1984 ਸਿੱਖ ਕਤਲੇਆਮ: ਸੁਖਬੀਰ ਨੇ ਰਾਹੁਲ ਨੂੰ ਪੁੱਛਿਆ, ਕੀ ਤੁਸੀਂ ਪਿਛਲੇ 35 ਸਾਲਾਂ ਤੋਂ ਨਾਬਾਲਗ ਹੋ?
ਸਿੱਖ ਕੌਮ ਬਾਰੇ ਗੱਲ ਕਰਨ ਤੋਂ ਪਹਿਲਾਂ ਸਿੱਖਾਂ ਦੇ ਕਾਤਲਾਂ ਨੂੰ ਪਾਰਟੀ ਚੋਂ ਬਾਹਰ ਕਰੋ: ਸੁਖਬੀਰ ਬਾਦਲ ਨੇ ਰਾਹੁਲ ਗਾਂਧੀ ਨੂੰ ਆਖਿਆ
ਪੁੱਛਿਆ ਕਿ ਕੀ ਤੁਸੀਂ ਅਪਰੇਸ਼ਨ ਬਲੂ ਸਟਾਰ ’ਚ ਇੰਦਰਾ ਗਾਂਧੀ ਅਤੇ 1984 ਦੇ ਸਿੱਖ ਕਤਲੇਆਮ ਵਿਚ ਰਾਜੀਵ ਗਾਂਧੀ ਦਾ ਗੁਨਾਹ ਕਬੂਲ ਕਰੋਗੇ?
ਸ੍ਰੀ ਹਰਿਮੰਦਿਰ ਸਾਹਿਬ ’ਚ ਆਪਣੇ ਜਾਣ ਨੂੰ ਸਿੱਖਾਂ ‘ਤੇ ਅਹਿਸਾਨ ਵੱਜੋਂ ਨਾ ਵਰਤੋ
ਚੰਡੀਗੜ੍ਹ, 5 ਮਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਉਹਨਾਂ ਨੂੰ ਉਹਨਾਂ ਦੀ ਪਾਰਟੀ ਵੱਲੋਂ ਦਲੇਰ, ਬਹਾਦਰ ਤੇ ਦੇਸ਼ ਭਗਤ ਸਿੱਖ ਕੌਮ ਖਿਲਾਫ ਕੀਤੇ ਗੁਨਾਹਾਂ ਬਦਲੇ ’ਪਾਖੰਡੀ, ਝੂਠੇ ਤੇ ਆਧਾਰਹੀਣ’ ਸ਼ਬਦਾਂ ਦੀ ਵਰਤੋਂ ਕਰਨ ’ਤੇ ਅਨੇਕਾਂ ਸਵਾਲ ਕੀਤੇ।
ਰਾਹੁਲ ਗਾਂਧੀ ਵੱਲੋਂ ਉਹਨਾਂ ਨੂੰ ਉਹਨਾਂ ਦੀ ਪਾਰਟੀ ਤੇ ਉਹਨਾਂ ਦੇ ਪੁਰਖ਼ਿਆਂ ਵੱਲੋਂ ਸਿੱਖਾਂ ਖਿਲਾਫ ਚਲਾਈ ’ਅਪਰਾਧ ਭਰੀ ਨਫਰਤੀ ਮੁਹਿੰਮ’ ਬਾਰੇ ਪੁੱਛੇ ਸਵਾਲਾਂ ਦੇ ਦਿੱਤੇ ਜਵਾਬਾਂ ’ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸੀ ਆਗੂ ਨੇ ਜੋ ਸ਼ਬਦਾਵਲੀ ਵਰਤੀ, ਉਹ ਸਿੱਖਾਂ ਦੀਆਂ ਭਾਵਨਾਵਾਂ ਪ੍ਰਤੀ ਉਹਨਾਂ ਦੇ ਗੈਰ ਗੰਭੀਰ ਰਵੱਈਏ ਦਾ ਝਲਕਾਰਾ ਹੈ।
ਉਹਨਾਂ ਕਿਹਾ ਕਿ ਰਾਹੁਲ ਗਾਂਧੀ ਨੂੰ ਸਿੱਖਾਂ ਵੱਲੋਂ ਹਰ ਰੋਜ਼ ਪੁੱਛੇ ਜਾਂਦੇ ਮੌਲਿਕ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ। ਕਾਂਗਰਸੀ ਆਗੂ ਵੱਲੋਂ ਅੱਜ ਵੀ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਦੀ ਨਾ ਸਿਰਫ ਪੁਸ਼ਤ ਕੀਤੀ ਜਾ ਰਹੀ ਹੈ ਬਲਕਿ ਪਾਰਟੀ ਵਿਚ ਉਹਨਾਂ ਨੂੰ ਉੱਚੇ ਅਹੁਦੇ ਦਿੱਤੇ ਜਾ ਰਹੇ ਹਨ, ਅਜਿਹਾ ਕਿਉਂ ?
ਕੀ ਉਹ ਸੱਚਮੁੱਚ ਨਹੀਂ ਜਾਣਦੇ ਕਿ 1984 ਵਿਚ ਸਾਡੀ ਕੌਮ ਦੇ ਕਤਲੇਆਮ ਲਈ ਕੌਣ ਜ਼ਿੰਮੇਵਾਰ ਸੀ ? ਜਦੋਂ ਸਿੱਖਾਂ ਖਿਲਾਫ ਇਹ ਗੁਨਾਹ ਉਹਨਾਂ ਦੀ ਪਾਰਟੀ ਤੇ ਉਹਨਾਂ ਦੇ ਪੁਰਖ਼ਿਆਂ ਵੱਲੋਂ ਕੀਤੇ ਗਏ, ਉਸ ਵੇਲੇ ਉਹਨਾਂ ਦੇ ਨਾਬਾਲਗ ਹੋਣ ਦੇ ਦਾਅਵੇ ਬਾਰੇ ਉਹਨਾਂ ਕਿਹਾ ਕਿ ਸੱਚਮੁੱਚ ਉਹ ਨਾਬਾਲਗ ਸਨ ਪਰ ਹੁਣ ਉਹ 55 ਸਾਲਾਂ ਦੇ ਹਨ। ਉਹ ਪਿਛਲੇ 37 ਜਾਂ ਇਸ ਤੋਂ ਵੱਧ ਸਾਲਾਂ ਤੋਂ ਬਾਲਗ ਹਨ ਤਾਂ ਇੰਨੇ ਸਾਲ ਉਹ ਚੁੱਪ ਕਿਉਂ ਰਹੇ ?
ਉਹਨਾਂ ਨੂੰ ਆਪਣੇ ਪੁਰਖ਼ਿਆਂ ਤੇ ਉਹਨਾਂ ਦੇ ਸਾਥੀਆਂ ਵੱਲੋਂ ਸਿੱਖਾਂ ਖਿਲਾਫ ਕੀਤੇ ਗੁਨਾਹਾਂ ਬਾਰੇ ਗੱਲ ਕਰਨ ਨੂੰ ਇੰਨਾ ਸਮਾਂ ਕਿਉਂ ਲੱਗ ਗਿਆ ? ਹੁਣ ਵੀ ਉਹ ਜਦੋਂ ਗੱਲ ਕਰਦੇ ਹਨ ਤਾਂ ਉਹਨਾਂ ਵਿਚ ਦੋਸ਼ੀਆਂ ਦਾ ਨਾਂ ਲੈਣ ਦਾ ਹੌਂਸਲਾ ਨਹੀਂ ਹੁੰਦਾ ਤੇ ਉਹ ਸਿੱਖਾਂ ਤੋਂ ਮੁਆਫੀ ਮੰਗਣ ਲਈ ਇਕ ਸ਼ਬਦ ਵੀ ਨਹੀਂ ਉਚਰਦੇ। ਅਜਿਹਾ ਕਿਉਂ ?
ਅਕਾਲੀ ਦਲ ਦੇ ਪ੍ਰਧਾਨ ਨੇ ਜਾਨਣਾ ਚਾਹਿਆ ਕਿ ਕੀ ਹਾਲੇ ਵੀ ਰਾਹੁਲ ਗਾਂਧੀ ਨੂੰ ਇਹ ਨਹੀਂ ਪਤਾ ਕਿ ਇਹ ਉਹਨਾਂ ਦੀ ਦਾਦੀ ਇੰਦਰਾ ਗਾਂਧੀ ਹੀ ਸੀ ਜਿਸਨੇ ਸੱਚਖੰਡ ਸ੍ਰੀ ਹਰਿਮੰਦਿਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਨ ਦੇ ਹੁਕਮ ਫੌਜ ਨੂੰ ਦਿੱਤੇ ਤਾਂ ਜੋ ਸਾਡੇ ਸਰਵਉਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਦਿੱਤਾ ਜਾਵੇ ?
ਅਕਾਲੀ ਆਗੂ ਨੇ ਕਿਹਾ ਕਿ ਕੀ ਕਾਂਗਰਸੀ ਆਗੂ ਮੰਨਣਗੇ ਕਿ ਨਵੰਬਰ 1984 ਵਿਚ ਸਿੱਖਾਂ ਦੇ ਕਤਲੇਆਮ ਵਿਚ ਉਹਨਾਂ ਦੇ ਪਿਤਾ ਰਾਜੀਵ ਗਾਂਧੀ ਦੀ ਹੀ ਕਾਤਲਾਨਾ ਭੂਮਿਕਾ ਸੀ ? ਅਤੇ ਉਹਨਾਂ ਨੇ ਹੀ ਜਦੋਂ ਇਕ ਵੱਡਾ ਰੁਖ਼ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ, ਵਰਗੇ ਬਿਆਨ ਨਾਲ ਇਸ ਕਤਲੇਆਮ ਨੂੰ ਵਾਜਬ ਠਹਿਰਾਇਆ ? ਕੀ ਇਸ ਨਾਲੋਂ ਵੀ ਬੇਰਹਿਮ ਕੋਈ ਹੋਰ ਹੋ ਸਕਦਾ ਹੈ ?
ਅਕਾਲੀ ਦਲ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਸ੍ਰੀ ਹਰਿਮੰਦਿਰ ਸਾਹਿਬ ਵਿਚ ਮੱਥਾ ਟੇਕਣ ਵਾਸਤੇ ਜਾਣ ਦੇ ਦਿੱਤੇ ਹਵਾਲਿਆਂ ਦਾ ਗੰਭੀਰ ਨੋਟਿਸ ਲਿਆ। ਉਹਨਾਂ ਕਿਹਾ ਕਿ ਕੀ ਤੁਸੀਂ ਸਾਡੇ ਇਸ ਪਵਿੱਤਰ ਅਸਥਾਨ ਦੇ ਦਰਸ਼ਨਾਂ ਵਾਸਤੇ ਜਾ ਕੇ ਸਾਡੇ ਜਾਂ ਸਾਡੇ ਅਸਥਾਨ ’ਤੇ ਕੋਈ ਅਹਿਸਾਨ ਕੀਤਾ ਹੈ ? ਉਹਨਾਂ ਕਿਹਾ ਕਿ ਕੀ ਸ੍ਰੀ ਹਰਿਮੰਦਿਰ ਸਾਹਿਬ ’ਤੇ ਫੌਜੀ ਹਮਲੇ ਤੋਂ ਬਾਅਦ ਇੰਦਰਾ ਗਾਂਧੀ ਸਮੇਤ ਅਪਰੇਸ਼ਨ ਬਲੂ ਸਟਾਰ ਨੂੰ ਸਿਰੇ ਚੜ੍ਹਾਉਣ ਵਾਲਿਆਂ ਵਿਚੋਂ ਕਿਸੇ ਨੇ ਵੀ ਸ੍ਰੀ ਹਰਿਮੰਦਿਰ ਸਾਹਿਬ ਮੱਥਾ ਟੇਕਿਆ। ਕੀ ਇਹ ਵੀ ਸਾਡੇ ਜਾਂ ਸਾਡੇ ਪਵਿੱਤਰ ਅਸਥਾਨ ’ਤੇ ਅਹਿਸਾਨ ਸੀ ?
ਸਰਦਾਰ ਬਾਦਲ ਨੇ ਰਾਹੁਲ ਗਾਂਧੀ ਨੂੰ ਆਖਿਆ ਕਿ ਉਹ ਆਪਣੇ ਪੁਰਖ਼ਿਆਂ ਅਤੇ ਪਾਰਟੀ ਦੇ ਮੌਜੂਦਾ ਸਾਥੀਆਂ ਵੱਲੋਂ ਨਿਰਦੋਸ਼ ਸਿੱਖਾਂ ’ਤੇ ਢਾਹੇ ਜ਼ੁਲਮਾਂ ਬਾਰੇ ਆਪਣੀ ਅੰਤਰ ਆਤਮਾ ਦੀ ਗੱਲ ਕਰਨ ਤੋਂ ਪਹਿਲਾਂ ਆਪਣੀ ਸਾਖ਼ ਬਣਾਉਣ।
ਰਾਹੁਲ ਗਾਂਧੀ ਪਹਿਲਾਂ ਸੱਜਣ ਕੁਮਾਰ, ਕਮਲਨਾਥ ਅਤੇ ਜਗਦੀਸ਼ ਟਾਈਟਲਰ ਨੂੰ ਆਪਣੀ ਪਾਰਟੀ ਵਿਚੋਂ ਬਾਹਰ ਕੱਢਣ। ਉਹਨਾਂ ਕਿਹਾ ਕਿ ਜਦੋਂ ਰਾਹੁਲ ਗਾਂਧੀ ਇਸ ਬਾਰੇ ਗੱਲ ਕਰ ਰਹੇ ਸਨ ਤਾਂ ਉਸ ਵੇਲੇ ਵੀ 1984 ਦੇ ਸਿੱਖ ਕਤਲੇਆਮ ਦੇ ਇਹ ਦੋਸ਼ੀ ਪਾਰਟੀ ਵਿਚ ਸੱਤਾ ਤੇ ਮਾਣ ਸਤਿਕਾਰ ਹੰਢਾ ਰਹੇ ਸਨ, ਜਿਸ ਤੋਂ ਸਪਸ਼ਟ ਹੈ ਕਿ ਉਹ ਆਪਣੇ ਸ਼ਬਦਾਂ ਪ੍ਰਤੀ ਕਿੰਨੇ ਸੰਜੀਦਾ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੇ ਮਗਰਮੱਛ ਦੇ ਹੰਝੂਆਂ ਨਾਲ ਜਾਂ ਖੋਖਲੇ ਸ਼ਬਦਾਂ, ਸਿਆਸੀ ਚੁਸਤ ਚਲਾਕੀਆਂ ਤੇ ਡਰਾਮੇਬਾਜ਼ੀਆਂ ਨਾਲ ਸਿੱਖਾਂ ਨੂੰ ਮੂਰਖ ਨਹੀਂ ਬਣਾ ਸਕਦੇ।