ਜਾਗੋ ਤੇ ਜਿਗਰੀ ਦੋਸਤ ਨੇ ਹੀ ਸਾਜਿਸ਼ ਰਚ ਕੇ ਸੀ ਕੀਤਾ ਸੁਨਿਆਰੇ ਦਾ ਕਤਲ
ਦੀਪਕ ਜੈਨ
ਜਗਰਾਉਂ, 5 ਅਪ੍ਰੈਲ 2025 - ਲਾਗਲੇ ਪਿੰਡ ਮਲਕ ਵਿਖੇ ਬੀਤੇ ਦਿਨੀ ਜਾਗੋ ਦੇ ਪ੍ਰੋਗਰਾਮ ਸਮੇਂ ਮੁੱਲਾਂਪੁਰ ਦੇ ਨਾਮੀ ਸੁਨਿਆਰੇ ਦਾ ਕਤਲ ਉਸ ਦੇ ਜਿਗਰੀ ਦੋਸਤ ਵੱਲੋਂ ਹੀ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਜਿਸ ਨੂੰ ਪੁਲਿਸ ਵੱਲੋਂ ਗ੍ਰਫਤਾਰ ਕਰ ਲਿੱਤਾ ਗਿਆ ਹੈ। ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਸਦਰ ਜਗਰਾਓ ਦੇ ਮੁਖੀ ਸਭ ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਮੁੱਲਾਪੁਰ ਦੇ ਨਾਮੀ ਸੁਨਿਆਰੇ ਪਰਮਿੰਦਰ ਸਿੰਘ ਉਰਫ ਲਵਲੀ ਆਪਣੇ ਭਰਾ ਅਤੇ ਪਿਤਾ ਨਾਲ ਇੱਕ ਸੋਨੇ ਦਾ ਸ਼ੋ ਰੂਮ ਮੁਲਾਂਪੁਰ ਵਿਖੇ ਚਲਾਉਂਦੇ ਹਨ। ਜਿਸ ਤੇ ਗੁਰਵਿੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਹਿਸੋਵਾਲ ਬਤੌਰ ਮੈਨੇਜਰ ਨੌਕਰੀ ਕਰਦਾ ਹੈ।
ਥਾਣਾ ਮੁਖੀ ਨੇ ਜਾਣਕਾਰੀ ਦਿੰਦਿਆਂ ਹੋਇਆ ਅੱਗੇ ਦੱਸਿਆ ਕਿ ਗੁਰਵਿੰਦਰ ਸਿੰਘ ਵੱਲੋਂ ਬੀਤੇ ਦਿਨੀ ਪਰਮਿੰਦਰ ਸਿੰਘ ਉਰਫ ਲਵਲੀ ਦੇ ਕਤਲ ਬਾਰੇ ਸ਼ਿਕਾਇਤ ਦਰਜ ਕਰਵਾ ਕੇ ਆਪਣੇ ਬਿਆਨਾਂ ਰਾਹੀਂ ਦੱਸਿਆ ਹੈ ਕਿ ਉਹ ਪਰਵਿੰਦਰ ਸਿੰਘ ਦੀ ਸੋਨੇ ਵਾਲੀ ਦੁਕਾਨ ਉੱਪਰ ਬਤੌਰ ਮੈਨੇਜਰ ਨੌਕਰੀ ਕਰਦਾ ਹੈ। ਪਰਮਿੰਦਰ ਸਿੰਘ ਲਵਲੀ ਦੇ ਜਰਨੈਲ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਹਿੱਸੇਵਾਲ ਨਾਲ ਬਚਪਨ ਤੋਂ ਹੀ ਦੋਸਤਾਨਾ ਸੰਬੰਧ ਸਨ। ਜਰਨੈਲ ਸਿੰਘ ਨੂੰ ਆਪਣੇ ਦੋਸਤ ਪਰਮਿੰਦਰ ਦੀ ਤਰੱਕੀ ਦੇਖ ਕੇ ਈਰਖਾ ਹੁੰਦੀ ਸੀ ਅਤੇ ਉਹ ਉਸ ਨਾਲ ਦਿਲੋਂ ਖਾਰ ਖਾਂਦਾ ਸੀ।
ਹਾਦਸੇ ਵਾਲੇ ਦਿਨ ਜਰਨੈਲ ਸਿੰਘ ਦੇ ਸਾਲੇ ਸੰਜੀਵ ਸਿੰਘ ਪੁੱਤਰ ਕਰਮ ਸਿੰਘ ਵਾਸੀ ਮਲਕ ਦੀ ਜਾਗੋ ਜੋ ਕਿ ਮਲਕ ਪਿੰਡ ਵਿੱਚ ਉਹਨਾਂ ਦੇ ਗ੍ਰਹਿ ਵਿਖੇ ਚੱਲ ਰਹੀ ਸੀ ਅਤੇ ਪਰਮਿੰਦਰ ਸਿੰਘ ਆਪਣੇ ਸਾਥੀਆਂ ਨਾਲ ਜਾਗੋ ਵਿੱਚ ਸ਼ਾਮਿਲ ਹੋਣ ਲਈ ਆਇਆ ਸੀ। ਜਦੋਂ ਜਾਗੋ ਉੱਪਰ ਡੀਜੇ ਦੀ ਉੱਚੀ ਆਵਾਜ਼ ਵਿੱਚ ਸਭ ਲੋਕ ਨੱਚ ਰਹੇ ਸਨ ਤਾਂ ਜਰਨੈਲ ਸਿੰਘ ਨੇ ਆਪਣੀ ਲਾਇਸਂਸੀ ਪਸਤੌਲ ਨਾਲ ਮਿਥੀ ਗਿੱਥੀ ਸਾਜਿਸ਼ ਦੇ ਅਧੀਨ ਪਰਮਿੰਦਰ ਸਿੰਘ ਵੱਲ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤਾ। ਜਿਸ ਤੇ ਪਰਮਿੰਦਰ ਸਿੰਘ ਲੜਖੜਾ ਕੇ ਗਿਰ ਗਿਆ ਅਤੇ ਜਰਨੈਲ ਸਿੰਘ ਨੇ ਆਪਣਾ ਰਿਵਾਲਵਰ ਆਪਣੇ ਬੱਚੇ ਨੂੰ ਪਕੜਾ ਦਿੱਤਾ ਜਿਸ ਤੇ ਇੰਝ ਲੱਗੇ ਕਿ ਗੋਲੀ ਬੱਚੇ ਕੋਲੋਂ ਅਚਾਨਕ ਚੱਲੀ ਹੈ। ਪਰ ਪੁਲਿਸ ਦੀ ਬਰੀਕੀ ਨਾਲ ਕੀਤੀ ਗਈ ਤਫ਼ਤੀਸ਼ ਅੰਦਰ ਸਭ ਕੁਝ ਸਾਹਮਣੇ ਆ ਗਿਆ ਅਤੇ ਦੋਸ਼ੀ ਜਰਨੈਲ ਸਿੰਘ ਨੂੰ ਕਾਬੂ ਕਰਕੇ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕਰ ਲਿਤਾ ਗਿਆ ਹੈ।