ਕੈਂਪ ‘ਚ ਲੋਕਾਂ ਨੂੰ ਗੰਜਾਪਨ ਦੂਰ ਕਰਨ ਲਈ ਸਿਰ ‘ਤੇ ਤੇਲ ਲਗਵਾਉਣਾ ਪਿਆ ਮਹਿੰਗਾ, ਅੱਖਾਂ ਦੀ ਇਨਫੈਕਸ਼ਨ ਹੋਈ
- ਭੋਲੇਭਾਲੇ ਲੋਕਾਂ ਦੀ ਸਿਹਤ ਨੂੰ ਜ਼ੋਖਿਮ ਵਿੱਚ ਪਾਉਣ ਵਾਲੇ 2 ਵਿਅਕਤੀਆਂ ਖਿਲਾਫ਼ ਪੁਲਿਸ ਵੱਲੋਂ ਕੇਸ ਦਰਜ
ਦਲਜੀਤ ਕੌਰ
ਸੰਗਰੂਰ, 17 ਮਾਰਚ, 2025: ਸੰਗਰੂਰ ਦੇ ਮਾਤਾ ਕਾਲੀ ਦੇਵੀ ਮੰਦਿਰ ਵਿੱਚ ਇੱਕ ਸੰਸਥਾ ਵੱਲੋਂ ਗੰਜਾਪਨ ਦੂਰ ਕਰਨ ਲਈ ਕੈਂਪ ਲਗਾਇਆ ਗਿਆ। ਇਸ ਦੌਰਾਨ 20 ਦੇ ਕਰੀਬ ਲੋਕਾਂ ਨੂੰ ਸਿਰ ‘ਤੇ ਤੇਲ ਲਗਾਉਣ ਨਾਲ ਅੱਖਾਂ ਦੀ ਇਨਫੈਕਸ਼ਨ ਹੋ ਗਈ।
ਅੱਖਾਂ ਵਿੱਚ ਦਰਦ ਤੋਂ ਪ੍ਰੇਸ਼ਾਨ ਲੋਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪੁੱਜੇ, ਜਿੱਥੇ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਹੁਣ ਪਤਾ ਲੱਗਾ ਹੈ ਕਿ ਇਸ ਕੈਂਪ ਲਈ ਪ੍ਰਸ਼ਾਸਨ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ। ਐਸਡੀਐਮ ਚਰਨਜੋਤ ਸਿੰਘ ਵਾਲੀਆ ਨੇ ਕਿਹਾ ਕਿ ਕੈਂਪ ਪ੍ਰਬੰਧਕਾਂ ਨੇ ਕੋਈ ਪ੍ਰਵਾਨਗੀ ਨਹੀਂ ਲਈ ਸੀ। ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਐਮਰਜੈਂਸੀ ‘ਚ ਇਲਾਜ ਲਈ ਆਏ ਬ੍ਰਿਜ ਮੋਹਨ, ਸੰਜੇ, ਪਿੰਕੀ, ਅਲੋਕ, ਸੰਜੀਵ ਕੁਮਾਰ, ਜਸਵੀਰ ਸਿੰਘ, ਪ੍ਰਦੀਪ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ, ਬਿੱਟੂ, ਰਾਜ ਅਤੇ ਰਾਜੂ ਨੇ ਦੱਸਿਆ ਕਿ ਉਹ ਕੈਂਪ ਵਿੱਚ ਪੁੱਜੇ ਸਨ ਪਰ ਕੈਂਪ ਵਿੱਚ ਉਨ੍ਹਾਂ ਦੇ ਸਿਰ ’ਤੇ ਤੇਲ ਲਾਉਣ ਕਾਰਨ ਉਨ੍ਹਾਂ ਦੀਆਂ ਅੱਖਾਂ ਲਾਲ ਹੋਣ ਲੱਗੀਆਂ ਅਤੇ ਤੇਜ਼ ਦਰਦ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਆਉਣਾ ਪਿਆ।
ਐਮਰਜੈਂਸੀ ਵਿੱਚ ਤਾਇਨਾਤ ਡਾ: ਗੀਤਾਂਸ਼ੂ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਕੋਲ 30 ਮਰੀਜ਼ ਆ ਚੁੱਕੇ ਹਨ, ਜਿਨ੍ਹਾਂ ਨੇ ਅੱਖਾਂ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਹੈ।
ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਲੋਕਾਂ ਦੀ ਸਿਹਤ ਨੂੰ ਜ਼ੋਖਿਮ ਵਿੱਚ ਪਾਉਣ ਦਾ ਇਹ ਇੱਕ ਗੰਭੀਰ ਮਾਮਲਾ ਹੈ ਅਤੇ ਜਿਵੇਂ ਹੀ ਮੀਡੀਆ ਦੇ ਇੱਕ ਹਿੱਸੇ ਵਿੱਚ ਪ੍ਰਸਾਰਿਤ ਹੋਈਆਂ ਖਬਰਾਂ ਰਾਹੀਂ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਸਿਹਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਪੁਲਿਸ ਨਾਲ ਤਾਲਮੇਲ ਕਰਦੇ ਹੋਏ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਦੇ ਆਦੇ਼ਸ ਦਿੱਤੇ। ਸੰਗਰੂਰ ਸ਼ਹਿਰ ਵਿਖੇ ਗੰਜਾਪਨ ਦੂਰ ਕਰਨ ਸਬੰਧੀ ਲਗਾਏ ਗਏ ਇੱਕ ਕੈਂਪ ਦੌਰਾਨ ਗੈਰ ਪ੍ਰਮਾਣਿਤ ਦੇਸੀ ਦਵਾਈਆਂ ਦੀ ਵਿਕਰੀ ਕਰਕੇ ਭੋਲੇ ਭਾਲੇ ਲੋਕਾਂ ਦੀ ਸਿਹਤ ਨੂੰ ਜ਼ੋਖਿਮ ਵਿੱਚ ਪਾਉਣ ਦੇ ਮਾਮਲੇ ਵਿੱਚ ਸੰਗਰੂਰ ਪੁਲਿਸ ਵੱਲੋਂ 2 ਵਿਅਕਤੀਆਂ ਖਿਲਾਫ਼ ਐਫ.ਆਈ.ਆਰ ਦਰਜ ਕੀਤੀ ਗਈ ਹੈ।
ਐਸ.ਐਸ.ਪੀ ਸਰਤਾਜ ਸਿੰਘ ਚਾਹਲ (ਆਈ.ਪੀ.ਐਸ) ਦੇ ਦਿਸ਼ਾ ਨਿਰਦੇਸ਼ਾਂ ਹੇਠ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸੰਗਰੂਰ ਦੇ ਐਸ.ਐਚ.ਓ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸਿ਼ਕਾਇਤਕਰਤਾ ਸੁਖਵੀਰ ਸਿੰਘ ਵਾਸੀ ਸੰਗਰੂਰ ਦੀ ਸਿ਼ਕਾਇਤ ਦੇ ਆਧਾਰ ਉਤੇ ਤੇਜਿੰਦਰਪਾਲ ਸਿੰਘ ਵਾਸੀ ਸੰਗਰੂਰ ਅਤੇ ਅਮਨਦੀਪ ਸਿੰਘ ਵਾਸੀ ਖੰਨਾ ਦੇ ਖਿਲਾਫ਼ ਭਾਰਤੀ ਨਿਆਂਏ ਸੰਹਿਤਾ ਬੀ.ਐਨ.ਐਸ 2023 ਦੇ ਸੈਕਸ਼ਨ 124 ਅਤੇ ਡਰੱਗਜ਼ ਐਂਡ ਮੈਜਿਕ ਰੈਮੇਡੀਜ਼ (ਓਬਜੇਕਸ਼ਨੇਬਲ ਐਡਵਰਟਾਈਜ਼ਮੈਂਟ) ਐਕਟ 1954 ਦੇ ਸੈਕਸ਼ਨ 7 ਤਹਿਤ ਐਫ.ਆਈ.ਆਰ ਨੰਬਰ 0058 ਮਿਤੀ 17.03.2025 ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਵਿਅਕਤੀ ਤੇਜਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਅਮਨਦੀਪ ਵਾਸੀ ਖੰਨਾ ਦੀ ਭਾਲ ਜਾਰੀ ਹੈ।