ਨਗਰ ਕੌਂਸਲ ਨੇ ਲੈਹਲੀ ਨੇੜਲਾ ਸ਼ਰਾਬ ਦਾ ਠੇਕਾ ਢਾਹਿਆ
- ਪਰ ਕਈ ਸਵਾਲ ਖੜ੍ਹੇ ਕਰ ਗਿਆ ਢਾਹਿਆ ਠੇਕਾ
ਮਲਕੀਤ ਸਿੰਘ ਮਲਕਪੁਰ
ਲਾਲੜੂ 6 ਅਪ੍ਰੈਲ 2025: ਪਿਛਲੇ ਕਈ ਸਾਲਾਂ ਤੋਂ ਨਗਰ ਕੌਂਸਲ ਲਾਲੜੂ ਅਧੀਨ ਪੈਂਦੇ ਪਿੰਡ ਲੈਹਲੀ ਦੇ ਨੇੜੇ ਵਾਲੀ ਸਰਕਾਰੀ ਜ਼ਮੀਨ ਵਿਚ ਗੈਰ ਕਾਨੂੰਨੀ ਤੌਰ ਉਤੇ ਖੁੱਲ੍ਹਿਆ ਸ਼ਰਾਬ ਦਾ ਠੇਕਾ ਆਖਰ ਹਲਕਾ ਵਿਧਾਇਕ ਦੀ ਦਖਲਅੰਦਾਜ਼ੀ ਉਪਰੰਤ ਢਾਹ ਦਿੱਤਾ ਗਿਆ। ਠੇਕਾ ਤਾਂ ਭਾਵੇਂ ਉੱਥੋਂ ਢਾਹ ਦਿੱਤਾ ਗਿਆ ਪਰ ਜਾਂਦਿਆਂ -ਜਾਂਦਿਆਂ ਇਹ ਠੇਕਾ ਖੁਦ ਕਈ ਸਵਾਲ ਖੜ੍ਹੇ ਕਰ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਅੰਬਾਲਾ-ਚੰਡੀਗੜ੍ਹ ਰੋਡ ਉਪਰ ਪਿੰਡ ਲੈਹਲੀ ਨੇੜੇ ਨਗਰ ਕੌਂਸਲ ਦੀ ਜ਼ਮੀਨ ਵਿਚ ਇੱਕ ਸ਼ਰਾਬ ਦਾ ਠੇਕਾ ਖੁੱਲ੍ਹਿਆ ਹੋਇਆ ਸੀ । ਇਸ ਠੇਕੇ ਨੂੰ ਲੈ ਕੇ ਲੋਕ ਲੰਮੇ ਸਮੇਂ ਤੋਂ ਇਤਰਾਜ਼ ਕਰ ਰਹੇ ਸਨ ਪਰ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਹੋ ਰਹੀ ਸੀ । ਲੰਘੀ 04 ਅਪ੍ਰੈਲ ਨੂੰ ਨਗਰ ਕੌਂਸਲ ਦੀ ਮੀਟਿੰਗ ਵਿੱਚ ਵਾਰਡ ਨੰਬਰ -2 ਤੋਂ ਕਾਂਗਰਸੀ ਕੋਂਸਲਰ ਬਲਕਾਰ ਸਿੰਘ ਦੱਪਰ ਨੇ ਇਹ ਮਸਲਾ ਵਿਧਾਇਕ ਸਾਹਮਣੇ ਉਠਾਇਆ , ਜਿਨ੍ਹਾਂ ਤੁਰੰਤ ਇਸ ਮਾਮਲੇ ਵਿਚ ਨਗਰ ਕੌਂਸਲ ਨੂੰ ਕਾਰਵਾਈ ਦੇ ਹੁਕਮ ਦਿੱਤੇ , ਜਿਸ ਉਪਰੰਤ ਇਸ ਠੇਕੇ ਨੂੰ ਢਾਹ ਦਿੱਤਾ ਗਿਆ।
ਇਸ ਮਾਮਲੇ ਵਿਚ ਹਲਕਾ ਵਿਧਾਇਕ ਵੱਲੋਂ ਕੀਤੀ ਕਾਰਵਾਈ ਦੀ ਜਿੱਥੇ ਹਰ ਪਾਸੇ ਸ਼ਲਾਘਾ ਹੋ ਰਹੀ ਹੈ ,ਉੱਥੇ ਲੋਕ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਜੇਕਰ ਇਹ ਠੇਕਾ ਗੈਰ ਕਾਨੂੰਨੀ ਸੀ ਤਾਂ ਪਿਛਲੇ ਲੰਮੇਂ ਸਮੇਂ ਤੋਂ ਇਹ ਠੇਕਾ ਇਸ ਜ਼ਮੀਨ ਵਿਚ ਕਿਸ ਦੀ ਸ਼ਹਿ ਨਾਲ ਚੱਲ ਰਿਹਾ ਸੀ । ਕਿ ਇਸ ਠੇਕੇ ਤੋਂ ਨਗਰ ਕੌਂਸਲ ਕੋਲ ਕੋਈ ਕਿਰਾਇਆ ਆਉਂਦਾ ਸੀ ਜਾਂ ਨਹੀਂ ? ਆਮ ਲੋਕਾਂ ਨੇ ਹਲਕਾ ਵਿਧਾਇਕ ਤੋਂ ਇਸ ਠੇਕੇ ਦੇ ਐਨੇ ਸਮਾਂ ਇੱਥੇ ਰੱਖੇ ਜਾਣ ਦੇ ਮਾਮਲੇ ਦੀ ਅਸਲ ਸੱਚਾਈ ਪਤਾ ਲਗਾਉਣ ਲਈ ਜਾਂਚ ਦੀ ਮੰਗ ਕੀਤੀ ਹੈ । ਇਸ ਸਬੰਧੀ ਸੰਪਰਕ ਕਰਨ ਉਤੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਇਸ ਠੇਕੇ ਉਤੇ ਵਾਹਨ ਖੜ੍ਹਨ ਕਾਰਨ ਕਈ ਮੌਤਾਂ ਵੀ ਹੋਈਆਂ ਹਨ ਤੇ ਇਸ ਸਬੰਧੀ ਕੁੱਝ ਲੋਕਾਂ ਨੇ ਸ਼ਿਕਾਇਤ ਵੀ ਕੀਤੀ ਸੀ । ਇਸ ਠੇਕੇ ਦੀ ਸਥਾਪਤੀ ਦੀ ਜਾਂਚ ਸਬੰਧੀ ਕੀਤੀ ਜਾ ਰਹੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਉਹ ਜਲਦ ਹੀ ਇਸ ਮਾਮਲੇ ਦੀ ਤਹਿ ਤੱਕ ਜਾਣਗੇ।
ਦੂਜੇ ਪਾਸੇ ਇਸ ਸਬੰਧੀ ਸੰਪਰਕ ਕਰਨ ਉਤੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਬਖਸ਼ੀਸ਼ ਸਿੰਘ ਸੰਧੂ ਨੇ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਇਸ ਮਾਮਲੇ ਵਿਚ ਕਾਰਵਾਈ ਕਰਨ ਸਬੰਧੀ ਹੁਕਮ ਦੇਣ ਤੋਂ ਬਾਅਦ ਠੇਕੇ ਵਾਲੇ ਨੂੰ ਆਪਣਾ ਸਾਮਾਨ ਚੁੱਕਣ ਲਈ ਕਿਹਾ ਗਿਆ ਸੀ,ਜੋ ਉਸ ਨੇ ਚੁੱਕ ਲਿਆ ਤੇ ਫਿਰ ਕੌਂਸਲ ਦੇ ਅਮਲੇ ਨੇ ਇਹ ਠੇਕਾ ਢਾਹ ਦਿੱਤਾ । ਉਨ੍ਹਾਂ ਇਹ ਵੀ ਕਿਹਾ ਕਿ ਠੇਕੇ ਤੋਂ ਕੌਂਸਲ ਨੂੰ ਕੋਈ ਆਮਦਨ ਨਹੀਂ ਹੁੰਦੀ ਸੀ।