ਕਿਤਾਬਾਂ ਨਾਲ ਕਰੋ ਪਿਆਰ, ਇਹ ਜ਼ਿੰਦਗੀ ਦੇਣ ਸਵਾਰ
ਲੁਧਿਆਣਾ 6 ਮਈ,2025 - ਨਿਰਦੇਸ਼ਕ ਵਿਦਿਆਰਥੀ ਭਲਾਈ ਦਫ਼ਤਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਯੰਗ ਰਾਈਟਰਜ਼ ਐਸੋਸੀਏਸ਼ਨ ਦੁਆਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਕਿਤਾਬਾਂ ਪੜ੍ਹਣ ਦੀ ਰੂਚੀ ਨੂੰ ਵਧਾਉਣ ਲਈ ਇਕ ਸਾਹਿਤਕ ਮੁਕਾਬਲਾ ‘ਮੈਨੂੰ ਇਹ ਕਿਤਾਬ ਕਿਉਂ ਚੰਗੀ ਲੱਗੀ’ ਮਿਤੀ 07-05-2025 ਨੂੰ ਸ਼ਾਮ 4 ਵਜੇ ਸ਼ਹੀਦ ਭਗਤ ਸਿੰਘ ਆਡੀਟੋਰੀਅਮ ਵਿਦਿਆਰਥੀ ਭਵਨ, ਪੀ.ਏ.ਯੂ., ਲੁਧਿਆਣਾ ਵਿਖੇ ਆਯੋਜਿਤ ਕੀਤਾ ਜਾਵੇਗਾ।
ਨਿਰਦੇਸ਼ਕ ਵਿਦਿਆਰਥੀ ਭਲਾਈ ਪੀ.ਏ.ਯੂ. ਡਾ ਨਿਰਮਲ ਜੋੜਾ ਜੀ ਨੇ ਦੱਸਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਣਯੋਗ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਜੀ ਦੀ ਸਰਪ੍ਰਸਤੀ ਹੇਠ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਉੱਘੇ ਚਿੰਤਕ ਅਤੇ ਪੱਤਰਕਾਰ ਸ੍ਰੀ ਜਤਿੰਦਰ ਪੰਨੂੰ ਜੀ ਮੁੱਖ ਮਹਿਮਾਨ ਹੋਣਗੇ ਅਤੇ ਡਾ. ਰਿਸ਼ੀਪਾਲ ਸਿੰਘ (ਆਈ.ਏ.ਐੱਸ.) ਰਜਿਸਟਰਾਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਸ਼ੇਸ਼ ਮਹਿਮਾਨ ਹੋਣਗੇ।
ਐਸੋਸੀਏਟ ਡਾਇਰੈਕਟਰ ਕਲਚਰ, ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਵੱਖ-ਵੱਖ ਲੇਖਕਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਵਿਦਿਆਰਥੀ ਭਵਨ ਤੋਂ ਪ੍ਰਾਪਤ ਕੀਤੀਆਂ ਹਨ ਅਤੇ ਇਹਨਾਂ ਨੂੰ ਪੂਰਾ ਪੜ੍ਹਨ ਉਪਰੰਤ ਆਪਣੇ ਵਿਚਾਰ ਉਸ ਕਿਤਾਬ ਬਾਰੇ ਸਾਰਿਆਂ ਨਾਲ ਸਾਂਝੇ ਕਰਨਗੇ। ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਪਹਿਲਾ, ਦੂਸਰਾ ਅਤੇ ਤੀਸਰੇ ਇਨਾਮ ਦੇ ਨਾਲ-ਨਾਲ ਵਿਸ਼ੇਸ਼ ਇਨਾਮ ਵੀ ਤਕਸੀਮ ਕੀਤੇ ਜਾਣਗੇ।
ਯੰਗ ਰਾਈਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਬਿਕਰਮਜੀ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਅਧਿਕਾਰੀ, ਅਧਿਆਪਕ, ਕਰਮਚਾਰੀ ਅਤੇ ਵਿਦਿਆਰਥੀ ਵੀ ਹਿੱਸਾ ਲੈਣਗੇ।