ਡਾ ਬਲਜੀਤ ਕੌਰ ਵੱਲੋਂ ਪੰਚਾਇਤਾਂ ਨਾਲ ਬੈਠਕ, ਵਿਕਾਸ ਪ੍ਰੋਜੈਕਟਾਂ ਦੀ ਰੂਪਰੇਖਾ ਉਲੀਕੀ
- ਢਿੱਲ ਮੱਠ ਕਰਨ ਵਾਲੇ ਸਰਕਾਰੀ ਕਰਮਚਾਰੀਆਂ ਦੀ ਕੀਤੀ ਬਦਲੀ
ਮਲੋਟ / ਸ੍ਰੀ ਮੁਕਤਸਰ ਸਾਹਿਬ 10 ਮਾਰਚ 2025 - ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਅੱਜ ਵਿਧਾਨ ਸਭਾ ਹਲਕਾ ਮਲੋਟ ਦੇ ਵੱਖ—ਵੱਖ ਪਿੰਡਾਂ ਦੇ ਸਰਪੰਚਾਂ ਨਾਲ ਬੈਠਕ ਕਰਕੇ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਵਿਉਂਤਬੰਦੀ ਉਲੀਕੀ। ਇਸ ਮੌਕੇ ਉਨਾਂ ਨੇ ਪੰਚਾਇਤਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਜਿਹੜੇ ਪੰਚਾਇਤ ਵਿਭਾਗ ਦੇ ਕਰਮਚਾਰੀ ਢਿੱਲ ਮੱਠ ਦਾ ਰਵਈਆ ਅਪਣਾਉਂਦੇ ਸਨ ਉਹਨਾਂ ਦੀਆਂ ਮੌਕੇ ਤੇ ਹੀ ਬਦਲੀਆਂ ਕਰਨ ਦੇ ਨਿਰਦੇਸ਼ ਦਿੱਤੇ ਗਏ ।
ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਸਰਬ ਪੱਖੀ ਵਿਕਾਸ ਲਈ ਦ੍ਰਿੜ ਸੰਕਲਪਿਤ ਹੈ ਅਤੇ ਇਸ ਲਈ ਫੰਡ ਦੀ ਕੋਈ ਘਾਟ ਨਹੀਂ ਹੈ। ਉਹਨਾਂ ਨੇ ਪੰਚਾਇਤਾਂ ਨੂੰ ਕਿਹਾ ਕਿ ਉਹ ਅੱਜ ਜੋ ਮਤੇ ਪਾ ਕੇ ਦੇ ਰਹੀਆਂ ਹਨ ਉਸ ਸਬੰਧੀ ਵਿਕਾਸ ਕਾਰਜ 15 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਸ਼ੁਰੂ ਕਰਵਾ ਦਿੱਤੇ ਜਾਣਗੇ।
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਲੋਕਾਂ ਤੱਕ ਵਿਕਾਸ ਸਕੀਮਾਂ ਅਤੇ ਲੋਕ ਭਲਾਈ ਦੀਆਂ ਸਕੀਮਾਂ ਪੁੱਜਦੀਆਂ ਕਰਨ ਵਿੱਚ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੇ ਕੁਤਾਹੀ ਕੀਤੀ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਪੰਚਾਇਤਾਂ ਨੂੰ ਕਿਹਾ ਕਿ ਲੋਕਾਂ ਵੱਲੋਂ ਪ੍ਰਗਟਾਏ ਵਿਸ਼ਵਾਸ ਤੇ ਖਰਾ ਉੱਤਰਦਿਆਂ ਪਿੰਡਾਂ ਦੇ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾਣ।
ਕੈਬਨਿਟ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਹਰੇਕ ਹਲਕੇ ਦੇ ਵਿਕਾਸ ਲਈ ਫੰਡ ਮੁਹਈਆ ਕਰਵਾ ਰਹੀ ਹੈ ਅਤੇ ਹਲਕੇ ਦੀ ਸਾਰੇ ਪਿੰਡਾਂ ਵਿੱਚ ਵੱਖ—ਵੱਖ ਤਰਾਂ ਦੇ ਵਿਕਾਸ ਕਾਰਜ ਜਲਦ ਮੁਕੰਮਲ ਹੋਣਗੇ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ.ਜਗਦੇਵ ਸਿੰਘ ਬਾਮ ਚੇਅਰਮੈਨ ਕੋਅਪਰੇਟਿਵ ਸੋਸਾਇਟੀ,ਪੰਜਾਬ,ਸ.ਜਸ਼ਨ ਬਰਾੜ ਜਿ਼ਲ੍ਹਾ ਪ੍ਰਧਾਨ, ਸ੍ਰੀ ਵਰਿੰਦਰ ਢੋਸੀਵਾਲ ਜੁਆਇੰਟ ਸਕੱਤਰ, ਸ.ਮਨਜਿੰਦਰ ਸਿੰਘ ਕਾਕਾ ਉੜਾਂਗ ਤੋਂ ਇਲਾਵਾ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।