ਐਸਡੀਐਮ ਜੈਤੋ ਵਲੋਂ ਅਧਿਕਾਰੀਆਂ ਨਾਲ ਪਿੰਡ ਚੰਦ ਭਾਨ ਦਾ ਦੌਰਾ: ਅਮਨ ਸ਼ਾਂਤੀ ਤੇ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਕੀਤੀ ਅਪੀਲ
- ਪਿੰਡ ਵਾਸੀਆਂ ਨੂੰ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਾ ਬਣਾ ਕੇ ਰੱਖਣ ਦੀ ਅਪੀਲ - ਐਸਡੀਐਮ ਸੂਰਜ ਕੁਮਾਰ
- ਪ੍ਰਸ਼ਾਸਨ ਵੱਲੋਂ ਨੁਕਸਾਨ ਦਾ ਯੋਗ ਮੁਆਵਜ਼ਾ ਦਿੱਤਾ ਜਾਵੇਗਾ
ਮਨਜੀਤ ਸਿੰਘ ਢੱਲਾ
ਜੈਤੋਂ, 11 ਫਰਵਰੀ 2025 - ਡਿਪਟੀ ਕਮਿਸ਼ਨਰ ਫਰੀਦਕੋਟ ਵਿਨੀਤ ਕੁਮਾਰ ਦੇ ਆਦੇਸ਼ਾਂ ਤਹਿਤ ਐਸਡੀਐਮ ਜੈਤੋ ਸ੍ਰੀ ਸੂਰਜ ਕੁਮਾਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅੱਜ ਪਿੰਡ ਚੰਦਭਾਨ ਦਾ ਦੌਰਾ ਕੀਤਾ ਗਿਆ ।
ਇਸ ਮੌਕੇ ਐਸਡੀਐਮ ਸ੍ਰੀ ਸੂਰਜ ਕੁਮਾਰ ਨੇ ਸਮੂਹ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕੀ ਉਹ ਪਿੰਡ ਵਿੱਚ ਅਮਨ -ਸ਼ਾਂਤੀ ਤੇ ਆਪਸੀ ਭਾਈਚਾਰਾ ਬਣਾ ਕੇ ਰੱਖਣ ।ਉਹਨਾਂ ਬੀਤੇ ਦਿਨ ਪਿੰਡ ਵਿੱਚ ਦੋ ਗੁੱਟਾਂ ਵਿੱਚ ਹੋਈ ਘਟਨਾ ਤੇ ਅਫਸੋਸ ਪ੍ਰਗਟ ਕੀਤਾ । ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਨ੍ਹਾਂ-ਜਿਨ੍ਹਾਂ ਵੀ ਘਰਾਂ ਜਾਂ ਹੋਰ ਜਾਇਦਾਦ ਦਾ ਨੁਕਸਾਨ ਹੋਇਆ ਹੈ ਉਸ ਦਾ ਅਨੁਮਾਨ ਲਗਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇਗਾ । ਉਹਨਾਂ ਦੱਸਿਆ ਕਿ ਅੱਜ ਉਹਨਾਂ ਦੇ ਨਾਲ ਸ੍ਰੀ ਹਰਪਾਲ ਸਿੰਘ ਤਹਿਸੀਲਦਾਰ ਜੈਤੋਂ ,ਸ਼੍ਰੀ ਜਲੋਰ ਸਿੰਘ ਬੀਡੀਪੀਓ ਜੈਤੋਂ ਅਤੇ ਮਹਿੰਦਰ ਸਿੰਘ ਐਸ ਡੀ ਓ ਪੰਚਾਇਤੀ ਰਾਜ ਫਰੀਦਕੋਟ ਸਮੇਤ ਹੋਰ ਅਧਿਕਾਰੀਆਂ ਨੇ ਪਿੰਡ ਵਿੱਚ ਮੌਕੇ ਦਾ ਜਾਇਜ਼ਾ ਲਿਆ ਅਤੇ ਉਹਨਾਂ ਦੇ ਹੋਏ ਨੁਕਸਾਨ ਲਈ ਅਧਿਕਾਰੀਆਂ ਨੂੰ ਅਨੁਮਾਨ ਲਗਾਉਣ ਦੀ ਹਦਾਇਤ ਵੀ ਕੀਤੀ ।
ਉਹਨਾਂ ਕਿਹਾ ਕਿ ਪਿਛਲੇ ਦਿਨੀ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਦਾ ਸਾਨੂੰ ਅਫਸੋਸ ਹੈ । ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਤਰਾਂ ਪਿੰਡ ਵਾਸੀਆਂ ਦੇ ਨਾਲ ਹੈ ਤੇ ਉਨ੍ਹਾਂ ਦੀ ਜਾਨ ਅਤੇ ਮਾਲ ਦੀ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਮੁੜ ਅਪੀਲ ਕੀਤੀ ਕਿ ਉਹ ਪਿੰਡ ਵਿੱਚ ਅਮਨ -ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾ ਕੇ ਰੱਖਣ।