Canada : ਰਿਪੁਦਮਨ ਮਲਿਕ ਦੇ ਕਾਤਲ ਨੂੰ ਉਮਰ ਕੈਦ
ਬ੍ਰਿਟਿਸ਼ ਕੋਲੰਬੀਆ: ਕੈਨੇਡਾ ਦੇ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦੇ ਕਤਲ ਕੇਸ ਵਿੱਚ 26 ਸਾਲਾ ਭਾੜੇ ਦੇ ਕਾਤਲ ਹੋਸੇ ਲੁਪੇਜ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ, 20 ਸਾਲ ਤੱਕ ਜ਼ਮਾਨਤ ਨਹੀਂ ਮਿਲੇਗੀ।
ਅੱਜ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦੀ ਅਦਾਲਤ ਨੇ 14 ਜੁਲਾਈ 2022 ਨੂੰ ਹੋਈ ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਮਾਮਲੇ ਵਿੱਚ ਭਾੜੇ ਦੇ ਕਾਤਲ ਐਬਸਫੋਰਡ ਵਾਸੀ 26 ਸਾਲਾ ਹੋਸੇ ਲੁਪੇਜ਼ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। 20 ਸਾਲ ਤੱਕ ਉਸਨੂੰ ਜ਼ਮਾਨਤ ਨਹੀਂ ਮਿਲੇਗੀ।
ਇਸ ਮਾਮਲੇ ਵਿੱਚ ਪਹਿਲਾਂ ਹੀ 24 ਸਾਲਾ ਟੈਨਰ ਫੋਕਸ ਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ। ਹੋਸੇ ਲੁਪੇਜ਼ ਨੇ ਅਦਾਲਤ ਵਿੱਚ ਦੋਸ਼ ਕਬੂਲ ਕਰ ਲਿਆ ਸੀ।
ਪਰਿਵਾਰ ਦੀ ਇਨਸਾਫ਼ ਲਈ ਮੰਗ
ਅਦਾਲਤ 'ਚ ਮੌਜੂਦ ਭਾਈ ਮਲਿਕ ਦੀ ਨੂੰਹ ਬੀਬੀ ਸੰਦੀਪ ਕੌਰ ਧਾਲੀਵਾਲ ਨੇ ਦੋਸ਼ੀ ਤੋਂ ਪੁੱਛਿਆ ਕਿ ਕਿਹੜੀਆਂ ਤਾਕਤਾਂ ਨੇ ਉਸਨੂੰ ਸੁਪਾਰੀ ਦਿੱਤੀ। ਸੰਦੀਪ ਕੌਰ ਨੇ ਕਿਹਾ ਕਿ ਉਹ ਇਨਸਾਫ਼ ਦੀ ਉਮੀਦ ਰੱਖਦੇ ਹਨ ਤੇ ਕਤਲ ਪਿੱਛੇ ਸ਼ਾਮਲ ਤਾਕਤਾਂ ਨੂੰ ਬੇਨਕਾਬ ਕਰਨ ਦੀ ਮੰਗ ਕਰਦੇ ਹਨ।
ਮਰਹੂਮ ਰਿਪੁਦਮਨ ਸਿੰਘ ਮਲਿਕ ਦੀ ਧੀ, ਕੀਰਤ ਕੌਰ ਮਲਿਕ ਨੇ ਕਿਹਾ ਕਿ ਉਹਦੇ ਪਿਤਾ ਨੇ ਆਪਣੀ ਜ਼ਿੰਦਗੀ ਸਿੱਖੀ ਦੇ ਪ੍ਰਚਾਰ ਅਤੇ ਭਾਈਚਾਰੇ ਦੀ ਭਲਾਈ ਲਈ ਸਮਰਪਿਤ ਕਰ ਦਿੱਤੀ।
ਰਿਪੁਦਮਨ ਮਲਿਕ ਦੇ ਪੁੱਤਰ ਵਕੀਲ ਜਸਪ੍ਰੀਤ ਸਿੰਘ ਮਲਿਕ ਨੇ ਪਹਿਲੇ ਕਾਤਲ ਦੀ ਸਜ਼ਾ ਮੌਕੇ ਕਿਹਾ ਕਿ ਇਹ ਸੱਚ ਸਾਹਮਣੇ ਆਉਣਾ ਚਾਹੀਦਾ ਹੈ ਕਿ ਕਿਹੜੀਆਂ ਤਾਕਤਾਂ ਨੇ ਭਾੜੇ ਦੇ ਕਾਤਲ ਵਰਤੇ।
ਭਾਰਤੀ ਸਰਕਾਰ 'ਤੇ ਸ਼ੱਕ
2024 ਮਈ ਵਿੱਚ, CBC ਦੀ ਇਕ ਰਿਪੋਰਟ ਅਨੁਸਾਰ RCMP (ਰੌਯਲ ਕੈਨੇਡੀਅਨ ਮਾਊਂਟਿਡ ਪੁਲਿਸ) ਭਾਰਤੀ ਸਰਕਾਰ ਅਤੇ ਕਾਤਲਾਂ ਵਿਚਕਾਰ ਸੰਬੰਧਾਂ ਦੀ ਜਾਂਚ ਕਰ ਰਹੀ ਸੀ।
ਜਸਪ੍ਰੀਤ ਸਿੰਘ ਨੇ ਕਿਹਾ ਕਿ ਭਾੜੇ ਦੇ ਕਾਤਲ ਨੂੰ ਇਹ ਸੱਚ RCMP ਨੂੰ ਦੱਸਣਾ ਚਾਹੀਦਾ ਹੈ ਕਿ ਕਿਸ ਨੇ ਸੁਪਾਰੀ ਦਿੱਤੀ।
ਭਾਈ ਹਰਦੀਪ ਸਿੰਘ ਨਿਝਰ ਦੀ ਹੱਤਿਆ ਅਤੇ ਭਾਰਤ 'ਤੇ ਦੋਸ਼
ਰਿਪੁਦਮਨ ਸਿੰਘ ਮਲਿਕ ਦੀ ਹੱਤਿਆ ਮਗਰੋਂ, ਭਾਰਤੀ ਮੀਡੀਆ ਨੇ ਦਾਅਵਾ ਕੀਤਾ ਕਿ ਇਹ ਖਾਲਿਸਤਾਨੀ ਆਗੂ ਭਾਈ ਹਰਦੀਪ ਸਿੰਘ ਨਿਝਰ ਦੀ ਸਾਜ਼ਿਸ਼ ਸੀ।
18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿਝਰ ਨੂੰ ਵੀ ਗੁਰੂ ਨਾਨਕ ਗੁਰਦੁਆਰਾ, ਸਰੀ (ਡੈਲਟਾ) ਵਿਖੇ ਭਾੜੇ ਦੇ ਕਾਤਲਾਂ ਰਾਹੀਂ ਹੱਤਿਆ ਕਰ ਦਿੱਤਾ ਗਿਆ।
ਕੈਨੇਡਾ ਦੀ ਪਾਰਲੀਮੈਂਟ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤੀ ਸਰਕਾਰ ਦੀ ਏਜੰਟਾਂ 'ਤੇ ਸਿੱਧਾ ਦੋਸ਼ ਲਾਇਆ ਕਿ ਇਹ ਹੱਤਿਆ ਭਾਰਤੀ ਏਜੰਟਾਂ ਦੀ ਸਾਜ਼ਿਸ਼ ਹੈ।
ਕੈਨੇਡਾ ਵੱਸਦੇ ਸਿੱਖ ਭਾਈਚਾਰੇ ਨੂੰ ਉਮੀਦ ਹੈ ਕਿ ਇਹਨਾਂ ਕਤਲਾਂ ਪਿੱਛੇ ਤਾਕਤਾਂ ਨੂੰ ਬੇਨਕਾਬ ਕੀਤਾ ਜਾਵੇਗਾ।