ਇੱਕ ਸੁਰਮਈ ਸ਼ਾਮ - ਸੁਰਜੀਤ ਪਾਤਰ ਦੇ ਨਾਂ
ਪੀਏਯੂ ਲੁਧਿਆਣਾ 6 ਮਈ, 2025 - ਪੀਏਯੂ ਨੇ ਖੇਤੀ ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਵਿਚ ‘ਡਾ ਸੁਰਜੀਤ ਪਾਤਰ ਚੇਅਰ’ ਸਥਾਪਿਤ ਕਰਨ ਦਾ ਮਾਣਮੱਤਾ ਉੱਦਮ ਕੀਤਾ ਹੈ। ਇਸ ਵਿਚ ਸਮੇਂ-ਸਮੇ, ਕਲਾ, ਸਾਹਿਤ ਅਤੇ ਸਭਿਆਚਾਰ ਨਾਲ ਸੰਬੰਧਿਤ ਪ੍ਰੋਗਰਾਮ ਕੀਤੇ ਜਾ ਰਹੇ ਹਨ। ਨੌਜਵਾਨਾਂ ਲਈ ਸਨਮਾਨ ਵੀ ਇਸ ਵਿਚ ਸ਼ਾਮਿਲ ਹੋਣਗੇ। ਅੱਠ ਮਈ ਨੂੰ ਡਾ. ਮਨਮੋਹਨ ਸਿੰਘ ਆਡੀਟੋਰੀਅ ਵਿਚ ਉਨ੍ਹਾਂ ਦੀ ਯਾਦ ਵਿਚ ਇੱਕ ਸੰਗੀਤਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਚੇਅਰਪਰਸਨ ਡਾ. ਜਗਦੀਸ਼ ਕੌਰ ਨੇ ਦੱਸਿਆ ਕਿ ਡਾ ਸੁਰਜੀਤ ਪਾਤਰ ਨੂੰ ਆਪਣੇ ਸ਼ਬਦਾਂ ਵਿਚ ਸਮਾਧੀ ਲਿਆਂ ਇੱਕ ਸਾਲ ਹੋ ਗਿਆ ਹੈ। ਡਾ ਸੁਰਜੀਤ ਪਾਤਰ ਚੇਅਰ ਵੱਲੋਂ (POETRISM ਅਤੇ ਕਾਰਜ ਸੰਸਥਾ ਦੇ ਸਹਿਯੋਗ ਨਾਲ) ਉਨ੍ਹਾਂ ਦੀ ਯਾਦ ਵਿਚ 8 ਮਈ, ਦਿਨ ਵੀਰਵਾਰ, ਸ਼ਾਮ 5 ਵਜੇ ਤੋਂ 7 ਵਜੇ ਤੱਕ ਡਾ. ਮਨਮੋਹਨ ਸਿੰਘ ਆਡੀਟੋਰੀਅਮ ਦੇ ਕਾਨਫਰੰਸ ਹਾਲ ਵਿੱਚ ਸਿਮਰਤੀ ਸਮਾਰੋਹ ਕੀਤਾ ਜਾ ਰਿਹਾ ਹੈ। ਇਹ ਇੱਕ ਸੁਰਮਈ ਸ਼ਾਮ ਹੋਵੇਗੀ ਜਿਸ ਵਿਚ ਉਨ੍ਹਾਂ ਦੀ ਕਵਿਤਾ ਦਾ ਗਾਇਨ, ਉਨ੍ਹਾਂ ਦੇ ਜੀਵਨ, ਕਲਾ ਅਤੇ ਦਰਸ਼ਨ ਬਾਰੇ ਗੱਲ ਹੋਵੇਗੀ। ਸ਼ਹਿਰ ਦੇ ਪਤਵੰਤੇ ਸੱਜਣਾਂ ਦੇ ਨਾਲ-ਨਾਲ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫ਼ਰ, ਕੈਮਲੂਪਸ ਯੂਨੀਵਰਸਿਟੀ, ਕੈਨੇਡਾ ਦੇ ਪ੍ਰੋਫ਼ੈਸਰ ਡਾਕਟਰ ਸੁਰਿੰਦਰ ਧੰਜਲ, ਉੱਘੇ ਚਿੰਤਕ ਅਮਰਜੀਤ ਗਰੇਵਾਲ ਅਤੇ ਡਾਕਟਰ ਸੁਰਜੀਤ ਪਾਤਰ ਦੇ ਪਰਿਵਾਰ ਦੇ ਮੈਂਬਰ ਵੀ ਇਸ ਵਿੱਚ ਸ਼ਾਮਿਲ ਹੋਣਗੇ। ਇਸ ਸਮਾਰੋਹ ਦੀ ਪ੍ਰਧਾਨਗੀ ਪੀਏਯੂ ਦੇ ਮਾਣਯੋਗ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਕਰਨਗੇ।