ਲੌਂਗੋਵਾਲ ਨੂੰ ਮਿਲਿਆ ਸਿਹਤ ਦਾ ਨਵਾਂ ਤੋਹਫ਼ਾ - 11 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਸੀ.ਐਚ.ਸੀ. ਹਸਪਤਾਲ, ਅਮਨ ਅਰੋੜਾ ਨੇ ਰੱਖਿਆ ਨੀਂਹ ਪੱਥਰ
- ਪੰਜਾਬ ਵਿੱਚ ਸਿਹਤ ਕਰਾਂਤੀ ਦੀ ਨਵੀਂ ਲਹਿਰ: ਹਰ ਪਿੰਡ ਵਿੱਚ ਪਹੁੰਚ ਰਹੀਆਂ ਹਨ ਸੁਪਰ ਸਪੈਸ਼ਲ ਸਹੂਲਤਾਂ
- ਨਸ਼ਾ ਤਸਕਰਾਂ ਵਿਰੁੱਧ ਜਾਰੀ ਰਹੇਗੀ ਬੁਲਡੋਜ਼ਰ ਕਾਰਵਾਈ, ਪੀੜਤ ਪਰਿਵਾਰ ਪੁਲਿਸ ਤੇ ਕਰ ਰਹੇ ਹਨ ਫੁੱਲਾਂ ਦੀ ਵਰਖਾ
- 881 ਆਮ ਆਦਮੀ ਕਲੀਨਿਕਾਂ ਅਤੇ 13 ਜਿ਼ਲਿਆਂ ਵਿੱਚ ਕਰਿਟੀਕਲ ਕੇਅਰ ਬਲਾਕਾਂ ਨੇ ਸਿਹਤ ਸੇਵਾਵਾਂ ਦੀ ਨੁਹਾਰ ਬਦਲੀ
ਚੰਡੀਗੜ੍ਹ /ਸੰਗਰੂਰ (ਲੌਂਗਵਾਲ) . 4 ਮਈ 2025 - ਪੰਜਾਬ ਸਰਕਾਰ ਨੇ ਹਰ ਪਿੰਡ ਤੱਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਆਪਣੇ ਉਦੇਸ਼ ਨੂੰ ਹੋਰ ਮਜ਼ਬੂਤ ਕਰਦੇ ਹੋਏ, ਸੰਗਰੂਰ ਜਿਲੇ ਦੇ ਲੌਂਗੋਵਾਲ ਕਸਬੇ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ। ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਇੱਥੇ 11 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 30 ਬਿਸਤਰਿਆਂ ਵਾਲੇ ਕਮਿਊਨਿਟੀ ਹੈਲਥ ਸੈਂਟਰ (ਸੀਐਚਸੀ) ਦਾ ਨੀਂਹ ਪੱਥਰ ਰੱਖਿਆ। ਇਹ ਸਿਹਤ ਕੇਂਦਰ ਭਾਰਤੀ ਜਨਤਕ ਸਿਹਤ ਮਿਆਰਾਂ (ਆਈਪੀਐਚਐਸ) ਦੇ ਅਨੁਸਾਰ ਹੋਵੇਗਾ ਅਤੇ ਬਲਾਕ ਪੱਧਰ ਤੇ ਲਗਭਗ 1.92 ਲੱਖ ਦੀ ਆਬਾਦੀ ਨੂੰ ਲਾਭ ਪਹੁੰਚਾਏਗਾ। ਕਮਿਊਨਿਟੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਅਮਨ ਅਰੋੜਾ ਦਾ ਲੌਂਗੋਵਾਲ ਪਹੁੰਚਣ ਤੇ ਜੋਰਦਾਰ ਢੰਗ ਨਾਲ ਸਵਾਗਤ ਕੀਤਾ ਗਿਆ। ਇਲਾਕੇ ਦੀਆਂ ਇੱਕ ਦਰਜਨ ਤੋਂ ਵੱਧ ਪੇਂਡੂ ਪੰਚਾਇਤਾਂ ਦੇ ਸਰਪੰਚਾਂ—ਪੰਚਾਂ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਵੀ ਅਮਨ ਅਰੋੜਾ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ।
ਸਿਹਤਮੰਦ ਪੰਜਾਬ ਪ੍ਰਤੀ ਵਚਨਬੱਧਤਾ
ਸਿਹਤ ਕੇਂਦਰ ਦਾ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਪੰਜਾਬ ਸਿਹਤ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਪੰਜਾਬ ਦੇ ਸਿਹਤ ਮਾਡਲ ਦੀ ਪ੍ਰਸ਼ੰਸਾ ਅੱਜ ਨਾ ਕੇਵਲ ਭਾਰਤ ਵਿੱਚ ਸਗੋਂ ਦੇਸ਼ਾਂ—ਵਿਦੇਸ਼ਾਂ ਵਿੱਚ ਵੀ ਹੋ ਰਹੀ ਹੈ। ਆਉਣ ਵਾਲੇ ਸਮੇਂ ਵਿੱਚ, ਹੋਰ ਸਿਹਤ ਕੇਂਦਰ, ਮੋਬਾਈਲ ਸਿਹਤ ਯੂਨਿਟ ਅਤੇ ਟੈਲੀਮੈਡੀਸਨ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ, ਤਾਂ ਜੋ ਪੰਜਾਬ ਦੇ ਹਰ ਨਾਗਰਿਕ ਲਈ ਮਿਆਰੀ ਇਲਾਜ ਮੁਹੱਈਆ ਕਰਾਇਆ ਜਾ ਸਕੇ। ਅਮਨ ਅਰੋੜਾ ਨੇ ਕਿਹਾ ਕਿ ਸਾਰਿਆਂ ਲਈ ਬਰਾਬਰ ਅਤੇ ਮਿਆਰੀ ਸਿਹਤ ਸੰਭਾਲ ਦੇ ਸੁਪਨੇ ਨੂੰ ਸਾਕਾਰ ਕਰਨ ਲਈ, ਪਿੰਡਾਂ ਅਤੇ ਕਸਬਿਆਂ ਵਿੱਚ ਸਿਹਤ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਨਾਲ ਨਾ ਸਿਰਫ਼ ਸਮੇਂ ਸਿਰ ਇਲਾਜ ਸੰਭਵ ਹੋਵੇਗਾ ਸਗੋਂ ਪੇਂਡੂ ਲੋਕਾਂ ਦੀਆਂ ਵਿੱਤੀ ਅਤੇ ਮਾਨਸਿਕ ਪਰੇਸ਼ਾਨੀਆਂ ਵੀ ਘੱਟ ਹੋਣਗੀਆਂ।
30 ਬਿਸਤਰਿਆਂ ਵਾਲੇ ਇਸ ਹਸਪਤਾਲ ਵਿੱਚ ਹੋਣਗੀਆਂ ਹਰ ਤਰ੍ਹਾਂ ਦੀਆਂ ਓਪੀਡੀ ਸਹੂਲਤਾਂ
ਅਮਨ ਅਰੋੜਾ ਨੇ ਕਿਹਾ ਕਿ ਪਹਿਲਾਂ ਜਦੋਂ ਉਹ ਲੌਂਗੋਵਾਲ ਆਏ ਸਨ ਤਾਂ ਸਥਾਨਕ ਲੋਕਾਂ ਨੇ ਇਸ ਹਸਪਤਾਲ ਦੀ ਕੰਧ ਲਈ ਗਰਾਂਟ ਦੀ ਮੰਗ ਕੀਤੀ ਸੀ। ਲੋਕਾਂ ਦੀ ਮੰਗ ਤੇ, ਸਰਕਾਰ ਨੇ 38 ਲੱਖ ਰੁਪਏ ਜਾਰੀ ਕੀਤੇ, ਪਰ ਉਸੇ ਦਿਨ ਮੈਂ ਲੌਂਗੋਵਾਲ ਵਿੱਚ ਅਤਿ—ਆਧੁਨਿਕ ਸਹੂਲਤਾਂ ਵਾਲਾ ਇੱਕ ਨਵਾਂ ਹਸਪਤਾਲ ਬਣਾਉਣ ਦਾ ਫੈਸਲਾ ਕਰ ਲਿਆ ਸੀ। ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਉਹ ਸੰਕਲਪ ਪੂਰਾ ਹੋਣ ਜਾ ਰਿਹਾ ਹੈ ਅਤੇ ਜਲਦੀ ਹੀ ਲੌਂਗੋਵਾਲ ਵਿੱਚ ਸਟਰੀਟ ਲਾਈਟਾਂ ਦਾ ਨੈੱਟਵਰਕ ਵਿਛਾਇਆ ਜਾਵੇਗਾ। ਇੱਕ ਵਾਰ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ, ਲੌਂਗੋਵਾਲ ਵਿੱਚ ਹਰ ਰਾਤ ਦੀਵਾਲੀ ਵਰਗਾ ਨਜ਼ਾਰਾ ਹੋਵੇਗਾ।
ਪੰਜਾਬ ਵਿੱਚ ਕਿਸੇ ਵੀ ਨਸ਼ਾ ਤਸਕਰ ਨੂੰ ਬਖਸਿ਼ਆ ਨਹੀਂ ਜਾਵੇਗਾ
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਜਨਤਾ ਦੇ ਹਿੱਤਾਂ ਲਈ ਕਈ ਇਤਿਹਾਸਕ ਫੈਸਲੇ ਲਏ ਗਏ ਹਨ। ਕਿਸਾਨਾਂ ਦੀ ਸਹੂਲਤ ਲਈ, ਅਸੀਂ ਦਿਨ ਵੇਲੇ ਖੇਤੀਬਾੜੀ ਖੇਤਰ ਨੂੰ ਲੋੜੀਂਦੀ ਬਿਜਲੀ ਸਪਲਾਈ ਪ੍ਰਦਾਨ ਕਰ ਰਹੇ ਹਾਂ। ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ, ਜਦੋਂ ਕਿਸੇ ਸਰਕਾਰ ਨੇ ਖੁਦ ਕੋਈ ਨਿੱਜੀ ਥਰਮਲ ਪਲਾਂਟ ਖਰੀਦਿਆ ਹੈ। ਪੰਜਾਬ ਵਿੱਚ ਲੋਕਾਂ ਦੀ ਲੁੱਟ ਨੂੰ ਰੋਕਣ ਲਈ 18 ਟੋਲ ਪਲਾਜ਼ੇ ਬੰਦ ਕੀਤੇ ਗਏ, 58 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਸ਼ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਲਈ ਸਭ ਤੋਂ ਵੱਡਾ ਸਰਾਪ ਨਸ਼ੇ ਦਾ ਹੈ ਅਤੇ ਹੁਣ ਪੰਜਾਬ ਸਰਕਾਰ ਉਸ ਲਾਹਣਤ ਨੂੰ ਜੜੋਂ ਖਤਮ ਕਰਨ ਵਿੱਚ ਲੱਗੀ ਹੋਈ ਹੈ।
ਅੱਜ ਪੂਰੇ ਪੰਜਾਬ ਵਿੱਚ ਨਸਿ਼ਆਂ ਵਿਰੁੱਧ ਜੰਗ ਚੱਲ ਰਹੀ ਹੈ, ਪਰ ਸਰਕਾਰ ਇਸ ਵਿੱਚ ਉਦੋਂ ਤੱਕ ਸਫਲ ਨਹੀਂ ਹੋ ਸਕਦੀ ਜਦੋਂ ਤੱਕ ਪੰਜਾਬ ਦਾ ਹਰ ਪਰਿਵਾਰ ਅਤੇ ਨਾਗਰਿਕ ਉਸ ਜੰਗ ਵਿੱਚ ਸ਼ਾਮਲ ਨਹੀਂ ਹੁੰਦਾ। ਅਮਨ ਅਰੋੜਾ ਨੇ ਸਪੱਸ਼ਟ ਕੀਤਾ ਕਿ ਮਾਨ ਸਰਕਾਰ ਉਨਾਂ ਲੋਕਾਂ ਨੂੰ ਕਿਸੇ ਵੀ ਕੀਮਤ ਤੇ ਮੁਆਫ ਨਹੀਂ ਕਰੇਗੀ ਜਿਨਾਂ ਨੇ ਨਸ਼ੇ ਵੇਚ ਕੇ ਪੰਜਾਬ ਦੇ ਕਈ ਪਰਿਵਾਰਾਂ ਨੂੰ ਤਬਾਹ ਕੀਤਾ ਹੈ। ਪੰਜਾਬ ਵਿੱਚ ਅੱਜ ਨਸ਼ਾ ਤਸਕਰਾਂ ਦੇ ਘਰਾਂ *ਤੇ ਕੀਤੀ ਜਾ ਰਹੀ ਬੁਲਡੋਜ਼ਰ ਕਾਰਵਾਈ ਦੌਰਾਨ ਕਈ ਥਾਵਾਂ *ਤੇ ਪੀੜਤ ਪਰਿਵਾਰ ਪੁਲਿਸ *ਤੇ ਫੁੱਲਾਂ ਦੀ ਵਰਖਾ ਕਰਦੇ ਦੇਖੇ ਗਏ। ਇਹ ਸਪੱਸ਼ਟ ਹੈ ਕਿ ਅੱਜ ਪੰਜਾਬ ਨਸਿ਼ਆਂ ਵਿਰੁੱਧ ਜੰਗ ਵਿੱਚ ਭਗਵੰਤ ਮਾਨ ਸਰਕਾਰ ਦੇ ਨਾਲ ਖੜ੍ਹਾ ਹੈ।
ਸਿਹਤ ਸੇਵਾਵਾਂ ਵਿੱਚ ਆਵੇਗਾ ਬਦਲਾਅ
ਅਮਨ ਅਰੋੜਾ ਨੇ ਕਿਹਾ ਕਿ ਇਸ ਆਧੁਨਿਕ ਸੀਐਚਸੀ ਦੇ ਨਿਰਮਾਣ ਨਾਲ ਹੁਣ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਦੂਰ—ਦੁਰਾਡੇ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਵੱਲ ਨਹੀਂ ਭੱਜਣਾ ਪਵੇਗਾ। ਇਸ ਕਮਿਊਨਿਟੀ ਹੈਲਥ ਸੈਂਟਰ ਵਿੱਚ ਆਮ ਲੋਕਾਂ ਦੀ ਸਹੂਲਤ ਲਈ ਓਪੀਡੀ, ਜਨਰਲ ਵਾਰਡ, ਮੈਟਰਨਿਟੀ ਸਹੂਲਤਾਂ, ਮੁੱਢਲੀਆਂ ਸਰਜੀਕਲ ਸੇਵਾਵਾਂ, ਲੈਬ ਟੈਸਟ ਅਤੇ ਐਮਰਜੈਂਸੀ ਡਾਕਟਰੀ ਸਹੂਲਤਾਂ ਉਪਲਬਧ ਹੋਣਗੀਆਂ।
1.92 ਲੱਖ ਆਬਾਦੀ ਲਈ ਨਵੇਂ ਸੀਐਚਸੀ
ਇਹ ਸੀਐਚਸੀ ਇੱਕ ਬਲਾਕ ਪੱਧਰੀ ਸਿਹਤ ਸਹੂਲਤ ਵਜੋਂ ਕੰਮ ਕਰੇਗਾ, ਜੋ ਲਗਭਗ 1.92 ਲੱਖ ਦੀ ਆਬਾਦੀ ਨੂੰ ਸੇਵਾਵਾਂ ਪ੍ਰਦਾਨ ਕਰੇਗਾ। ਪੁਰਾਣੀ ਇਮਾਰਤ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਜਾਵੇਗਾ ਅਤੇ ਭਾਰਤੀ ਜਨਤਕ ਸਿਹਤ ਮਿਆਰਾਂ ਅਨੁਸਾਰ ₹10.97 ਕਰੋੜ ਦੀ ਲਾਗਤ ਨਾਲ ਦੁਬਾਰਾ ਬਣਾਇਆ ਜਾਵੇਗਾ।
881 ਆਮ ਆਦਮੀ ਕਲੀਨਿਕ ਮਜ਼ਬੂਤ ਸਿਹਤ ਸੰਭਾਲ ਦੇ ਪ੍ਰਤੀਕ
ਜੇਕਰ ਅਸੀਂ ਪੰਜਾਬ ਦੇ ਸਿਹਤ ਖੇਤਰ ਦੀ ਗੱਲ ਕਰੀਏ ਤਾਂ ਲੌਂਗੋਵਾਲ ਸੀਐਚਸੀ ਤੋਂ ਇਲਾਵਾ, ਕਈ ਮਹੱਤਵਪੂਰਨ ਅਤੇ ਵੱਡੇ ਪ੍ਰੋਜੈਕਟ ਹਨ, ਜਿਨਾਂ ਕਾਰਨ ਸੂਬੇ ਦੇ ਸਿਹਤ ਖੇਤਰ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਗਈ ਹੈ। ਭਗਵੰਤ ਮਾਨ ਸਰਕਾਰ ਦੇ ਯਤਨਾਂ ਦੀ ਗੱਲ ਕਰੀਏ ਤਾਂ ਪਿਛਲੇ 3 ਸਾਲਾਂ ਦੌਰਾਨ ਸੂਬੇ ਵਿੱਚ 881 ਆਮ ਆਦਮੀ ਕਲੀਨਿਕ ਸਥਾਪਿਤ ਕੀਤੇ ਗਏ ਹਨ, ਜਿੱਥੇ ਮਰੀਜ਼ਾਂ ਨੂੰ 80 ਜ਼ਰੂਰੀ ਦਵਾਈਆਂ ਅਤੇ 46 ਕਿਸਮ ਦੇ ਟੈਸਟ ਮੁਫ਼ਤ ਦਿੱਤੇ ਜਾ ਰਹੇ ਹਨ। ਇਨਾਂ ਕਲੀਨਿਕਾਂ ਵਿੱਚ ਹੁਣ ਤੱਕ 3.25 ਕਰੋੜ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ, ਹੁਣ ਤੱਕ ਇਨਾਂ ਕਲੀਨਿਕਾਂ ਵਿੱਚ 1.40 ਕਰੋੜ ਤੋਂ ਵੱਧ ਮੈਡੀਕਲ ਟੈਸਟ ਪੂਰੀ ਤਰਾਂ ਮੁਫਤ ਕੀਤੇ ਗਏ ਹਨ।
ਮਾਂ ਅਤੇ ਬੱਚੇ ਦੀ ਸਿਹਤ ਨੂੰ ਉਤਸ਼ਾਹਿਤ ਕਰਨਾ
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਮਾਂ ਅਤੇ ਬੱਚੇ ਦੀ ਸਿਹਤ ਨੂੰ ਮਜ਼ਬੂਤ ਕਰਨ ਲਈ ਸੂਬੇ ਵਿੱਚ ਪੰਜ ਨਵੇਂ ਐਮਸੀਐਚ ਵੀ ਸਥਾਪਤ ਕੀਤੇ ਹਨ। ਜਗਰਾਉਂ, ਫਗਵਾੜਾ, ਬੁਢਲਾਡਾ, ਖਰੜ ਅਤੇ ਨਕੋਦਰ ਵਿੱਚ ਸ਼ੁਰੂ ਕੀਤੇ ਗਏ ਇਨਾਂ ਅਤਿ—ਆਧੁਨਿਕ ਹਸਪਤਾਲਾਂ ਤੇ ₹27.39 ਕਰੋੜ ਖਰਚ ਕੀਤੇ ਗਏ ਹਨ। ਇਸ ਦੇ ਨਾਲ ਹੀ, ਸਰਕਾਰ ਨੇ ਪੰਜਾਬ ਵਿੱਚ ਛੇ ਨਵੇਂ ਐਮਸੀਐਚ ਸੈਂਟਰ ਖੋਲਣ ਅਤੇ ਤਿੰਨ ਮੌਜੂਦਾ ਸੈਂਟਰਾਂ ਵਿੱਚ ਬਿਸਤਰਿਆਂ ਦੀ ਸਮਰੱਥਾ ਵਧਾਉਣ ਦਾ ਕੰਮ ਵੀ ਤੇਜ਼ੀ ਨਾਲ ਪੂਰਾ ਕਰ ਲਿਆ ਹੈ। ਪੰਜਾਬ ਦੇ ਸਿਹਤ ਮਾਡਲ ਨੂੰ ਮਜ਼ਬੂਤ ਕਰਨ ਲਈ ਇਸ ਪ੍ਰੋਜੈਕਟ *ਤੇ ਕੁੱਲ 73.84 ਕਰੋੜ ਖਰਚ ਕੀਤੇ ਗਏ ਹਨ।
ਪੰਜਾਬ ਸਿਹਤ ਪ੍ਰਣਾਲੀ ਵਿੱਚ ਕਰਾਂਤੀ ਲਿਆਉਣ ਵਾਲੇ ਪ੍ਰੋਜੈਕਟ
ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਪਨਾ ਹੈ ਕਿ ਲੋਕਾਂ ਨੂੰ ਪਿੰਡਾਂ ਤੋਂ ਸ਼ਹਿਰਾਂ ਤੱਕ ਸਿਹਤ ਸੇਵਾਵਾਂ ਲਈ ਦੂਰ—ਦੂਰਾਡੇ ਨਾ ਜਾਣਾ ਪਵੇ। ਇਸ ਲਈ, ਰਾਜ ਦੇ ਹਰ ਛੋਟੇ ਅਤੇ ਵੱਡੇ ਸ਼ਹਿਰ ਵਿੱਚ ਪ੍ਰਾਇਮਰੀ ਸਿਹਤ ਕੇਂਦਰਾਂ ਤੋਂ ਲੈ ਕੇ ਜਿਲਾ ਹਸਪਤਾਲਾਂ ਤੱਕ ਡਾਕਟਰੀ ਸੇਵਾਵਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ।
ਰਾਜ ਦੇ ਵੱਖ—ਵੱਖ ਸ਼ਹਿਰਾਂ ਵਿੱਚ ਬਣਾਏ ਜਾ ਰਹੇ ਇਹ ਸਾਰੇ ਨਵੇਂ ਸਿਹਤ ਕੇਂਦਰ 30 ਬਿਸਤਰਿਆਂ ਵਾਲੇ ਹੋਣਗੇ ਅਤੇ ਇਨਾਂ ਵਿੱਚ ਸਾਰੀਆਂ ਆਧੁਨਿਕ ਡਾਕਟਰੀ ਸਹੂਲਤਾਂ ਹੋਣਗੀਆਂ। 30 ਬਿਸਤਰਿਆਂ ਵਾਲੇ ਨਵੇਂ ਕੇਂਦਰਾਂ ਵਿੱਚ ਐਸ.ਡੀ.ਐਚ. ਨਾਭਾ (6.50 ਕਰੋੜ ਰੁਪਏ), ਸੀਐਚਸੀ ਰਾਏਕੋਟ ( 5.82 ਕਰੋੜ ਰੁਪਏ) ਅਤੇ ਡੀ.ਐਚ. ਫਰੀਦਕੋਟ (6.27 ਕਰੋੜ ਰੁਪਏ) ਸ਼ਾਮਲ ਹਨ।
ਇਸ ਤੋਂ ਇਲਾਵਾ, ਤਲਵੰਡੀ ਸਾਬੋ ਵਿੱਚ 6.61 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਨਵੇਂ ਐਸਡੀਐਚ ਦਾ ਕੰਮ ਲਗਭਗ 96 ਫੀਸਦ ਪੂਰਾ ਹੋ ਚੁੱਕਾ ਹੈ। ਪੱਟੀ ਵਿੱਚ 7.06 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਐਸਡੀਐਚ ਦਾ ਕੰਮ 97 ਫੀਸਦ ਤੱਕ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ, ਜਿ਼ਲਾ ਹਸਪਤਾਲ ਫਰੀਦਕੋਟ ਅਤੇ ਬਠਿੰਡਾ ਵਿੱਚ 13.24 ਕਰੋੜ ਰੁਪਏ ਦੀ ਲਾਗਤ ਨਾਲ ਵਿਸਥਾਰ ਦਾ ਕੰਮ ਪੂਰਾ ਹੋ ਗਿਆ ਹੈ। ਬਰਨਾਲਾ ਵਿੱਚ 5.11 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਵਿਸਥਾਰ 95 ਫੀਸਦ ਪੂਰਾ ਹੋ ਗਿਆ ਹੈ ਅਤੇ ਜਿਲਾ ਹਸਪਤਾਲ ਲੁਧਿਆਣਾ ਵਿੱਚ 13.01 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਵਿਸਥਾਰ ਪ੍ਰਗਤੀ ਅਧੀਨ ਹੈ। ਐਸਡੀਐਚ ਤਲਵੰਡੀ ਸਾਬੋ ਅਤੇ ਪੱਟੀ ਵਿੱਚ ਹਸਪਤਾਲ ਦੀ ਨਵੀ ਇਮਾਰਤ ਦਾ ਕੰਮ 97 ਫੀਸਦ ਪੂਰਾ ਹੋ ਗਿਆ ਹੈ।
ਪੰਜਾਬ ਸਰਕਾਰ ਨੇ ਹਾਲ ਹੀ ਵਿੱਚ 13.97 ਕਰੋੜ ਰੁਪਏ ਦੀ ਲਾਗਤ ਨਾਲ ਚਮਕੌਰ ਸਾਹਿਬ ਦੇ ਸੀਐਚਸੀ ਨੂੰ ਐਸਡੀਐਚ ਦਾ ਦਰਜਾ ਦਿੱਤਾ ਹੈ। ਧਨੌਲਾ, ਚੱਬੇਵਾਲ ਅਤੇ ਗਿੱਦੜਬਾਹਾ ਦੇ ਹਸਪਤਾਲਾਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ 15.07 ਕਰੋੜ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ।
13 ਜ਼ਿਲ੍ਹਿਆਂ ਵਿੱਚ ਕਰਿਟੀਕਲ ਕੇਅਰ ਬਲਾਕਾਂ ਦਾ ਨਿਰਮਾਣ
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ ਤਹਿਤ 236.97 ਕਰੋੜ ਦੀ ਲਾਗਤ ਨਾਲ 13 ਜਿ਼ਲਿਆਂ ਵਿੱਚ ਕਰਿਟੀਕਲ ਕੇਅਰ ਬਲਾਕ (ਸੀਸੀਬੀ) ਬਣਾਏ ਗਏ ਹਨ। ਬਠਿੰਡਾ, ਫਿਰੋਜ਼ਪੁਰ, ਫਾਜ਼ਿਲਕਾ, ਐਸ.ਬੀ.ਐਸ.ਨਗਰ, ਗੁਰਦਾਸਪੁਰ ਅਤੇ ਤਰਨਤਾਰਨ ਵਿੱਚ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਜਲੰਧਰ, ਪਟਿਆਲਾ, ਲੁਧਿਆਣਾ ਸਮੇਤ ਹੋਰ ਜਿ਼ਲਿਆਂ ਵਿੱਚ ਵੀ ਉਸਾਰੀ ਦਾ ਕੰਮ ਚੱਲ ਰਿਹਾ ਹੈ।
ਕਮਿਊਨਿਟੀ ਸਿਹਤ ਬੁਨਿਆਦੀ ਢਾਂਚੇ ਨੂੰ ਵੀ ਮਜ਼ਬੂਤ ਕੀਤਾ ਗਿਆ
ਪੰਜਾਬ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਰਾਜ ਵਿੱਚ ਕਮਿਊਨਿਟੀ ਸਿਹਤ ਬੁਨਿਆਦੀ ਢਾਂਚੇ ਨੂੰ ਲਗਾਤਾਰ ਮਜ਼ਬੂਤ ਕਰ ਰਹੀ ਹੈ। ਇਸ ਤਹਿਤ, ਹੁਣ ਤੱਕ, 17.6 ਕਰੋੜ ਦੀ ਲਾਗਤ ਨਾਲ 61 ਸਿਹਤ ਅਤੇ ਤੰਦਰੁਸਤੀ ਕੇਂਦਰਾਂ (ਐਚਡਬਲਿਊਸੀ) ਅਤੇ 12.76 ਕਰੋੜ ਦੀ ਲਾਗਤ ਨਾਲ 44 ਬਲਾਕ ਪਬਲਿਕ ਹੈਲਥ ਯੂਨਿਟਾਂ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ। ਇਸ ਦੇ ਨਾਲ ਹੀ, ਸੂਬੇ ਵਿੱਚ 79 ਐਚਡਬਲਿਊਸੀ ਅਤੇ 37 ਬਲਾਕ ਪਬਲਿਕ ਹੈਲਥ ਯੂਨਿਟ ਦੇ ਨਿਰਮਾਣ ਅਤੇ ਵਿਕਾਸ ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।