰੇ ਸ਼ਰਧਾਲੂਆਂ ਤੇ ਸੈਲਾਨੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਦਮ ਚੁੱਕਣੇ ਜ਼ਰੂਰੀ ਹੈ।
ਉਹਨਾਂ ਕਿਹਾ ਕਿ ਨਾਲੋ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਚਲਾ ਕੇ ਉਹਨਾਂ ਨੂੰ ਧਾਰਮਿਕ ਚਿੰਨਾਂ ਤੇ ਰਵਾਇਤਾਂ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ ਤੇ ਇਹਨਾਂ ਭੜਕਾਊ ਘਟਨਾਵਾਂ ਦੇ ਨਤੀਜਿਆਂ ਤੋਂ ਵੀ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ।