ਕਿਸਾਨ ਮੋਰਚੇ ਦੇ ਸੱਦੇ ਤੇ ਵਿਧਾਇਕਾਂ ਦੇ ਘਰਾਂ ਅੱਗੇ ਪੂਰਾ ਦਿਨ ਹੋਈ ਜ਼ਿੰਦਾਬਾਦ-ਮੁਰਦਾਬਾਦ
ਅਸ਼ੋਕ ਵਰਮਾ
ਬਠਿੰਡਾ, 10 ਮਾਰਚ 2025: ਸੰਯੁਕਤ ਕਿਸਾਨ ਮੋਰਚਾ (ਭਾਰਤ) ਵੱਲੋਂ 10 ਮਾਰਚ ਨੂੰ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੇਣ ਦੇ ਦਿੱਤੇ ਸੱਦੇ ਤਹਿਤ ਅੱਜ ਮੋਰਚੇ ਚ ਸ਼ਾਮਿਲ ਜਥੇਬੰਦੀਆਂ ਵੱਲੋਂ ਹਲਕਾ ਮੌੜ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ, ਹਲਕਾ ਰਾਮਪੁਰਾ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ,ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਬਲਜਿੰਦਰ ਕੌਰ , ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ, ਹਲਕਾ ਸ਼ਹਿਰੀ ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾਇਕ ਅਮਿੱਤ ਰਤਨ ਦੇ ਘਰਾਂ ਜਾਂ ਦਫਤਰਾਂ 11 ਵਜੇ ਤੋਂ 3 ਵਜੇ ਤੱਕ ਧਰਨਾ ਦੇ ਕੇ ਆਪਣਾ ਰੋਸ ਜ਼ਾਹਿਰ ਕੀਤਾ ।
ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨਬੂਟਾ ਸਿੰਘ ਬੁਰਜ ਗਿੱਲ,ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ , ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਗੁਰਦੀਪ ਸਿੰਘ ਰਾਮਪੁਰਾ , ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ ਧਾਲੀਵਾਲ,ਬੀਕੇਯੂ ਮਾਲਵਾ ਦੇ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਬੱਲ੍ਹੋ, ਬੀਕੇਯੂ ਮਾਨਸਾ ਦੇ ਸੂਬਾ ਜਨਰਲ ਸਕੱਤਰ ਬੇਅੰਤ ਸਿੰਘ ਮਹਿਮਾ ਸਰਜਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਸਵਰਨ ਸਿੰਘ ਪੂਹਲੀ ਨੇ ਕਿਹਾ ਕਿ ਤਿੰਨ ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੋਰਚੇ ਦੇ ਸੂਝਵਾਨ ਤੇ ਤਜਰਬੇਕਾਰ ਕਿਸਾਨ ਆਗੂਆਂ ਨਾਲ ਤਲਖੀ ਭਰੇ ਲਹਿਜੇ ਨਾਲ ਗਲਤ ਵਰਤਾਓ ਕਰਕੇ ਕਾਰਪਰੇਟ ਪੱਖੀ ਹੋਣ ਦਾ ਸਬੂਤ ਦਿੱਤਾ ਹੈ
ਉਹਨਾਂ ਕਿਹਾ ਕਿ ਕਿਸਾਨ ਲਹਿਰ ਨੂੰ ਦਬਾਉਣ ਲਈ ਪੁਲਿਸ ਦੀਆਂ ਧਾੜਾਂ ਵੱਲੋਂ ਆਗੂਆਂ ਦੇ ਘਰਾਂ ਵਿੱਚ ਅੱਧੀ ਰਾਤ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਗਈ ਪ੍ਰੰਤੂ ਇੰਨੇ ਜਿਆਦਾ ਦਹਿਸ਼ਤ ਦੇ ਮਾਹੌਲ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਔਰਤਾਂ ਸਮੇਤ ਸੜਕਾਂ ਤੇ ਆਏ ਜਿਸ ਤੋਂ ਬਾਅਦ ਗਿਰਫਤਾਰ ਕੀਤੇ ਕਿਸਾਨ, ਥਾਣਿਆ ਜਾਂ ਜੇਲਾਂ ਵਿੱਚ ਜੋ ਬੰਦ ਸਨ ਨੂੰ ਬਿਨਾਂ ਸ਼ਰਤ ਅੱਧੀ ਰਾਤ ਨੂੰ ਰਿਹਾਅ ਕਰਨਾ ਪਿਆ। ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸ਼ਰੇਆਮ ਝੂਠ ਮਾਰਿਆ ਜਾ ਰਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਪੰਜਾਬ ਸਰਕਾਰ ਨਾਲ ਨਹੀਂ ਬਲਕਿ ਮ ਕੇਂਦਰ ਸਰਕਾਰ ਨਾਲ ਸੰਬੰਧਿਤ ਹਨ।
ਉਹਨਾਂ ਕਿਹਾ ਕਿ ਨਵੀਂ ਖੇਤੀ ਨੀਤੀ ਬਣਾ ਕੇ ਲਾਗੂ ਕਰਨਾ, ਖੇਤਾਂ ਲਈ ਨਹਿਰੀ ਪਾਣੀ ਦਾ ਪ੍ਰਬੰਧ ਕਰਨਾ, ਹੜ੍ਹਾਂ ਤੇ ਮੀਹ ਦੇ ਪਾਣੀ ਦੇ ਪੁਖਤਾ ਪ੍ਰਬੰਧ ਕਰਨਾ, ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨਾ, ਝੋਨਾ, ਕਣਕ ਸਮੇਤ ਸਾਰੀਆਂ ਫਸਲਾਂ ਦੀ ਖਰੀਦ ਪ੍ਰਬੰਧ ਕਰਨਾ ਸਮੇਤ ਹੋਰ ਮੰਗਾਂ ਜਿਨਾਂ ਤੇ ਮੁੱਖ ਮੰਤਰੀ ਵੱਲੋਂ ਦੋ ਘੰਟੇ ਵਿਚਾਰ ਚਰਚਾ ਕੀਤੀ ਗਈ ਹੈ,ਪੰਜਾਬ ਸਰਕਾਰ ਨਾਲ ਹੀ ਸਬੰਧ ਹਨ ਜਿਨਾਂ ਦਾ 15 ਮਾਰਚ ਨੂੰ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ (ਡੰਮੀ) ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਡਿਬੇਟ ਕਰਕੇ ਲੋਕਾਂ ਸਾਹਮਣੇ ਮੁੱਖ ਮੰਤਰੀ ਦਾ ਝੂਠ ਨੰਗਾ ਕੀਤਾ ਜਾਵੇਗਾ ।ਉਹਨਾਂ ਕਿਹਾ ਕਿ ਜੇਕਰ ਇਹਨਾਂ ਧਰਨਿਆਂ ਤੋਂ ਬਾਅਦ ਵੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਲਾਗੂ ਨਾ ਕੀਤੀਆਂ ਤਾਂ ਆਉਂਦੇ ਦਿਨਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੋਰ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਅੱਜ ਦੇ ਧਰਨਿਆਂ ਨੂੰ ਸ਼ਿੰਗਾਰਾ ਸਿੰਘ ਮਾਨ ਬੀ ਕੇ ਯੂ ਉਗਰਾਹਾ, ਜਸਵੀਰ ਸਿੰਘ ਆਕਲੀਆ ਕੁੱਲ ਹਿੰਦ ਕਿਸਾਨ ਸਭਾ, ਬਲਦੇਵ ਸਿੰਘ ਭਾਈ ਰੂਪਾ ਬੀਕੇਯੂ ਡਕੌਂਦਾ, ਜਗਜੀਤ ਸਿੰਘ ਕੋਟਸ਼ਮੀਰ ਬੀਕੇਯੂ ਮਾਲਵਾ, ਮਲਕੀਤ ਸਿੰਘ ਬਠਿੰਡਾ ਜਮਹੂਰੀ ਕਿਸਾਨ ਸਭਾ, ਕਿਸਾਨ ਆਗੂ ਅਮਰਜੀਤ ਸਿੰਘ ਹਨੀ, ਜਗਸੀਰ ਸਿੰਘ ਝੁੰਬਾ ਬਲਾਕ ਆਗੂ ਬੀਕੇਯੂ ਉਗਰਾਹਾਂ, ਬਲਵਿੰਦਰ ਸਿੰਘ ਗੰਗਾ ਬੀਕੇਯੂ ਮਾਨਸਾ ਦਰਸ਼ਨ ਸਿੰਘ ਫੁਲੋ ਮਿੱਠੀ ਕੁਲ ਹਿੰਦ ਕਿਸਾਨ ਸਭਾ, ਅੱਜ ਦੇ ਇਕੱਠਾਂ ਨੂੰ ਭਰਾਤਰੀ ਜਥੇਬੰਦੀਆਂ ਤੋਂ ਕ੍ਰਾਂਤੀਕਾਰੀ ਸੈਨਿਕ ਯੂਨੀਅਨ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾ ਆਗੂ ਮਿੱਠੂ ਸਿੰਘ ਘੁਦਾ, ਮੱਖਣ ਸਿੰਘ ਗੁਰੂਸਰ,ਸੁਖਦੇਵ ਸਿੰਘ ਕੁੱਬੇ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਪ੍ਰਕਾਸ਼, ਔਰਤਾਂ ਨੂੰ ਦੇ ਸੂਬਾ ਆਗੂ ਹਰਿੰਦਰ ਕੌਰ ਬਿੰਦੂ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਗਜੀਤ ਸਿੰਘ ਲਹਿਰਾਖਾਨਾ ਨੇ ਵੀ ਹਾਜ਼ਰੀ ਲਵਾਈ।