ਸਰਕਾਰੀ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਸੂਬਾ ਪੱਧਰੀ ਯੁਵਕ ਮੇਲੇ 'ਚ ਮਾਰੀਆਂ ਮੱਲਾਂ
ਅਸ਼ੋਕ ਵਰਮਾ
ਬਠਿੰਡਾ, 19 ਮਾਰਚ 2025 :ਪੰਜਾਬ ਟੈਕਨੀਕਲ ਇੰਸਟੀਟਿਊਸ਼ਨ ਸਪੋਰਟਸ ਵੱਲੋਂ ਸਤਿਗੁਰੂ ਰਾਮ ਸਿੰਘ ਪੋਲੀਟੈਕਨਿਕ ਕਾਲਜ ਲੁਧਿਆਣਾ ਵਿਖੇ ਕਰਵਾਏ ਪੰਜਾਬ ਅਤੇ ਚੰਡੀਗੜ੍ਹ ਦੇ ਸਮੂਹ ਪੋਲੀਟੈਕਨਿਕ ਕਾਲਜਾਂ ਦੇ ਇੰਟਰ-ਪੋਲੀਟੈਕਨਿਕ ਯੁਵਕ ਮੇਲੇ ਦੌਰਾਨ ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਨੇ ਸਫਲਤਾ ਦੇ ਝੰਡੇ ਗੱਡੇ ਹਨ। ਇਸ ਰਾਜ ਪੱਧਰੀ ਯੁਵਕ ਮੇਲੇ ਵਿਚ ਸਰਕਾਰੀ ਪੋਲੀਟੈਕਨਿਕ ਕਾਲਜ ਬਠਿੰਡਾ ਦੇ ਵਿਦਿਆਰਥੀਆਂ ਨੇ ਕੋਰੀਓਗ੍ਰਾਫੀ, ਲੋਕ ਗੀਤ, ਸੋਲੋ ਡਾਂਸ, ਰੰਗੋਲੀ, ਸ਼ਬਦ ਗਾਇਨ, ਗਿੱਧਾ ਅਤੇ ਭੰਗੜਾ ਵੰਨਗੀਆਂ ਵਿਚ ਭਾਗ ਲਿਆ I ਕਾਲਜ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਦਾ ਮੁਜਹਰਾ ਕਰਦੇ ਹੋਏ ਚੰਗੀਆਂ ਪੁਜੀਸ਼ਨਾਂ ਹਾਸਲ ਕੀਤੀਆਂI ਕਾਲਜ ਦੀ ਕੋਰੀਓਗ੍ਰਾਫੀ ਟੀਮ ਨੇ ਇਸ ਰਾਜ ਪੱਧਰੀ ਯੁਵਕ ਮੇਲੇ ਵਿੱਚ ਪੰਜਾਬ ਭਰ ਵਿੱਚੋ ਪਹਿਲਾਂ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ I ਇਸ ਤੋਂ ਇਲਾਵਾ ਕਾਲਜ ਦੀ ਸੋਲੋ ਡਾਂਸ ਅਤੇ ਭੰਗੜਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਭਰ ਵਿੱਚੋ ਤੀਜਾ ਸਥਾਨ ਹਾਸਲ ਕੀਤਾI
ਕਾਲਜ਼ ਪ੍ਰਿੰਸੀਪਲ ਸ੍ਰੀਮਤੀ ਅਨੁਜਾ ਪਾਪਨੇਜਾ ਨੇ ਰਾਜ ਪੱਧਰੀ ਯੁਵਕ ਮੇਲੇ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਏਦਾਂ ਦੀਆਂ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾI ਉਹਨਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਕੋਚ ਅਤੇ ਟੀਮ ਇੰਚਾਰਜਾਂ ਦਾ ਮਿਹਨਤ ਅਤੇ ਲਗਨ ਨਾਲ ਤਿਆਰੀ ਕਰਵਾਉਣ ਤੇ ਧੰਨਵਾਦ ਕੀਤਾ I ਉਹਨਾਂ ਦੱਸਿਆ ਕੇ ਕਾਲਜ ਵਲੋਂ ਵਿਦਿਆਰਥੀਆਂ ਦੇ ਸਰਵ ਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾਂਦੇ ਹਨ ਅਤੇ ਵਿਦਿਆਰਥੀਆਂ ਨੂੰ ਇਹੋ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿਚ ਵੱਧ ਤੋਂ ਵੱਧ ਭਾਗ ਦਵਾਇਆ ਜਾਂਦਾ ਹੈ I ਇਸ ਮੌਕੇ ਪ੍ਰਧਾਨ ਵਿਦਿਆਰਥੀ ਗਤੀਵਿਧੀਆਂ ਦਰਸ਼ਨ ਸਿੰਘ ਢਿੱਲੋ, ਮੁਖੀ ਵਿਭਾਗ ਜਸਵੀਰ ਸਿੰਘ ਗਿੱਲ ਤੋਂ ਇਲਾਵਾ ਵੱਖੋ-ਵੱਖਰੇ ਟੀਮ ਇੰਚਾਰਜ ਅਤੇ ਜੇਤੂ ਵਿਦਿਆਰਥੀ ਹਾਜ਼ਰ ਸਨ।