ਕੀ ਗੰਦਗੀ ਨੂੰ ਕਲਾ ਦਾ ਨਾਮ ਦਿੱਤਾ ਜਾ ਸਕਦਾ ਹੈ.....?
ਜਦੋਂ ਸਮਾਜ ਦੀ ਨੈਤਿਕਤਾ ਨੂੰ ਦਹਿੱਲੀਜ ਤੋਂ ਬਾਹਰ ਸੁੱਟ ਦਿੱਤਾ ਜਾਂਦਾ ਹੈ, ਜਦੋਂ ਸੰਸਕਾਰਾਂ ਦੀ ਚਿਤਾ ਜਲਾਈ ਜਾਂਦੀ ਹੈ, ਅਤੇ ਜਦੋਂ ਲਾਜ-ਸ਼ਰਮ ਨੂੰ ਉਤਾਰ ਕੇ ਹੰਕਾਰ ਨਾਲ ਨੰਗਪੁਣੇ ਨੂੰ ਮਨੋਰੰਜਨ ਬਣਾਇਆ ਜਾਂਦਾ ਹੈ, ਤਾਂ ਇਹ ਸਵਾਲ ਜਰੂਰ ਉੱਠਦਾ ਹੈ ਕਿ ਕੀ ਇਹ ਕਲਾ ਹੈ ਜਾਂ ਕੇਵਲ ਗੰਦਗੀ ਰਾਹੀ ਕਮਾਈ ਦਾ ਸਾਧਨ ? ਇਜਾਜ਼ ਖਾਨ ਦਾ "ਹਾਊਸ ਅਰੈਸਟ" ਨਾਮਕ ਡਿਜੀਟਲ ਸ਼ੋਅ, ਜੋ ਆਮ ਲੋਕਾਂ ਨੂੰ ਮਨੋਰੰਜਨ ਦੇ ਨਾਂਅ 'ਤੇ ਪੇਸ਼ ਕੀਤਾ ਜਾ ਰਿਹਾ ਹੈ, ਅਸਲ ਵਿੱਚ ਸਮਾਜਕ ਵਿਗਾੜ ਅਤੇ ਅਨੈਤਿਕਤਾ ਦਾ ਬੇਸ਼ਰਮੀ ਭਰਿਆ ਰੂਪ ਹੈ। ਇਹ ਸ਼ੋਅ ਮਨੋਰੰਜਨ ਨਹੀਂ, ਬਲਕਿ ਡਿਜੀਟਲ ਅਸ਼ਲੀਲਤਾ ਅਤੇ ਅਨੈਤਿਕ ਬੇਸ਼ਰਮੀ ਦਾ ਇੱਕ ਖ਼ਤਰਨਾਕ ਅੱਡਾ ਹੈ। ਇਸ ਸ਼ੋਅ ਦੀਆਂ ਘਟਨਾਵਾਂ, ਜਿਵੇਂ ਕਿ ਇੱਕ ਐਪੀਸੋਡ ਵਿੱਚ ਕੁੜੀ ਨੂੰ ਕੱਪੜੇ ਉਤਾਰਨ ਲਈ ਕਿਹਾ ਜਾਣਾ ਅਤੇ ਉਸ ਤੋਂ ਬਾਅਦ ਬਾਕੀ ਸਾਥੀਆਂ ਵੱਲੋਂ ਹੱਸ-ਹੱਸ ਕੇ ਸੀਟੀਆਂ ਤੇ ਤਾੜੀਆਂ ਵਜਾਉਣ ਵਾਲੀਆਂ ਘਟਨਾਵਾਂ, ਸਿਰਫ਼ ਮਨੋਰੰਜਨ ਨਹੀਂ ਸਗੋਂ ਸਮਾਜ ਦੀ ਨੈਤਿਕ ਹੱਦਾਂ ਨੂੰ ਪਾਰ ਕਰਨ ਵਾਲੇ ਦ੍ਰਿਸ਼ ਹਨ। ਇਹਨਾਂ ਦ੍ਰਿਸ਼ਾਂ ਨੂੰ ਨਾਂ ਸਿਰਫ ਰਿਕਾਰਡ ਕੀਤਾ ਜਾਂਦਾ ਹੈ, ਸਗੋਂ ਸੋਸ਼ਲ ਮੀਡੀਆ, ਯੂਟਿਊਬ, ਅਤੇ ਹੋਰ ਪਲੇਟਫਾਰਮਾਂ ਉੱਤੇ ਵੀ ਖੁੱਲ੍ਹੇਆਮ ਅਪਲੋਡ ਕੀਤਾ ਜਾਂਦਾ ਹੈ, ਤਾਂ ਜੋ ਹੋਰ ਲੋਕ ਵੀ ਇਸ ਗੰਦਗੀ ਦਾ ਹਿੱਸਾ ਬਣ ਸਕਣ।
ਇਥੇ ਇਹ ਸਵਾਲ ਉੱਠਣਾ ਲਾਜਮੀ ਹੈ ਕਿ ਅਜਿਹੀ ਸਮੱਗਰੀ ਨੂੰ ਮਨਜ਼ੂਰੀ ਕਿਉਂ ਮਿਲੀ? ਕੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ, ਨੈਤਿਕਤਾਵਾਂ ਨੂੰ ਕੁਚਲਣ ਵਾਲੇ ਅਤੇ ਸਮਾਜਕ ਤਾਣੇਬਾਣੇ ਨੂੰ ਤੋੜਨ ਵਾਲੇ ਅਜਿਹੇ ਸ਼ੋਅ ਕਿਸ ਤਰੀਕੇ ਨਾਲ ਚਲਦੇ ਰਹਿੰਦੇ ਹਨ? ਜਦੋਂ ਕਿ "ਇੰਡੀਆ ਗੌਟ ਲੈਟੈਂਟ" ਵਰਗੇ ਸ਼ੋਅ ਨੂੰ ਅਭੱਦਰ ਭਾਸ਼ਾ ਅਤੇ ਗੰਦਗੀ ਭਰੀ ਸਮੱਗਰੀ ਦੇ ਆਧਾਰ 'ਤੇ ਤੁਰੰਤ ਬੰਦ ਕਰ ਦਿੱਤਾ ਗਿਆ ਸੀ, ਤਾਂ "ਹਾਊਸ ਅਰੈਸਟ" ਨੂੰ ਇਜਾਜ਼ਤ ਕਿਵੇਂ ਮਿਲ ਗਈ? ਅਸਲ ਵਿਚ, ਇਹ ਸਿਰਫ਼ ਇੱਕ ਸ਼ੋਅ ਨਹੀਂ, ਸਗੋਂ ਡਿਜੀਟਲ ਯੁੱਗ ਦੀ ਇੱਕ ਵਿਗਿਆਨਿਕ ਮਹਾਮਾਰੀ ਹੈ। ਇਸ ਸ਼ੋਅ ਜਿਹੀਆਂ ਸਮੱਗਰੀਆਂ, ਜੋ ਸੈਕਸ਼ੁਅਲ ਵਿਸ਼ਿਆਂ, ਅਸ਼ਲੀਲ ਭਾਸ਼ਾ ਅਤੇ ਨੰਗੇ ਦ੍ਰਿਸ਼ਾਂ 'ਤੇ ਆਧਾਰਤ ਹੁੰਦੀਆਂ ਹਨ, ਕਦੇ ਵੀ ਕਲਾ ਨਹੀਂ ਹੋ ਸਕਦੀਆਂ। ਕਲਾ ਉਹ ਹੁੰਦੀ ਹੈ ਜੋ ਜੀਵਨ ਨੂੰ ਦਰਸਾਵੇ, ਸਮਾਜ ਨੂੰ ਸੋਚਣ ਉਤਸ਼ਾਹਿਤ ਕਰੇ ਅਤੇ ਨਵੀਆਂ ਦਿਸ਼ਾਵਾਂ ਦੇਵੇ। ਪਰ ਇਹ ਜੋ ਕੁਝ ਵੀ ਪੇਸ਼ ਕੀਤਾ ਜਾ ਰਿਹਾ ਹੈ, ਇਹ ਤਾਂ ਬਸ ਸੰਵੇਦਨਾਵਾਂ ਦੀ ਕਤਲਗਾਹ ਹੈ।
ਹਾਊਸ ਅਰੈਸਟ ਸ਼ੋਅ ਦੀਆਂ ਥੀਮਾਂ ਨੂੰ "ਬੋਲਡ" ਕਹਿ ਕੇ ਪਰੋਸਣਾ, ਅਸਲ ਵਿੱਚ ਲੋਕਾਂ ਨੂੰ ਹੋਲੀ-ਹੋਲੀ ਬੇਸ਼ਰਮ ਬਣਾਉਣ ਦੀ ਯੋਜਨਾ ਹੈ। ਜਦੋਂ ਬੇਸ਼ਰਮੀ ਨੂੰ ਕੂਲ ਕਹਿ ਦਿੱਤਾ ਜਾਂਦਾ ਹੈ, ਜਦੋਂ ਨੰਗਪੁਣੇ ਨੂੰ ਆਰਟ ਕਿਹਾ ਜਾਂਦਾ ਹੈ ਅਤੇ ਜਦੋਂ ਅਨੈਤਿਕਤਾ ਨੂੰ ਮਨੋਰੰਜਨ ਦਾ ਚੋਲਾ ਪਹਿਨਾ ਦਿੱਤਾ ਜਾਂਦਾ ਹੈ, ਤਾਂ ਇਹ ਸਮਾਜ ਦੀ ਅਰਥੀ ਬਨ ਜਾਂਦੀ ਹੈ ਜੋ ਅੰਦਰੋਂ ਅੰਦਰ ਸੜ ਰਹੀ ਹੁੰਦੀ ਹੈ। ਹੋਰ ਚਿੰਤਾਜਨਕ ਗੱਲ ਇਹ ਹੈ ਕਿ ਅਜਿਹੇ ਸ਼ੋਅ ਨੂੰ ਦੇਖਣ ਵਾਲੇ ਦਰਸ਼ਕ ਵੀ ਆਖਿਰਕਾਰ ਉਸੇ ਮਨੋਵ੍ਰਿੱਤੀ ਦੇ ਹੋ ਜਾਂਦੇ ਹਨ। ਉਹ ਜੋ ਅੱਜ ਬਸ "ਕੰਟੈਂਟ" ਦੇ ਨਾਂਅ ਤੇ ਵੇਖ ਰਹੇ ਹਨ, ਕੱਲ੍ਹ ਨੂੰ ਉਹੀ ਕੁਝ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਹਨ। ਬੱਚੇ, ਨੌਜਵਾਨ ਅਤੇ ਆਮ ਪਰਿਵਾਰ ਜਦੋਂ ਇਹੋ-ਜਿਹੀਆਂ ਸਮੱਗਰੀਆਂ ਨੂੰ ਆਮ ਸਮਝਣ ਲੱਗ ਜਾਂਦੇ ਹਨ ਤਾਂ ਫਿਰ ਨੈਤਿਕਤਾ ਅਤੇ ਸੰਸਕਾਰ ਹੌਲੀ-ਹੌਲੀ ਮਿਟਦੇ ਚਲੇ ਜਾਂਦੇ ਹਨ। ਇਹ ਇਕ ਇਹੋ-ਜਿਹੀ ਬਿਮਾਰੀ ਹੈ ਜੋ ਦਿੱਖਦੀ ਨਹੀਂ ਪਰ ਅੰਦਰ ਹੀ ਅੰਦਰ ਸੋਚਾਂ ਨੂੰ ਗਲਾ ਦਿੰਦੀ ਹੈ।
ਇਹ ਵੀ ਸਮਝਣਾ ਲਾਜ਼ਮੀ ਹੈ ਕਿ ਆਜ਼ਾਦੀ ਦੇ ਮਤਲਬ ਕੁਝ ਵੀ ਕਰਨ ਦੀ ਆਜ਼ਾਦੀ ਨਹੀਂ ਹੁੰਦੀ। ਜਿਵੇਂ ਰੋਡ ਤੇ ਗੱਡੀ ਚਲਾਉਣ ਦੀ ਆਜ਼ਾਦੀ ਹੁੰਦੀ ਹੈ, ਪਰ ਕਿਸੇ ਨੂੰ ਕੁਚਲਣ ਦੀ ਨਹੀਂ, ਓਸੇ ਤਰ੍ਹਾਂ ਕਲਾ ਦੀ ਆਜ਼ਾਦੀ ਵੀ ਲਾਜ਼ਮੀ ਹੈ, ਪਰ ਸਮਾਜਕ ਮਰਿਆਦਾਵਾਂ ਦੀ ਲਕੀਰ ਤੋਂ ਉਪਰ ਨਹੀਂ। "ਹਾਊਸ ਅਰੈਸਟ" ਅਤੇ ਅਜਿਹੇ ਹੋਰ ਸ਼ੋਅ ਕਲਾ ਨਹੀਂ, ਪ੍ਰਸਾਰਨਯੋਗ ਮਨੋਰੰਜਨ ਨਹੀਂ, ਇਹ ਡਿਜੀਟਲ ਕੂੜੇ ਦੇ ਢੇਰ ਹਨ ਜੋ ਸਮਾਜਕ ਸੜਨ ਦਾ ਕਾਰਣ ਬਣ ਰਹੇ ਹਨ। ਇਸ ਤਰ੍ਹਾਂ ਦੀ ਸਮੱਗਰੀ ਸਿਰਫ਼ ਲੋਕਾਂ ਦੀ ਦਿਲਚਸਪੀ ਖਿੱਚਣ ਲਈ ਨਹੀਂ ਬਣਾਈ ਜਾਂਦੀ, ਇਹ ਪੈਸਾ ਕਮਾਉਣ ਦੇ ਹਥਿਆਰ ਬਣਾਏ ਜਾਂਦੇ ਹਨ। ਕਿਉਂਕਿ ਸ਼ਰਮਨਾਕ ਅਤੇ ਉਤੇਜਕ ਵਿਡੀਓਜ਼, ਕੁਝ ਹੌਟ ਸਥਿਤੀਆਂ ਅਤੇ ਦਿਲਚਸਪ ਕਲਿੱਪਿੰਗਜ਼ ਜ਼ਿਆਦਾ ਦਿੱਖ ਜਾਂ ਲਾਈਕਸ ਖਿੱਚਦੀਆਂ ਹਨ ਅਤੇ ਇਸ ਨਾਲ ਪੈਸਾ ਆਉਂਦਾ ਹੈ। ਪਰ ਇਸ ਦੀ ਕੀਮਤ ਸਮਾਜ ਨੂੰ ਨੈਤਿਕ ਮਰਨ ਦੇ ਰੂਪ ਵਿੱਚ ਚੁਕਾਉਣੀ ਪੈਂਦੀ ਹੈ।
ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਅਜਿਹੇ ਅਨੈਤਿਕ ਪ੍ਰਸਾਰ ਨੂੰ ਤੁਰੰਤ ਰੋਕਿਆ ਜਾਵੇ। ਜਿਵੇਂ ਪਿਛਲੇ ਕੁਝ ਸ਼ੋਅ ਬੰਦ ਕੀਤੇ ਗਏ, ਓਸੇ ਤਰ੍ਹਾਂ "ਹਾਊਸ ਅਰੈਸਟ" ਵਰਗੇ ਸ਼ੋਅ ਉੱਤੇ ਵੀ ਤੁਰੰਤ ਰੋਕ ਲਗਾਈ ਜਾਵੇ। ਨਾਲ ਹੀ, ਅਜਿਹੀ ਸਮੱਗਰੀ ਨੂੰ ਬਣਾਉਣ ਵਾਲੇ, ਪ੍ਰਸਾਰਿਤ ਕਰਨ ਵਾਲੇ ਅਤੇ ਉਨ੍ਹਾਂ ਵਿਚ ਹਿੱਸਾ ਲੈਣ ਵਾਲਿਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਇੱਕ ਮਿਸਾਲ ਸੈੱਟ ਹੋ ਸਕੇ। ਸਭ ਤੋਂ ਵੱਡੀ ਜ਼ਿੰਮੇਵਾਰੀ ਦਰਸ਼ਕਾਂ ਦੀ ਵੀ ਬਣਦੀ ਹੈ। ਜੋ ਕੁਝ ਤੁਸੀਂ ਵੇਖਦੇ ਹੋ, ਉਹ ਹੀ ਪਲੇਟਫਾਰਮ ਬਣਾਉਂਦੇ ਹਨ। ਜੇ ਤੁਸੀਂ ਅਜਿਹੀ ਗੰਦਗੀ ਦੇਖਣ ਤੋਂ ਇਨਕਾਰ ਕਰ ਦਿਓ, ਤਾਂ ਇਹ ਸ਼ੋਅ ਆਪਣੇ ਆਪ ਬੰਦ ਹੋ ਜਾਣਗੇ। ਸਮਾਜ ਦੀ ਸਿਹਤਮੰਦ ਸੋਚ ਲਈ ਇਹ ਲਾਜ਼ਮੀ ਹੈ ਕਿ ਅਸੀਂ ਅਜਿਹੇ ਸ਼ੋਅ ਦਾ ਵਿਰੋਧ ਕਰੀਏ, ਨਾ ਕੇ ਉਨ੍ਹਾਂ ਨੂੰ ਵਧਾਵਾ ਦਈਏ।
ਸਮਾਪਤੀ ਵਜੋਂ, ਇਹ ਕਹਿਣਾ ਬਿਲਕੁਲ ਠੀਕ ਰਹੇਗਾ ਕਿ ਹਾਊਸ ਅਰੈਸਟ ਵਰਗੇ ਸ਼ੋਅ ਕਦੇ ਵੀ ਕਲਾ ਨਹੀਂ ਹੋ ਸਕਦੇ। ਇਹ ਨੈਤਿਕਤਾ ਦੇ ਕਾਤਿਲ ਹਨ, ਸੰਸਕਾਰਾਂ ਦੇ ਦੁਸ਼ਮਣ ਹਨ ਅਤੇ ਸਮਾਜਕ ਅਸਥਿਰਤਾ ਦੇ ਬੀਜ ਹਨ। ਜੇਕਰ ਅਸੀਂ ਸਮਾਜ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਾਂ, ਤਾਂ ਅਜਿਹੇ ਬੇਸ਼ਰਮੀ ਭਰੇ ਅਸਮਾਜਿਕ ਅਤੇ ਅਨੈਤਿਕ ਸ਼ੋਅ ਨੂੰ ਤੁਰੰਤ ਰੋਕਣਾ ਹੋਵੇਗਾ। ਕਿਉਂਕਿ ਗੰਦਗੀ ਕਦੇ ਵੀ ਕਲਾ ਨਹੀਂ ਹੋ ਸਕਦੀ, ਉਹ ਸਿਰਫ਼ ਗੰਦਗੀ ਹੀ ਰਹਿੰਦੀ ਹੈ - ਚਾਹੇ ਓਹ ਸੋਨੇ ਦੀ ਥਾਲੀ ਵਿੱਚ ਕਿਉਂ ਨਾ ਪਰੋਸੀ ਜਾਵੇ।

liberalthinker1621@gmail.com
ਸੰਦੀਪ ਕੁਮਾਰ-7009807121
ਐਮ.ਸੀ.ਏ, ਐਮ.ਏ ਮਨੋਵਿਗਆਨ
ਰੂਪਨਗਰ
-1746446094682.jpg)
-
ਸੰਦੀਪ ਕੁਮਾਰ, ਐਮ.ਸੀ.ਏ, ਐਮ.ਏ ਮਨੋਵਿਗਆਨ
liberalthinker1621@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.