ਪੁਲਿਸ ਨੇ ਲੋਕਾਂ ਨਾਲ ਹੋਈ ਸਾਈਬਰ ਠੱਗੀ ਦੀ 78 ਲੱਖ ਤੋਂ ਵੱਧ ਦੀ ਰਾਸ਼ੀ ਵਾਪਸ ਕਰਵਾਈ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ , 6 ਅਪ੍ਰੈਲ 2025: ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮੁਕਤਸਰ ਸਾਹਿਬ ਅਖਿਲ ਚੌਧਰੀ ਦੀ ਅਗਵਾਈ ਹੇਠ ਮੁਕਤਸਰ ਪੁਲਿਸ ਨੇ ਲੋਕਾਂ ਨਾਲ ਹੋਈ ਸਾਈਬਰ ਠੱਗੀ ਦੀ 78 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਵਾਪਸ ਕਰਵਾਈ ਹੈ । ਐਸਐਸਪੀ ਮੁਕਤਸਰ ਨੇ ਦੱਸਿਆ ਕਿ ਅੱਜ ਦੇ ਡਿਜੀਟਲ ਯੁੱਗ ਵਿੱਚ, ਜਿੱਥੇ ਸਾਡੀ ਜ਼ਿੰਦਗੀ ਇੰਟਰਨੈੱਟ ਨਾਲ ਜੁੜੀ ਹੋਈ ਹੈ, ਉੱਥੇ ਹੀ ਸਾਈਬਰ ਅਪਰਾਧੀ ਵੀ ਨਵੇਂ-ਨਵੇਂ ਤਰੀਕਿਆਂ ਨਾਲ ਲੋਕਾਂ ਨੂੰ ਧੋਖਾ ਦੇ ਰਹੇ ਹਨ ਤੇ ਆਮ ਲੋਕਾਂ ਦੀ ਮਿਹਨਤ ਦੀ ਕਮਾਈ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪਬਲਿਕ ਨੂੰ ਸਾਈਬਰ ਠੱਗਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ। ਓਹਨਾ ਦੱਸਿਆ ਕਿ ਸਾਈਬਰ ਅਪਰਾਧੀ ਆਮ ਤੌਰ ਤੇ ਬੈਂਕ ਕਰਮਚਾਰੀ ਬਣ ਕੇ ਫ਼ੋਨ ਕਰਦੇ ਹਨ ਅਤੇ ਕਿਸੇ ਐਮਰਜੈਂਸੀ ਦਾ ਬਹਾਨਾ ਲਗਾ ਕੇ ਪਬਲਿਕ ਤੋਂ OTP ਜਾਂ ਬੈਂਕ ਖਾਤੇ ਦੀ ਜਾਣਕਾਰੀ ਮੰਗਦੇ ਹਨ, ਅਣਜਾਣ ਨੰਬਰਾਂ ਤੋਂ KYC ਅੱਪਡੇਟ ਕਰਨ ਲਈ SMS ਜਾਂ WhatsApp 'ਤੇ ਲਿੰਕ ਆਉਂਦੇ ਹਨ।
ਉਹਨਾਂ ਕਿਹਾ ਕਿ ਇਹਨਾਂ ਲਿੰਕਾਂ 'ਤੇ ਕਲਿੱਕ ਕਰਨ ਨਾਲ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਹੋ ਸਕਦੀ ਹੈ। ਸਾਈਬਰ ਅਪਰਾਧੀ ਕਿਸੇ ਵੱਡੇ ਇਨਾਮ ਜਾਂ ਲਾਟਰੀ ਦਾ ਲਾਲਚ ਦਿੰਦੇ ਹਨ ਅਤੇ ਇਨਾਮ ਲੈਣ ਲਈ ਤੁਹਾਨੂੰ ਕੁਝ ਰਕਮ ਜਿਵੇਂ ਕਿ ਪ੍ਰੋਸੈਸਿੰਗ ਫੀਸ ਜਾਂ ਟੈਕਸ ਭਰਨੀ ਪਵੇਗੀ, ਇਹ ਕਹਿ ਕੇ ਠੱਗੀ ਮਾਰਦੇ ਹਨ, ਏਸੇ ਤਰਾਂ ਠੱਗ ਤੁਹਾਡੇ Facebook ਜਾਂ WhatsApp ਅਕਾਊਂਟ ਨੂੰ ਹੈਕ ਕਰਕੇ ਤੁਹਾਡੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਪੈਸੇ ਦੀ ਮੰਗ ਵਾਲੇ ਸੁਨੇਹੇ ਭੇਜਦੇ ਹਨ, ਆਨਲਾਈਨ ਸ਼ਾਪਿੰਗ ਦੇ ਨਾਮ ਤੇ ਫਰਜੀ ਵੈੱਬਸਾਈਟਾਂ ਬਣਾ ਕੇ ਸਸਤੇ ਭਾਅ 'ਤੇ ਸਾਮਾਨ ਵੇਚਣ ਦਾ ਦਾਅਵਾ ਕਰਦੇ ਹਨ। ਇਸ ਤਰਾ ਹੀ ਠੱਗ ਤੁਹਾਨੂੰ ਸਿੰਪਲ ਫੋਨ ਕਾਲ ਕਰਦੇ ਹਨ ਅਤੇ ਇਸ ਕਾਲ ਦੌਰਾਨ ਹੀ ਤੁਹਾਨੂੰ ਇਕ ਹੋਰ ਕਾਲ ਆ ਜਾਂਦੀ ਹੈ ਜੋ ਕਿ otp ਦੀ ਕਾਲ ਹੁੰਦੀ ਹੈ ਜਿਸਨੂੰ ਓਹ ਰਸਿਵ ਕਰਨ ਲਈ ਕਹਿੰਦੇ ਹਨ ਤੇ ਇਸ ਕਾਨਫਰੰਸ ਕਾਲ ਦੌਰਾਨ ਤੁਹਾਡਾ otp ਸੁਣ ਲੈਂਦੇ ਹਨ ਤੇ ਤੁਹਾਡਾ ਬੈਂਕ ਖਾਤਾ ਸਾਫ ਕਰ ਦਿੰਦੇ ਹਨ।
ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਜੇਕਰ ਉਹ ਕਿਸੇ ਸਾਈਬਰ ਫਰਾਡ ਦਾ ਸ਼ਿਕਾਰ ਹੋ ਜਾਂਦੇ ਹਨ ਤਾਂ ਤੁਰੰਤ ਹੈਲਪਲਾਈਨ ਨੰਬਰ 1930 'ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਜਾਂ ਰਾਸ਼ਟਰੀ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ 'ਤੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਅਤੇ ਸਾਰੇ ਸਬੂਤ (SMS, ਈਮੇਲ, ਸਕ੍ਰੀਨਸ਼ਾਟ, ਲੈਣ-ਦੇਣ ਦੇ ਵੇਰਵੇ ਆਦਿ) ਨੂੰ ਸੰਭਾਲ ਕੇ ਰੱਖਣ ਤਾਂ ਜੋ ਕਾਨੂੰਨੀ ਕਾਰਵਾਈ ਲਈ ਸ਼ਹਾਦਤ ਇਕੱਠੀ ਕੀਤੀ ਜਾ ਸਕੇ। ਜ਼ਿਲ੍ਹਾ ਪੁਲਿਸ ਸਾਈਬਰ ਠੱਗੀ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਸਾਲ 2025 ਦੌਰਾਨ ਜ਼ਿਲ੍ਹੇ ਵਿੱਚ ਸਾਈਬਰ ਠੱਗੀ ਦੇ ਮਾਮਲਿਆਂ ਵਿੱਚੋਂ ਜ਼ਿਲ੍ਹਾ ਸਾਈਬਰ ਸੈੱਲ ਦੀ ਮੁਸਤੈਦੀ ਸਦਕਾ ਲਗਭਗ 78,49,093/- ਰੁਪਏ ਦੀ ਰਕਮ ਰਿਫੰਡ ਕਰਵਾਈ ਗਈ ਹੈ। ਜਿਲਾ ਸਾਈਬਰ ਸੈੱਲ, ਜਿਸਦੀ ਅਗਵਾਈ ਤਜਰਬੇਕਾਰ ਅਧਿਕਾਰੀਆਂ ਦੁਆਰਾ ਕੀਤੀ ਜਾ ਰਹੀ ਹੈ, ਦਿਨ ਰਾਤ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਜਿਲਾ ਪੁਲਿਸ ਵੱਲੋ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਸਕੂਲਾਂ, ਕਾਲਜਾਂ ਅਤੇ ਪਿੰਡ ਪੱਧਰ 'ਤੇ ਲਾਈਵ ਡੈਮੋ, ਸੈਮੀਨਾਰ ਅਤੇ ਜਾਗਰੂਕਤਾ ਰੈਲੀਆਂ ਕੀਤੀਆਂ ਜਾ ਰਹੀਆਂ ਹਨ।