ਵੈਟਰਨਰੀ ਕਾਲਜ਼ ਰਾਮਪੁਰਾ ਵਿਖੇ ਪਹਿਲੇ ਗ੍ਰੈਜੂਏਟ ਬੈਚ ਦੇ ਡਾਕਟਰਾਂ ਲਈ ਕਰਵਾਇਆ ਸਹੁੰ ਚੁੱਕ ਸਮਾਗਮ
ਅਸ਼ੋਕ ਵਰਮਾ
ਰਾਮਪੁਰਾ ਫੂਲ, (ਬਠਿੰਡਾ) 19 ਮਾਰਚ 2025 : ਵੈਟਨਰੀ ਸਾਇੰਸ ਕਾਲਜ ਰਾਮਪੁਰਾ ਫੂਲ ਵਿਖੇ 2019 ਦੇ ਪਹਿਲੇ ਗ੍ਰੈਜੂਏਟ ਬੈਚ ਦੇ ਵੈਟਨਰੀ ਡਾਕਟਰਾਂ ਲਈ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਡੀਡੀਐਮਸੀ ਇੰਚਾਰਜ ਡਾ. ਪੱਲਵੀ ਖਜੂਰੀਆ ਅਤੇ ਗੁਰੂ ਅੰਗਦ ਦੇਵ ਵੈਟਨਰੀ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਉਪ-ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਵਿਸ਼ੇਸ਼ ਤੌਰ ’ਤੇ ਮੌਜੂਦ ਰਹੀਆਂ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਜਾਨਵਰਾਂ ਤੇ ਜਨਤਕ ਸਿਹਤ ਦੀ ਰੱਖਿਆ ਵਿੱਚ ਪਸ਼ੂਆਂ ਦੇ ਡਾਕਟਰਾਂ ਦੀ ਮਹੱਤਵਪੂਰਨ ਭੂਮਿਕਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨਵੇਂ ਗ੍ਰੈਜੂਏਟ ਡਾਕਟਰਾਂ ਨੂੰ ਆਪਣੇ ਪੇਸ਼ੇ ਵਿੱਚ ਉੱਚਤਮ ਨੈਤਿਕ ਮਿਆਰਾਂ ਨੂੰ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਆਪਣੀ ਤੰਦਰੁਸਤੀ ਨੂੰ ਪ੍ਰਫੁੱਲਤ ਕਰਨ ਲਈ ਪਾਠਕ੍ਰਮ ਤੋਂ ਇਲਾਵਾ ਵੱਖ ਵੱਖ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ।
ਇਸ ਮੌਕੇ ਵੈਟਨਰੀ ਕਲੀਨਿਕਲ ਕੰਪਲੈਕਸ ਦੇ ਇੰਚਾਰਜ ਡਾ. ਅਨਾਵਿਲ ਭਾਰਦਵਾਜ ਨੇ ਵਿਦਿਆਰਥੀਆਂ ਦੀਆਂ ਅਕਾਦਮਿਕ, ਖੇਡਾਂ ਅਤੇ ਪਾਠਕ੍ਰਮ ਤੋਂ ਇਲਾਵਾ ਬੇਮਿਸਾਲ ਪ੍ਰਾਪਤੀਆਂ 'ਤੇ ਚਾਨਣਾ ਪਾਇਆ।ਡਾ. ਦਿਗਵਿਜੇ ਸਿੰਘ, ਡੀਨ, ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਦੁਆਰਾ ਗ੍ਰੈਜੂਏਟ ਵਿਦਿਆਰਥੀਆਂ ਨੂੰ ਵੈਟਨੇਰੀਅਨ ਦੀ ਸਹੁੰ ਚੁਕਾਈ ਗਈ। ਉਹਨਾਂ ਨੇ ਗ੍ਰੈਜੂਏਟ ਵੈਟਰਨਰੀ ਡਾਕਟਰਾਂ ਨੂੰ ਨੈਤਿਕ ਮਿਆਰਾਂ ਅਨੁਸਾਰ ਵੈਟਰਨਰੀ ਅਭਿਆਸਾਂ ਨੂੰ ਕਾਇਮ ਰੱਖਣ ਲਈ ਉਤਸ਼ਾਹਿਤ ਕੀਤਾ। ਡਾ.ਜੇ.ਪੀ.ਐਸ. ਗਿੱਲ ਨੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਦੇ ਯਤਨਾਂ ਲਈ ਸਫਲਤਾ ਦੀ ਕਾਮਨਾ ਕੀਤੀ।
ਇਸ ਸਮਾਗਮ ਵਿੱਚ ਵੱਖ-ਵੱਖ ਵਿਭਾਗਾਂ ਦੇ ਇੰਚਾਰਜ ਅਤੇ ਫੈਕਲਟੀ ਮੈਂਬਰ ਸ਼ਾਮਲ ਹੋਏ ਅਤੇ ਇਸ ਨੂੰ ਕੈਰਸ ਲੈਬੋਰਟਰੀਜ਼ ਪ੍ਰਾਈਵੇਟ ਲਿਮਟਿਡ ਦੁਆਰਾ ਸਪਾਂਸਰ ਕੀਤਾ ਗਿਆ। ਵਿਦਿਆਰਥੀਆਂ ਦੀ ਅਕਾਦਮਿਕ ਉੱਤਮਤਾ ਦਾ ਸਨਮਾਨ ਕਰਨ ਲਈ ਕੈਰਸ ਲੈਬੋਰਟਰੀਜ਼ ਪ੍ਰਾਈਵੇਟ ਲਿਮਟਿਡ ਨੇ ਚੋਟੀ ਦੇ ਤਿੰਨ ਰੈਂਕ ਧਾਰਕਾਂ, ਸਿਮਰਨ ਕੌਰ, ਨਿਮਿਸ਼ ਹੰਸ ਗਰਗ ਅਤੇ ਦਾਮਿਨੀ ਨੂੰ ਕ੍ਰਮਵਾਰ 51,000 ਰੁਪਏ, 31,000 ਰੁਪਏ ਅਤੇ 21,000 ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ।
ਇਸ ਦੌਰਾਨ ਡਾ. ਦਿਗਵਿਜੈ ਸਿੰਘ ਨੇ ਧੰਨਵਾਦ ਦੇ ਮਤੇ ਨਾਲ ਸਮਾਰੋਹ ਦੀ ਸਮਾਪਤੀ ਕੀਤੀ ਅਤੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਉਤਸ਼ਾਹਿਤ ਕੀਤਾ।